ਗੁਰਦਾਸਪੁਰ, 23 ਮਈ (ਮੰਨਣ ਸੈਣੀ)। ਕੇਂਦਰੀ ਜੇਲ੍ਹ ਗੁਰਦਾਸਪੁਰ ‘ਚ ਪੁਰਾਣੀ ਰੰਜਿਸ਼ ਦੇ ਚੱਲਦਿਆਂ 5 ਹਵਾਲਾਤਿਆਂ ਨੇ ਦੋ ਹਵਾਲਾਤਿਆਂ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਸਬੰਧੀ ਥਾਣਾ ਸਿਟੀ ਦੀ ਪੁਲੀਸ ਨੇ ਪੰਜ ਹਵਾਲਾਤਿਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਹਮਲਾਵਰਾ ਵਲੋਂ ਪੀਪੇ ਦੀਆਂ ਪੱਤੀਆਂ ਬਣਾ ਕੇ ਵਾਰ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਐਸਆਈ ਮੋਹਨ ਲਾਲ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਰਾਜਾ ਸਾਂਸੀ ਜ਼ਿਲ੍ਹਾ ਅੰਮ੍ਰਿਤਸਰ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਅਤੇ ਉਸ ਦਾ ਦੋਸਤ ਸ਼ੁਭਮ ਭੰਡਾਰੀ ਅਸਲਾ ਐਕਟ ਤਹਿਤ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਬੰਦ ਹਨ। ਐਤਵਾਰ ਨੂੰ ਸਵੇਰੇ 7.30 ਤੋਂ 11.30 ਵਜੇ ਤੱਕ ਜੇਲ੍ਹ ਖੁੱਲ੍ਹੀ ਅਤੇ ਇਹ ਦੋਵੇਂ ਜੇਲ੍ਹ ਵਿੱਚ ਹੀ ਬੰਦ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਗਰਾਊਂਡ ਵਿੱਚ ਸਬਜ਼ੀ ਅਤੇ ਕੜ੍ਹੀ ਵਾਲੀ ਕੰਟੀਨ ਵਿੱਚ ਜਾ ਰਹੇ ਸਨ। ਜਿਵੇਂ ਹੀ ਉਹ ਬੈਰਕ ਨੰਬਰ 1 ਦੇ ਸਾਹਮਣੇ ਗਰਾਊਂਡ ‘ਚ ਪੁੱਜੇ ਤਾਂ ਪਹਿਲਾਂ ਤੋਂ ਮੌਜੂਦ ਅੰਮ੍ਰਿਤਪਾਲ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਨੰਗਲ, ਤਰਸੇਮ ਸਿੰਘ ਪੁੱਤਰ ਜਗਮੋਹਨ ਸਿੰਘ ਵਾਸੀ ਮੁਹੱਲਾ ਜਸਲਵੰਤ ਸਿੰਘ (ਤਰਨਤਾਰਨ), ਗੁਰਦੀਪ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਬਾਉਲੀ ਇੰਦਰਜੀਤ ਸਿੰਘ ਬਟਾਲਾ, ਐੱਸ. ਗੁਰਸੌਰਵਜੀਤ ਸਿੰਘ ਪੁੱਤਰ ਗੁਰਲਾਲਜੀਤ ਸਿੰਘ ਵਾਸੀ ਹਵੇਲੀਆ ਅਤੇ ਸੁਰਜਨ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਸ਼ਾਮਪੁਰਾ ਹਾਜ਼ਰ ਸਨ। ਜਿਨ੍ਹਾਂ ਨੇ ਉਸ ‘ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਉਨ੍ਹਾਂ ‘ਤੇ ਪੀਪੇ ਦੀਆਂ ਪੱਤੀਆ ਬਣਾ ਕੇ ਹਮਲਾ ਕੀਤਾ ਗਿਆ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਦਾ ਮੈਡੀਕਲ ਕਰਵਾ ਕੇ ਜੇਲ੍ਹ ਐਕਟ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।