ਗੁਰਦਾਸਪੁਰ, 15 ਜੂਨ 2022 (ਮੰਨਣ ਸੈਣੀ)। ਥਾਣਾ ਧਾਰੀਵਾਲ ਦੀ ਪੁਲਸ ਨੇ ਨਾਕਾਬੰਦੀ ਦੌਰਾਨ 2 ਕਾਰ ਸਵਾਰਾਂ ਨੂੰ 1 ਕਿਲੋ 7 ਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਵਿੱਚ ਇੱਕ ਦੋਸ਼ੀ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦਾ ਪੁੱਤਰ ਹੈ।
ਇਸ ਸੰਬੰਧੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸਵਿਫਟ ਕਾਰ ਤੇ ਕੋਈ ਵਿਅਕਤੀ ਨਸ਼ਾ ਲੈ ਕੇ ਖੁੱਡਾ ਭੁੰਬਲੀ ਰੋਡ ਤੋਂ ਧਾਰੀਵਾਲ ਸਾਈਡ ਵੱਲ ਆ ਰਿਹਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮੁਲਾਜ਼ਮਾਂ ਦੇ ਨਾਲ ਖੁੰਡਾ ਹਾਈਵੇ ਬਾਈਪਾਸ ਨੇੜੇ ਟੀ ਪੁਆਇੰਟ ਮਾਲੀ ਸਰਾਏ ਵਿਖੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ | ਕੁਝ ਸਮੇਂ ਬਾਅਦ ਉਕਤ ਕਾਰ ਖੁੰਡਾ ਰੋਡ ਤੋਂ ਆਈ। ਉਸਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਪਰ ਡਰਾਈਵਰ ਨੇ ਪੁਲਸ ਪਾਰਟੀ ਨੂੰ ਦੇਖ ਕੇ ਤੇਜ਼ ਰਫਤਾਰ ਨਾਲ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਕਾਰ ਚਾਲਕ ਨੂੰ ਕਾਬੂ ਕਰ ਲਿਆ। ਉ
ਉਕਤ ਦਾ ਨਾਮ ਪੁੱਛਣ ਤੇ ਡਰਾਈਵਰ ਨੇ ਆਪਣਾ ਨਾਂਅ ਜਮਾਲਜੀਤ ਸਿੰਘ ਉਰਫ਼ ਜੈਮਲ ਪੁੱਤਰ ਅਮਰ ਸਿੰਘ ਚਮਕੀਲਾ ਵਾਸੀ ਜਮਾਲਪੁਰ ਪੀ.ਐੱਚ.ਬੀ ਕਾਲੋਨੀ ਵਾਰਡ ਨੰ: 21 ਲੁਧਿਆਣਾ ਦੱਸਿਆ ਅਤੇ ਡਰਾਈਵਰ ਸੀਟ ‘ਤੇ ਬੈਠੇ ਵਿਅਕਤੀ ਨੇ ਰਾਜ ਕੁਮਾਰ ਉਰਫ਼ ਛਿੰਦਾ ਪੁੱਤਰ ਸੁਭਾਸ਼ ਚੰਦਰ ਵਾਸੀ ਗਲੀ ਨੰ: 10 , ਕ੍ਰਿਸ਼ਨਾ ਪੁਰੀ, ਤਿਲਕ ਨਗਰ ਪੱਛਮੀ ਦਿੱਲੀ ਦੱਸਿਆ। ਉਨ੍ਹਾਂ ਕਿਹਾ ਕਿ ਕਾਰ ਦੀ ਤਲਾਸ਼ੀ ਦੌਰਾਨ ਕਾਰ ਦੇ ਡੈਸ਼ਬੋਰਡ ਤੋਂ ਇਕ ਲਿਫਾਫਾ ਬਰਾਮਦ ਹੋਇਆ। ਜਿਸ ਦੀ ਚੈਕਿੰਗ ਕੀਤੀ ਗਈ ਤਾਂ ਉਸ ਵਿੱਚੋਂ ਇੱਕ ਕਿਲੋ 7 ਗ੍ਰਾਮ ਅਫੀਮ ਬਰਾਮਦ ਹੋਈ।