Close

Recent Posts

ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਪੰਚਾਇਤੀ ਜ਼ਮੀਨਾਂ ’ਚ 100 ਫੀਸਦੀ ਹੋਵੇਗੀ ਝੋਨੇ ਦੀ ਸਿੱਧੀ ਬਿਜਾਈ – ਡਿਪਟੀ ਕਮਿਸ਼ਨਰ

ਪੰਚਾਇਤੀ ਜ਼ਮੀਨਾਂ ’ਚ 100 ਫੀਸਦੀ ਹੋਵੇਗੀ ਝੋਨੇ ਦੀ ਸਿੱਧੀ ਬਿਜਾਈ – ਡਿਪਟੀ ਕਮਿਸ਼ਨਰ
  • PublishedMay 21, 2022

ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰਤੀ ਏਕੜ 1500 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ

ਖੇਤੀਬਾੜੀ ਵਿਭਾਗ ਅਤੇ ਯੰਗ ਇਨੋਵੇਟਿਵ ਫਾਰਮਰਜ਼ ਗਰੁੱਪ ਵੱਲੋਂ ਪਿੰਡ ਹਰਦੋਵਾਲ ਖੁਰਦ ਵਿਖੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਵਿਸ਼ੇਸ਼ ਸੈਮੀਨਾਰ

ਬਟਾਲਾ, 21 ਮਈ (ਮੰਨਣ ਸੈਣੀ )। ਡਿਪਟੀ ਕਮਿਸਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਹੈ ਕਿ ਠੇਕੇ ’ਤੇ ਲਈ ਪੰਚਾਇਤੀ ਜ਼ਮੀਨ ਵਿੱਚ ਜੇਕਰ ਕਿਸਾਨ ਝੋਨਾ ਲਗਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਝੋਨੇ ਦੀ 100 ਸਿੱਧੀ ਬਿਜਾਈ ਹੀ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨ ਵਿੱਚ ਝੋਨੇ ਦੀ 100 ਫੀਸਦੀ ਸਿੱਧੀ ਬਿਜਾਈ ਸਬੰਧੀ ਰਾਜ ਸਰਕਾਰ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ ਇਨ੍ਹਾਂ ਹੁਕਮਾਂ ਨੂੰ ਜ਼ਿਲ੍ਹੇ ਵਿੱਚ ਇੰਨ-ਬਿੰਨ ਲਾਗੂ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਅੱਜ ਫ਼ਤਹਿਗੜ੍ਹ ਚੂੜੀਆਂ ਨੇੜਲੇ ਪਿੰਡ ਹਰਦੋਵਾਲ ਖੁਰਦ ਵਿਖੇ ਖੇਤੀਬਾੜੀ ਵਿਭਾਗ ਅਤੇ ਯੰਗ ਇਨੋਵੇਟਿਵ ਫਾਰਮਰਜ਼ ਗਰੁੱਪ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕਰਵਾਏ ਇੱਕ ਸੈਮੀਨਾਰ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਗੁਰਵਿੰਦਰ ਸਿੰਘ ਖਾਲਸਾ, ਖੇਤੀਬਾੜੀ ਅਫ਼ਸਰ ਡਾ. ਰਣਬੀਰ ਸਿੰਘ ਠਾਕੁਰ, ਖੇਤੀਬਾੜੀ ਅਫ਼ਸਰ ਟਰੇਨਿੰਗ ਡਾ. ਗੁਰਦੇਵ ਸਿੰਘ, ਖੇਤੀਬਾੜੀ ਅਫ਼ਸਰ ਡਾ. ਸ਼ਹਿਬਾਜ਼ ਸਿੰਘ ਚੀਮਾ, ਖੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ, ਅਗਾਂਹਵਧੂ ਕਿਸਾਨ ਹਰਸਿਮਰਨ ਸਿੰਘ ਰਾਜਾ, ਕਰਮਿੰਦਰ ਸਿੰਘ ਸਿੱਧੂ, ਸੁਖਜਿੰਦਰ ਸਿੰਘ ਸਿੱਧੂ ਅਤੇ ਗੁਰਬਿੰਦਰ ਸਿੰਘ ਬਾਜਵਾ ਸਮੇਤ ਹੋਰ ਵੀ ਕਿਸਾਨ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਸਾਨਾਂ ਨੂੰ ਪਾਣੀ ਬਚਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਧਰਤ ਹੇਠਲੇ ਪਾਣੀ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਬਹੁਤ ਕਾਰਗਰ ਹੈ। ਸਿੱਧੀ ਬਿਜਾਈ ਨਾਲ ਜਿਥੇ ਪਾਣੀ ਦੀ ਬਚਤ ਹੁੰਦੀ ਹੈ ਓਥੇ ਫਸਲ ਦਾ ਝਾੜ ਵੀ ਪੂਰਾ ਨਿਕਲਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਵਿਚ 50 ਹਜ਼ਾਰ ਹੈਕਟੇਅਰ ਰਕਬੇ ’ਚ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਇਸ ਲਈ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ’ਤੇ ਪ੍ਰਤੀ ਏਕੜ 1500 ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਬੈਂਕਾਂ ਦੀ ਕਿਸਾਨ ਕਰੈਡਿਟ ਕਾਰਡ (ਕੇਸੀਸੀ) ਸਕੀਮ ਦਾ ਲਾਭ ਉਠਾਉਣ ਲਈ ਵੀ ਪ੍ਰੇਰਤ ਕੀਤਾ।

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜ਼ਿਲ੍ਹਾ ਵਾਸੀਆਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਹੋਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਨਸ਼ਾ ਇੱਕ ਬਿਮਾਰੀ ਹੈ ਅਤੇ ਸਰਕਾਰੀ ਹਸਪਤਾਲਾਂ ਵਿੱਚ ਇਸਦਾ ਇਲਾਜ ਬਿਲਕੁਲ ਮੁਫ਼ਤ ਹੈ। ਉਨ੍ਹਾਂ ਕਿਹਾ ਕਿ  ਜ਼ਿਲਾ ਪ੍ਰਸ਼ਾਸਨ ਵੱਲੋਂ ਇੱਕ ਵਟਸਐਪ ਹੈਲਪ ਲਾਈਨ ਨੰਬਰ 62391-39973 ਵੀ ਜਾਰੀ ਕੀਤਾ ਗਿਆ ਹੈ ਜਿਸ ’ਤੇ ਨਸ਼ੇ ਦੇ ਪੀੜ੍ਹਤ ਦਾ ਇਲਾਜ ਕਰਵਾਉਣ ਲਈ ਸੰਪਰਕ ਕੀਤਾ ਜਾ ਸਕਦਾ ਹੈ। ਇਸਤੋਂ ਇਲਾਵਾ ਇਸ ਨੰਬਰ ’ਤੇ ਨਸ਼ਾ ਵੇਚਣ ਵਾਲੇ ਦੀ ਸੂਚਨਾ ਭੇਜੀ ਜਾ ਸਕਦੀ ਹੈ। ਸੂਚਨਾ ਦੇਣ ਵਾਲੇ ਦੀ ਪਛਾਣ ਪੂਰੀ ਤਰਾਂ ਗੁਪਤ ਰੱਖੀ ਜਾਵੇਗੀ।

ਇਸ ਮੌਕੇ ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਗੁਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਬਹੁਤ ਸਫਲ ਹੈ ਅਤੇ ਇਸ ਤਕਨੀਕ ਨੂੰ ਅਪਨਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਕਣਕ ਦੇ ਵੱਢ ਨੂੰ ਪਾਣੀ ਦੇਣ ਤੋਂ 3 ਦਿਨ ਬਾਅਦ ਵੱਤਰ ਆਉਣ ’ਤੇ ਦੋ ਵਾਰ ਵਾਹ ਕੇ ਸੁਹਾਗਾ ਮਾਰ ਕੇ ਖੇਤ ਛੱਡ ਦਿੱਤਾ ਜਾਵੇ। ਬਿਜਾਈ ਤੋਂ ਤਿੰਨ ਦਿਨ ਪਹਿਲਾਂ ਖੇਤ ਨੂੰ ਪਾਣੀ ਲਗਾਇਆ ਜਾਵੇ। ਇਸ ਤੋਂ 3 ਦਿਨ ਬਾਅਦ ਤੱਕ ਵੱਤਰ ਆੳੇਣ ’ਤੇ 2 ਵਾਰ ਵਾਹੁਣ ਉਪਰੰਤ 3 ਵਾਰ ਸੁਹਾਗੇ ਮਾਰੇ ਜਾਣ। ਓਸੇ ਦਿਨ ਬਿਜਾਈ ਸਵੇਰੇ ਜਾਂ ਸ਼ਾਮ ਵੇਲੇ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਸਿਰਫ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਹੀ ਕੀਤੀ ਜਾਵੇ। ਹਲਕੀਆਂ ਜ਼ਮੀਨਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਝੋਨੇ ਦਾ ਬੀਜ ਅਤੇ ਨਦੀਨ ਨਾਸ਼ਕ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਪਾਏ ਜਾਣ। ਸਿੱਧੀ ਬਿਜਾਈ ਕਰਨ ਤੋਂ ਪਹਿਲਾ ਪਾਣੀ 21 ਦਿਨਾਂ ਬਾਅਦ ਲਗਾਇਆ ਜਾਵੇ ਅਤੇ ਬਾਅਦ ਵਿੱਚ ਲੋੜ ਅਨੁਸਾਰ ਜਾਂ ਹਰ 5ਵੇਂ ਦਿਨ ਪਾਣੀ ਲਗਾਇਆ ਜਾਣਾ ਚਾਹੀਦਾ ਹੈ।

ਇਸ ਮੌਕੇ ਖੇਤੀਬਾੜੀ ਅਫ਼ਸਰ ਡਾ. ਰਣਬੀਰ ਸਿੰਘ ਠਾਕੁਰ, ਖੇਤੀਬਾੜੀ ਅਫ਼ਸਰ ਟਰੇਨਿੰਗ ਡਾ. ਗੁਰਦੇਵ ਸਿੰਘ, ਖੇਤੀਬਾੜੀ ਅਫ਼ਸਰ ਡਾ. ਸ਼ਹਿਬਾਜ਼ ਸਿੰਘ ਚੀਮਾ, ਖੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ ਨੇ ਵੀ ਕਿਸਾਨਾਂ ਨਾਲ ਸਿੱਧੀ ਬਿਜਾਈ ਦੇ ਗੁਰ ਸਾਂਝੇ ਕੀਤੇ। ਅਗਾਂਹਵਧੂ ਕਿਸਾਨ ਹਰਸਿਮਰਨ ਸਿੰਘ ਰਾਜਾ, ਕਰਮਿੰਦਰ ਸਿੰਘ ਸਿੱਧੂ, ਸੁਖਜਿੰਦਰ ਸਿੰਘ ਸਿੱਧੂ ਅਤੇ ਗੁਰਬਿੰਦਰ ਸਿੰਘ ਬਾਜਵਾ ਨੇ ਵੀ ਝੋਨੇ ਦੀ ਸਿੱਧੀ ਬਿਜਾਈ ਦੇ ਤਜ਼ਰਬੇ ਸਾਂਝੇ ਕਰਦਿਆਂ ਬਾਕੀ ਕਿਸਾਨਾਂ ਨੂੰ ਵੀ ਸਿੱਧੀ ਬਿਜਾਈ ਲਈ ਪ੍ਰੇਰਤ ਕੀਤਾ।

Written By
The Punjab Wire