ਚੰਡੀਗੜ੍ਹ/ਟੋਰਾਂਟੋ, 26 ਮਈ (ਦ ਪੰਜਾਬ ਵਾਇਰ) : ਅਰਵਿੰਦ ਭਾਰਦਵਾਜ ਨੂੰ ਇੰਡੋ-ਕੈਨੇਡਾ ਚੈਂਬਰ ਆਫ ਕਾਮਰਸ ਦਾ 35ਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਭਾਵਿਕ ਪਾਰਿਖ ਨੂੰ ਇਸਦਾ ਕਾਰਪੋਰੇਟ ਸਕੱਤਰ ਬਣਾਇਆ ਗਿਆ ਹੈ। ਇਹ ਨਿਯੁਕਤੀਆਂ ਹਾਲ ਹੀ ਵਿੱਚ ਚੈਂਬਰ ਦੇ ਬੋਰਡ ਦੀ ਹੋਈ ਮੀਟਿੰਗ ਦੌਰਾਨ ਕੀਤੀਆਂ ਗਈਆਂ।
ਅਰਵਿੰਦ ਭਾਰਦਵਾਜ ਗੋ ਬ੍ਰਾਂਡ ਕਮਿਊਨੀਕੇਸ਼ਨਜ਼ ਦੇ ਸੀ.ਈ.ਓ. ਹਨ। ਉਹ ਇੰਡੋ-ਕੈਨੇਡਾ ਚੈਂਬਰ ਆਫ ਕਾਮਰਸ ਦੇ ਸਾਬਕਾ ਉਪ ਪ੍ਰਧਾਨ ਅਤੇ ਡਾਇਰੈਕਟਰ ਹਨ। ਅਰਵਿੰਦ ਦਾ ਇੱਕ ਸੇਲਜ਼ ਅਤੇ ਮਾਰਕੀਟਿੰਗ ਪ੍ਰੋਫੈਸ਼ਨਲ ਵਜੋਂ ਮੀਡੀਆ ਅਤੇ ਰਿਟੇਲ ਸੇਲਜ਼ ਵਿੱਚ ਪਿਛਲੇ ਦੋ ਦਹਾਕਿਆਂ ਵਿੱਚ ਚੰਗਾ ਟਰੈਕ ਰਿਕਾਰਡ ਹੈ। ਉਹ ਮਨੁੱਖੀ ਵਸੀਲਿਆਂ, ਹੁਨਰਮੰਦ ਟੀਮ ਦੇ ਗਠਨ ਅਤੇ ਮੀਡੀਆ ਸੇਲਜ ਤੇ ਪ੍ਰਚੂਨ ਵਿਕਰੀ ਵਿੱਚ ਸਿਖਲਾਈ ਦੇਣ ਅਤੇ ਸੰਚਾਲਨ ਵਿੱਚ ਮੁਹਾਰਤ ਰੱਖਦੇ ਹਨ।
ਜਦੋਂ ਕਿ ਭਾਵਿਤ ਪਾਰਿਖ ਇੱਕ ਨਵੀਨਤਾਕਾਰੀ ਟੈਕਨਾਲੋਜਿਸਟ, ਡੇਟਾ ਆਰਕੀਟੈਕਟ ਅਤੇ ਖੋਜਕਰਤਾ ਹਨ, ਜਿਨ੍ਹਾਂ ਨੇ ਕਈ ਫਾਰਚੂਨ 500 ਕੰਪਨੀਆਂ ਨਾਲ ਕੰਮ ਕੀਤਾ ਹੈ ਅਤੇ B2C, B2B ਅਤੇ B2G ਸਹੂਲਤਾਂ ਪ੍ਰਦਾਨ ਕੀਤੀਆਂ ਹਨ। ਉਹ ਕੈਨੇਡਾ, ਅਮਰੀਕਾ ਅਤੇ ਭਾਰਤ ਵਿੱਚ ਕਈ ਗੈਰ-ਲਾਭਕਾਰੀ ਬੋਰਡਾਂ ਵਿੱਚ ਸੇਵਾ ਕਰਦੇ ਹਨ। ਉਨ੍ਹਾਂ ਨੇ ਮਨੁੱਖੀ ਸਰੋਤ, ਵਿੱਤ, ਸਪੇਸ, ਸਿਹਤ, ਫਾਰਮਾਸਿਊਟੀਕਲ ਅਤੇ ਸਿੱਖਿਆ ਸਮੇਤ ਕਈ ਕਾਰੋਬਾਰਾਂ ਵਿੱਚ ਕੰਮ ਕੀਤਾ ਹੈ।
ਇੰਡੋ-ਕੈਨੇਡਾ ਚੈਂਬਰ ਆਫ਼ ਕਾਮਰਸ ਇੱਕ 40 ਸਾਲ ਪੁਰਾਣੀ (1970 ਵਿੱਚ ਸਥਾਪਿਤ) ਟੋਰਾਂਟੋ-ਅਧਾਰਤ ਦੁਵੱਲੇ ਵਪਾਰ ਨੂੰ ਉਤਸ਼ਾਹਿਤ ਕਰਨ ਵਾਲੀ ਸੰਸਥਾ ਹੈ, ਜੋ ਕੈਨੇਡਾ ਅਤੇ ਭਾਰਤ ਦਰਮਿਆਨ ਆਰਥਿਕ ਅਤੇ ਵਪਾਰਕ ਸਬੰਧਾਂ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਕੈਨੇਡੀਅਨ ਛੋਟੇ ਕਾਰੋਬਾਰੀਆਂ ਲਈ ਵਪਾਰਕ ਮੌਕੇ ਪੈਦਾ ਕਰਦੀ ਹੈ।
ਇਹ ਇੱਕ ਗੈਰ-ਲਾਭਕਾਰੀ, ਨਿਰਪੱਖ ਸੰਸਥਾ ਹੈ। ਇਸਦੇ ਪ੍ਰੋਗਰਾਮ ਅਤੇ ਨੀਤੀਆਂ ਵਿਅਕਤੀਗਤ ਯਤਨਾਂ ਨੂੰ ਉਤਸ਼ਾਹਿਤ ਕਰਦੇ ਹਨ, ਜਿਸ ਵਿੱਚ ਮੈਂਬਰਾਂ ਨੂੰ ਕੈਨੇਡਾ ਦੇ ਆਰਥਿਕ, ਸੱਭਿਆਚਾਰਕ ਅਤੇ ਸਮਾਜਿਕ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰਨਾ ਸ਼ਾਮਲ ਹੈ।