ਮੈਡੀਕਲ ਕੈਂਪ ਵਿੱਚ ਮਰੀਜਾਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ
ਬਟਾਲਾ, 21 ਮਈ ( ਮੰਨਣ ਸੈਣੀ)। ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਗੁਰਦਾਸਪੁਰ ਵੱਲੋਂ ਅੱਜ ਬਟਾਲਾ ਸ਼ਹਿਰ ਦੇ ਬੀਕੋ ਨੇੜੇ ਸਲੱਮ ਏਰੀਏ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਔਰਤਾਂ ਨੂੰ 283 ਹਾਈ-ਜੈਨਿਕ ਕਿੱਟਾਂ ਤਕਸੀਮ ਕੀਤੀਆਂ ਗਈਆਂ। ਇਸਦੇ ਨਾਲ ਹੀ ਸਲੱਮ ਏਰੀਏ ਦੇ ਵਸਨੀਕਾਂ ਦੀ ਸਿਹਤ ਜਾਂਚ ਲਈ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਪ੍ਰਧਾਨਗੀ ਰੈਡ ਕਰਾਸ ਹਾਸਪੀਟਲ ਵੈਲਫੇਅਰ ਸੈਂਕਸ਼ਨ ਦੇ ਚੇਅਰਪਰਸਨ ਮੋਹਤਰਮਾ ਸ਼ਾਲਾ ਕਾਦਰੀ ਧਰਮਪਤਨੀ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਕੀਤੀ।
ਸਲੱਮ ਏਰੀਏ ਦੀਆਂ ਔਰਤਾਂ ਨੂੰ ਹਾਈ-ਜੈਨਿਕ ਕਿੱਟਾਂ ਦੀ ਵੰਡ ਕਰਦੇ ਹੋਏ ਮੋਹਤਰਮਾ ਸ਼ਾਲਾ ਕਾਦਰੀ ਨੇ ਕਿਹਾ ਕਿ ਤੰਦਰੁਸਤ ਜੀਵਨ ਲਈ ਆਪਣੀ ਅਤੇ ਆਪਣੇ ਆਲੇ-ਦੁਆਲੇ ਦੀ ਸਾਫ਼-ਸਫ਼ਾਈ ਦਾ ਧਿਆਨ ਰੱਖਣਾ ਬੇਹੱਦ ਜਰੂਰੀ ਹੈ। ਉਨ੍ਹਾਂ ਕਿਹਾ ਕਿ ਰੈਡ ਕਰਾਸ ਸੁਸਾਇਟੀ ਵੱਲੋਂ ਕੀਤਾ ਜਾ ਰਿਹਾ ਇਸ ਉਪਰਾਲਾ ਬਹੁਤ ਸ਼ਲਾਘਾਯੋਗ ਹੈ ਅਤੇ ਭਵਿੱਖ ਵਿੱਚ ਵੀ ਜ਼ਿਲ੍ਹੇ ਭਰ ’ਚ ਅਜਿਹੇ ਉਪਰਾਲੇ ਜਾਰੀ ਰਹਿਣਗੇ। ਇਸ ਮੌਕੇ ਲਗਾਏ ਮੈਡੀਕਲ ਕੈਂਪ ਵਿੱਚ ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦਾ ਮੁਆਇਨਾ ਕੀਤਾ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ। ਇਸ ਮੌਕੇ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਰਾਜੀਵ ਕੁਮਾਰ ਵੀ ਮੌਜੂਦ ਸਨ।