ਨਸ਼ਾ ਪੀੜਤ ਵਿਅਕਤੀ ਦਾ ਇਲਾਜ ਸੰਭਵ, 62391-39973 ’ਤੇ ਕੇਵਲ ਵਟਸਐਪ ਰਾਹੀਂ ਭੇਜੋ ਮੈਸੇਜ
ਬਟਾਲਾ, 24 ਮਈ ( ਮੰਨਣ ਸੈਣੀ) । ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਛੁਡਾਊ ਮੁਹਿੰਮ ਵਿੱਚ ਆਪਣਾ ਸਾਥ ਦੇਣ ਤਾਂ ਜੋ ਨਸ਼ੇ ਦੀ ਲਾਹਨਤ ਨੂੰ ਮੁੱਢ ਤੋਂ ਖਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬੀ ਇੱਕ ਬਹਾਦਰ ਕੌਮ ਹੈ ਅਤੇ ਪੰਜਾਬੀਆਂ ਨੇ ਚਣੌਤੀ ਦਾ ਬਹਾਦਰੀ ਨਾਲ ਟਾਕਰਾ ਕਰਕੇ ਫ਼ਤਹਿ ਹਾਸਲ ਕੀਤੀ ਹੈ। ਇਸ ਲਈ ਹੁਣ ਵੀ ਪੰਜਾਬੀਆਂ ਨੂੰ ਨਸ਼ੇ ਦੇ ਤਸਕਰਾਂ ਵਿਰੁੱਧ ਲਾਮਬੱਧ ਹੋਣਾ ਚਾਹੀਦਾ ਹੈ ਤਾਂ ਜੋ ਸਾਡੀ ਜਵਾਨੀ ਨਸ਼ਿਆਂ ਦੀ ਦਲ-ਦਲ ਫਸਣ ਤੋਂ ਬਚ ਸਕੇ। ਉਨ੍ਹਾਂ ਕਿਹਾ ਕਿ ਨਸ਼ਾ ਇੱਕ ਸਮਾਜਿਕ ਬੁਰਾਈ ਹੈ ਅਤੇ ਸਮਾਜ ਦੇ ਹਰ ਵਰਗ ਦੇ ਸਹਿਯੋਗ ਨਾਲ ਇਸਨੂੰ ਅਸਾਨੀ ਨਾਲ ਖਤਮ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਸ਼ਾ ਇੱਕ ਬਿਮਾਰੀ ਹੈ ਅਤੇ ਸਹੀ ਇਲਾਜ ਨਾਲ ਇਸਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭੁੱਖ ਦਾ ਘੱਟ ਲੱਗਣਾ, ਭਾਰ ਘਟਣਾ, ਸਰੀਰ ਵਿਚ ਥਕਾਵਟ ਦਾ ਹੋਣਾ, ਭਿਆਨਕ ਖੰਘ ਹੋਣਾ, ਪਸੀਨਾ ਹੱਦੋਂ ਵੱਧ ਆਉਣਾ, ਉਲਟੀਆਂ ਆਉਣੀਆਂ, ਬਾਥਰੂਮ ਵਿਚ ਜ਼ਿਆਦਾ ਸਮਾਂ ਲੱਗਣਾ, ਕਬਜ਼ ਦਾ ਹੋਣਾ ਤੇ ਹੱਥਾਂ ਬਾਹਾਂ ਤੇ ਸੂਈਆਂ ਦੇ ਨਿਸ਼ਾਨ ਪਾਏ ਜਾਣੇ ਨਸ਼ੇ ਦੇ ਪੀੜ੍ਹਤ ਦੇ ਲੱਛਣ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਨਸ਼ਾ ਪੀੜਤਾਂ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਵਿੱਚ ਨਸ਼ਾ ਛੁਡਾਊ ਕੇਂਦਰ ਚਲਾਏ ਜਾ ਰਹੇ ਹਨ ਜਿਥੇ ਨਸ਼ੇ ਦੇ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਕਿਸੇ ਦੀ ਜਾਣ-ਪਛਾਣ ਵਿਚ ਕੋਈ ਵਿਅਕਤੀ ਨਸ਼ੇ ਦੀ ਆਦਤ ਦਾ ਸ਼ਿਕਾਰ ਹੋ ਗਿਆ ਹੋਵੇ ਤਾਂ ਉਸਦੇ ਇਲਾਜ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਮੋਬਾਇਲ ਨੰਬਰ 62391-39973 ’ਤੇ ਕੇਵਲ ਵਟਸਐਪ ਰਾਹੀਂ ਮੈਸੇਜ ਭੇਜਿਆ ਜਾਵੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਰੀਜ ਨੂੰ ਘਰ ਬੈਠੇ ਮੈਡੀਕਲ ਸਹੂਲਤ ਉਪਲੱਬਧ ਕਰਵਾਈ ਜਾਵੇਗੀ ਅਤੇ ਉਸਦਾ ਸਾਰਾ ਇਲਾਜ ਮੁਫ਼ਤ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨੰਬਰ ’ਤੇ ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਵੀ ਦਿੱਤੀ ਜਾ ਸਕਦੀ ਹੈ ਅਤੇ ਸੂਚਨਾ ਦੇਣ ਵਾਲੇ ਦਾ ਨਾਮ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ।