Close

Recent Posts

ਪੰਜਾਬ

ਹਰਪਾਲ ਸਿੰਘ ਚੀਮਾ ਵੱਲੋਂ ਵੇਰਕਾ ਦੀ ਸ਼ੂਗਰ ਫਰੀ ਆਈਸ ਕਰੀਮ ਦੀ ਸ਼ੁਰੂਆਤ

ਹਰਪਾਲ ਸਿੰਘ ਚੀਮਾ ਵੱਲੋਂ ਵੇਰਕਾ ਦੀ ਸ਼ੂਗਰ ਫਰੀ ਆਈਸ ਕਰੀਮ ਦੀ ਸ਼ੁਰੂਆਤ
  • PublishedMay 24, 2022

ਫੈਮਲੀ ਪੈਕ ਵਿੱਚ ਅਫਗਾਨ ਡਰਾਈ ਫਰੂਟ ਅਤੇ ਅਮਰੀਕਨ ਨਟਸ ਵੀ ਵਿਕਰੀ ਲਈ ਪੇਸ਼

ਆਉਣ ਵਾਲੇ ਦਿਨਾਂ ‘ਚ ਵੇਰਕਾ ਵੱਲੋਂ ਰਬੜੀ ਕੁਲਫੀ ਵੀ ਕੀਤੀ ਜਾਵੇਗੀ ਲਾਂਚ

ਅਪ੍ਰੈਲ ਮਹੀਨੇ ਵਿਚ ਵੇਰਕਾ ਦੀ ਆਈਸ ਕਰੀਮ ਦੀ ਵਿਕਰੀ ਵਿਚ ਅਪ੍ਰੈਲ 2021 ਦੇ ਮੁਕਾਬਲੇ 94 ਪ੍ਰਤੀਸ਼ਤ ਦਾ ਵਾਧਾ ਦਰਜ

ਚੰਡੀਗੜ੍ਹ, 24 ਮਈ: ਲੋਕਾਂ ਦੀ ਭਾਰੀ ਮੰਗ ਨੂੰ ਵੇਖਦਿਆਂ ਮਿਲਕਫੈਡ ਦੇ ਕੌਮਾਂਤਰੀ ਪੱਧਰ `ਤੇ ਮਸ਼ਹੂਰ ਬ੍ਰਾਂਡ ਵੇਰਕਾ ਦੀ ਸ਼ੂਗਰ ਫ੍ਰੀ ਵਨੀਲਾ ਆਈਸਕ੍ਰੀਮ ਨੂੰ ਅੱਜ ਤੋਂ ਬਾਜ਼ਾਰ ਵਿਚ ਵਿਕਰੀ ਲਈ ਪੇਸ਼ ਕੀਤਾ ਗਿਆ ਹੈ। 80 ਮਿਲੀਲਿਟਰ ਦੇ ਕੱਪ ਦੀ ਕੀਮਤ 20 ਰੁਪਏ ਹੈ। ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ੂਗਰ ਫ੍ਰੀ ਵਨੀਲਾ ਆਈਸਕ੍ਰੀਮ ਤੋਂ ਇਲਾਵਾ ਫੈਮਲੀ ਪੈਕ ਵਿੱਚ ਅਫਗਾਨ ਡਰਾਈ ਫਰੂਟ ਅਤੇ ਅਮਰੀਕਨ ਨਟਸ ਦੇ 700 ਮਿਲੀਲਿਟਰ ਪੈਕਿੰਗ ਦੀ ਸ਼ੁਰੂਆਤ ਵੀ ਕੀਤੀ ਹੈ।

ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਮਿਲਕਫੈਡ ਦੀਆਂ ਪਿਛਲੇ ਵਿੱਤੀ ਸਾਲ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਮਿਲਕਫੈਡ ਆਉਣ ਵਾਲੇ ਸਮੇਂ ਵਿੱਚ ਵੀ ਉਨ੍ਹਾਂ ਦੀਆਂ ਉਮੀਦਾਂ ‘ਤੇ ਖਰਾ ਉਤਰਣ ਲਈ ਵਚਨਬੱਧ ਹੈ ਅਤੇ ਪੰਜਾਬ ਸਰਕਾਰ ਵੱਲੋਂ ਵੀ ਅਦਾਰੇ ਦੀ ਚੜ੍ਹਤ ਲਈ ਹਮਾਇਤ ਕੀਤੀ ਜਾ ਰਹੀ ਹੈ ।

ਜ਼ਿਕਰਯੋਗ ਹੈ ਕਿ ਵੇਰਕਾ ਆਈਸ ਕਰੀਮ ਦੀ ਵਿਕਰੀ ਵਿੱਚ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ 51 ਪ੍ਰਤੀਸ਼ਤ ਦਾ ਵਾਧਾ ਦਰਜ ਹੋਇਆ ਹੈ । ਸਿਰਫ ਅਪ੍ਰੈਲ ਦੇ ਮਹੀਨੇ ਵਿਚ ਹੀ ਵੇਰਕਾ ਦੀ ਆਈਸ ਕਰੀਮ ਦੀ ਵਿਕਰੀ ਵਿਚ ਅਪ੍ਰੈਲ 2021 ਦੇ ਮੁਕਾਬਲੇ 94 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ। ਵੇਰਕਾ ਅਧਿਕਾਰੀਆਂ ਨੂੰ ਉਮੀਦ ਹੈ ਕਿ ਮਈ 2022 ਵਿੱਚ ਆਈਸ ਕਰੀਮ ਦੀ ਵਿਕਰੀ ਵਿੱਚ 100 ਪ੍ਰਤੀਸ਼ਤ ਤੋਂ ਵੱਧ ਵਾਧਾ ਹੋਣ ਦੀ ਸੰਭਾਵਨਾ ਹੈ ।

ਇਸ ਮੌਕੇ ਵਿਸ਼ੇਸ ਮੁੱਖ ਸਕੱਤਰ (ਕੋਆਪਰੇਸ਼ਨ) ਰਵਨੀਤ ਕੌਰ ਨੇ ਦੱਸਿਆ ਕਿ ਮਿਲਕਫੈਡ ਦੇ ਸਾਰੇ ਮਿਲਕ ਪਲਾਟਾਂ ਦਾ ਆਧੁਨੀਕਰਨ ਕਰਕੇ ਦੁੱਧ ਉਤਪਾਦਾਂ ਦੀ ਗੁਣਵੱਤਾ ਵਿਚ ਵਾਧਾ ਕੀਤਾ ਜਾਵੇਗਾ । ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਵੱਲੋ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਨੂੰ ਸਰਵੋਤਮ ਸੇਵਾਵਾਂ ਦੇਣੀਆਂ ਯਕੀਨੀ ਬਣਾਈਆਂ ਜਾਣਗੀਆਂ।

ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਨੀਲਕੰਠ ਐਸ ਆਵ੍ਹਾਡ ਨੇ ਕਿਹਾ ਕਿ ਮਿਲਕਫੈਡ ਹੋਰ ਨਵੇਂ ਦੁੱਧ ਉਤਪਾਦ ਲਾਂਚ ਕਰਨ ਲਈ ਵਚਨਬੱਧ ਹੈ ਅਤੇ ਇਸ ਕੰਮ ਲਈ ਮਿਲਕਫੈਡ ਵੱਲੋਂ ਆਪਣੀ ਤਕਨੀਕੀ ਸਮਰੱਥਾ ਵਧਾਉਣ ਲਈ ਲੋੜੀਂਦੇ ਉਪਰਾਲੇ ਕੀਤੇ ਜਾ ਰਹੇ ਹਨ ।

ਮਿਲਕਫੈਡ ਦੇ ਮੈਨੇਜਿੰਗ ਡਾਇਰੈਕਟਰ ਕਮਲਦੀਪ ਸਿੰਘ ਸੰਘਾ ਨੇ ਜਾਣਕਾਰੀ ਦਿੱਤੀ ਕਿ ਵੇਰਕਾ ਨੇ ਇਸ ਤੋਂ ਪਹਿਲਾਂ ਰੀਅਲ ਫਰੂਟ ਦੀਆਂ ਚਾਰ ਕਿਸਮਾਂ ਪਿੰਕ ਗੁਆਵਾ, ਲੀਚੀ, ਸਟਰਾਬਰੀ ਅਤੇ ਮੈਂਗੋ ਦੀ ਸ਼ੁਰੂਆਤ ਕੀਤੀ ਹੈ। ਇਹ ਆਇਸ ਕਰੀਮ ਰੀਅਲ ਫਰੂਟ (ਅਸਲੀ ਫਲਾਂ) ਤੋਂ ਬਣਾਈ ਜਾਂਦੀ ਹੈ । ਉਨ੍ਹਾਂ ਕਿਹਾ ਕਿ ਵੇਰਕਾ ਦੇ ਗ੍ਰਾਹਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਆਉਣ ਵਾਲੇ ਦਿਨਾਂ ਵਿੱਚ ਵੇਰਕਾ ਵੱਲੋਂ ਰਬੜੀ ਕੁਲਫੀ ਵੀ ਲਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵੇਰਕਾ ਨੇ ਸਾਲ 2021-22 ਵਿੱਚ ਆਇਸ ਕਰੀਮ ਦੀ ਵਿਕਰੀ ਕਰਨ ਵਾਸਤੇ ਮਾਰਕੀਟ ਵਿੱਚ “ਫਰੀਜ਼ਰ ਆਨ ਵਹੀਲ” (ਆਈਸ ਕਰੀਮ ਵੇਚਣ ਵਾਲੀਆਂ ਸਾਈਕਲ ਰੇਹੜੀਆਂ) ਉਤਾਰੇ ਹਨ, ਜਿਨ੍ਹਾਂ ਨੂੰ ਗ੍ਰਾਹਕਾਂ ਵੱਲੋਂ ਬਹੁਤ ਜ਼ਿਆਦਾ ਹੁੰਗਾਰਾ ਮਿਲਿਆ ਹੈ ।

ਇਥੇ ਇਹ ਵੀ ਵਰਣਨਯੋਗ ਹੈ ਕਿ ਵੇਰਕਾ ਵੱਲੋਂ ਸਾਰੇ ਵੇਰਕਾ ਦੁੱਧ ਪਦਾਰਥਾਂ ਦੀ ਵਿਕਰੀ ਵਿੱਚ ਰਿਕਾਰਡ ਤੋੜ ਵਾਧਾ ਦਰਜ ਕੀਤਾ ਜਾ ਰਿਹਾ ਹੈ। ਵਿੱਤੀ ਸਾਲ 2021-22 ਦੌਰਾਨ ਮਿਲਕਫੈਡ ਨੇ ਸਾਲ 2020-21 ਦੇ ਮੁਕਾਬਲੇ ਪੈਕਟ ਵਾਲੇ ਦੁੱਧ ਵਿੱਚ 10 ਪ੍ਰਤੀਸ਼ਤ, ਦਹੀਂ ਵਿੱਚ 38 ਪ੍ਰਤੀਸ਼ਤ, ਲੱਸੀ ਵਿੱਚ 24 ਪ੍ਰਤੀਸ਼ਤ ਅਤੇ ਖੀਰ ਵਿੱਚ 30 ਪ੍ਰਤੀਸ਼ਤ ਸਾਲਾਨਾ ਵਾਧਾ ਦਰਜ ਕੀਤਾ ਹੈ । ਇਸ ਦੇ ਨਾਲ ਹੀ ਮਿਲਕਫੈਡ ਨੇ ਡੇਅਰੀ ਵਾਈਟਨਰ ਵਿੱਚ 82 ਪ੍ਰਤੀਸ਼ਤ, ਯੂਐਚਟੀ ਦੁੱਧ ਵਿੱਚ 31 ਪ੍ਰਤੀਸ਼ਤ, ਘਿਉ ਵਿੱਚ 14 ਪ੍ਰਤੀਸ਼ਤ, ਮਿੱਠੇ ਦੁੱਧ ਵਿੱਚ 39 ਪ੍ਰਤੀਸ਼ਤ ਅਤੇ ਲੱਸੀ ਵਿੱਚ ਵੀ 39 ਪ੍ਰਤੀਸ਼ਤ ਦਾ ਵਾਧਾ ਰਿਕਾਰਡ ਕੀਤਾ ਹੈ ।

ਇਸੇ ਤਰ੍ਹਾਂ ਮਿਲਕਫੈਡ ਨੇ ਸਿਰਫ ਇਕ ਮਹੀਨੇ ਵਿਚ ਹੀ ਯਾਨੀ ਕਿ ਅਪਰੈਲ 2022 ਦੌਰਾਨ ਅਪਰੈਲ 2021 ਦੀ ਵਿਕਰੀ ਨੂੰ ਪਿੱਛੇ ਛੱਡਦੇ ਹੋਏ ਨਵੇਂ ਮੀਲ ਪੱਥਰ ਦਰਜ ਕੀਤੇ ਹਨ। ਮਿਲਕਫੈਡ ਵਲੋਂ ਪੈਕਟ ਵਾਲੇ ਦੁੱਧ ਵਿੱਚ 6 ਪ੍ਰਤੀਸ਼ਤ, ਦਹੀਂ ਵਿੱਚ 54 ਪ੍ਰਤੀਸ਼ਤ, ਲੱਸੀ ਵਿੱਚ 113 ਪ੍ਰਤੀਸ਼ਤ, ਪਨੀਰ ਵਿੱਚ 20 ਪ੍ਰਤੀਸ਼ਤ, ਖੀਰ ਵਿੱਚ 38 ਪ੍ਰਤੀਸ਼ਤ, ਨਮਕੀਨ ਲੱਸੀ ਵਿੱਚ 158 ਪ੍ਰਤੀਸ਼ਤ, ਮਿੱਠੀ ਲੱਸੀ ਵਿੱਚ 113 ਪ੍ਰਤੀਸ਼ਤ, ਆਈਸ ਕਰੀਮ ਵਿੱਚ 94 ਪ੍ਰਤੀਸ਼ਤ, ਮੈਂਗੋ ਰਸੀਲਾ ਵਿੱਚ 73 ਪ੍ਰਤੀਸ਼ਤ, ਡੇਅਰੀ ਵਾਈਟਨਰ ਵਿੱਚ 50 ਪ੍ਰਤੀਸ਼ਤ, ਘਿਉ ਵਿੱਚ 25 ਪ੍ਰਤੀਸ਼ਤ ਅਤੇ ਯੂਐਚਟੀ ਦੁੱਧ ਵਿੱਚ 25 ਪ੍ਰਤੀਸ਼ਤ ਨਾਲ ਵਾਧਾ ਦਰਜ ਕੀਤਾ ਹੈ ।

Written By
The Punjab Wire