ਮੌਤ ਦੇ ਜ਼ਿੰਮੇਵਾਰ ਡਾਕਟਰਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ
ਗੁਰਦਾਸਪੁਰ 29 ਜੂਨ 2022 (ਮੰਨਣ ਸੈਣੀ)। ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਗੁਰਦਾਸਪੁਰ ਅਤੇ ਡੀ ਟੀ ਐਫ ਪੰਜਾਬ ਵਲੋਂ ਸਾਂਝੇ ਤੌਰ ਤੇ ਬਿਆਨ ਜਾਰੀ ਕਰਦਿਆਂ ਜ਼ਿਲ੍ਹਾ ਗੁਰਦਾਸਪੁਰ ਦੇ ਕਿਸਾਨ ਆਗੂ ਅਜੀਤ ਸਿੰਘ ਬੇਟੀ ਦੀ ਭਾਟੀਆ ਹਸਪਤਾਲ ਵਿਖੇ ਡਾਕਟਰਾਂ ਦੀ ਅਣਗਹਿਲੀ ਕਾਰਨ ਹੋਈ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਹਰਜਿੰਦਰ ਸਿੰਘ ਵਡਾਲਾ ਬਾਂਗਰ, ਅਮਰਜੀਤ ਸ਼ਾਸਤਰੀ, ਬਲਵਿੰਦਰ ਕੌਰ ਰਾਵਲਪਿੰਡੀ ਨੇ ਕਿਹਾ ਕਿ ਪਰਿਮਲਦੀਪ ਕੌਰ ਜੋ ਪਾਹੜਾ ਪਿੰਡ ਵਿਖੇ ਅਧਿਆਪਕਾ ਲੱਗੀ ਹੋਈ ਸੀ ਨੂੰ 28 ਮਈ ਨੂੰ ਡਾ ਭਾਟੀਆ (ਯੋਧ ਸਿੰਘ) ਦੇ ਹਸਪਤਾਲ ਵਿਖੇ ਪਿੱਤੇ ਦੀ ਪੱਥਰੀ ਲਈ ਦਾਖ਼ਲ ਕਰਾਇਆ ਗਿਆ ਸੀ । ਜਿੱਥੇ ਡਾਕਟਰਾਂ ਦੀ ਘੋਰ ਅਣਗਹਿਲੀ ਕਾਰਨ ਉਸਦੀ ਮੌਤ ਹੋ ਗਈ।
ਬਿਆਨ ਵਿੱਚ ਕਿਹਾ ਗਿਆ ਕਿ ਡਾ ਜੋਧ ਸਿੰਘ ਭਾਟੀਆ ਨੇ ਆਪ ਮੰਨਿਆ ਹੈ ਕਿ ਉਨ੍ਹਾਂ ਨੇ ਐਨਾਥੀਸੀਅਸ ਡਾਕਟਰ ਨੂੰ ਨਹੀਂ ਬੁਲਾਇਆ ਸੀ ਅਤੇ ਆਪ ਹੀ ਅਨੈਸਥੀਸੀਆ ਲਾਇਆ ਸੀ । ਕਾਨੂੰਨ ਮੁਤਾਬਕ ਸਿਰਫ਼ ਐਨਾਥੀਸੀਅਸ ਦੇ ਮਾਹਿਰ ਡਾਕਟਰ ਹੀ ਇਹ ਟੀਕਾ ਲਗਾ ਸਕਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਤਿੱਨ ਚਾਰ ਹਜਾਰ ਦੇ ਲਾਲਚ ਪਿੱਛੇ ਇਸ ਬੇਟੀ ਦੀ ਮੌਤ ਦਾ ਕਾਰਨ ਬਣਿਆ ਹੈ ।
ਉਹਨਾਂ ਕਿਹਾ ਕਿ ਮੌਤ ਦਾ ਪਤਾ ਲੱਗਣ ਤੇ ਕੱਲ੍ਹ ਜਦ ਜਮੂਹਰੀ ਕਿਸਾਨ ਸਭਾ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਸਮੇਤ ਵੱਡੀ ਗਿਣਤੀ ਵਿਚ ਲੋਕ ਉਥੇ ਹਸਪਤਾਲ ਸਾਹਮਣੇ ਇਕੱਤਰ ਹੋਏ ਅਤੇ ਹਾਈਵੇ ਜਾਮ ਕਰਨ ਦੀ ਵਿਉਂਤ ਬਣਾਈ ਤਾਂ ਜਾ ਕੇ ਪੁਲੀਸ 304 ਧਾਰਾ ਲਗਾਉਣ ਲਈ ਸਹਿਮਤ ਹੋਈ। ਅਨੇਕ ਚੰਦ ਪਾਹੜਾ, ਪ੍ਰਿੰਸੀਪਲ ਅਮਰਜੀਤ ਸਿੰਘ ਮਨੀ ਨੇ ਡਾਕਟਰਾਂ ਦੀ ਅਣਗਹਿਲੀ ਅਤੇ ਪੁਲੀਸ ਦੇ ਕਿਰਦਾਰ ਦੀ ਘੋਰ ਨਿੰਦਾ ਕੀਤੀ ਹੈ ਅਤੇ ਅਜੀਤ ਸਿੰਘ ਹੁੰਦਲ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਥੇਬੰਦੀਆਂ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਅਗਰ ਢੁੱਕਵੀਂ ਕਾਰਵਾਈ ਨਾ ਹੋਈ ਤਾਂ ਇਸ ਦੇ ਖ਼ਿਲਾਫ਼ ਵੱਡਾ ਐਕਸ਼ਨ ਕੀਤਾ ਜਾਵੇਗਾ ।