ਗੁਰਦਾਸਪੁਰ ਪੰਜਾਬ

ਜਥੇਦਾਰ ਜੱਸਲ ਨੇ ਪ੍ਰਧਾਨ ਐਡਵੋਕੇਟ ਧਾਮੀ ਨਾਲ ਮੁਲਾਕਾਤ ਕਰਕੇ ਬਟਾਲਾ ਸ਼ਹਿਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਉਜਾਗਰ ਹੋਏ ਪਾਵਨ ਅਸਥਾਨ ਬਾਰੇ ਵਿਚਾਰ ਵਟਾਂਦਰਾ ਕੀਤਾ

ਜਥੇਦਾਰ ਜੱਸਲ ਨੇ ਪ੍ਰਧਾਨ ਐਡਵੋਕੇਟ ਧਾਮੀ ਨਾਲ ਮੁਲਾਕਾਤ ਕਰਕੇ ਬਟਾਲਾ ਸ਼ਹਿਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਉਜਾਗਰ ਹੋਏ ਪਾਵਨ ਅਸਥਾਨ ਬਾਰੇ ਵਿਚਾਰ ਵਟਾਂਦਰਾ ਕੀਤਾ
  • PublishedMay 21, 2022

ਬਟਾਲਾ, 21 ਮਈ ( ਮੰਨਣ ਸੈਣੀ) । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਟਾਲਾ ਹਲਕੇ ਤੋਂ ਮੈਂਬਰ ਜਥੇਦਾਰ ਗੁਰਨਾਮ ਸਿੰਘ ਜੱਸਲ ਅਤੇ ਪੰਜਾਬ ਹੈਰੀਟੇਜ਼ ਸੁਸਾਇਟੀ ਦੇ ਨੁਮਾਇੰਦੇ ਇੰਦਰਜੀਤ ਸਿੰਘ ਹਰਪੁਰਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਬਟਾਲਾ ਸ਼ਹਿਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਉਜਾਗਰ ਹੋਏ ਨਵੇਂ ਪਾਵਨ ਅਸਥਾਨ ਦੀ ਸੇਵਾ-ਸੰਭਾਲ ਸਬੰਧੀ ਵਿਚਾਰ ਵਟਾਂਦਰਾ ਕੀਤਾ ਹੈ। ਜਥੇਦਾਰ ਗੁਰਨਾਮ ਸਿੰਘ ਜੱਸਲ ਨੇ ਪ੍ਰਧਾਨ ਸ. ਧਾਮੀ ਨੂੰ ਦੱਸਿਆ ਕਿ ਬਟਾਲਾ ਸ਼ਹਿਰ ਵਿੱਚ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਦੋ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਅਤੇ ਸ੍ਰੀ ਕੰਧ ਸਾਹਿਬ ਸੁਸ਼ੋਬਿਤ ਹਨ ਓਥੇ ਇੱਕ ਹੋਰ ਪਾਵਨ ਅਸਥਾਨ ਉਜਾਗਰ ਹੋਇਆ ਹੈ ਜਿਥੇ ਗੁਰੂ ਸਾਹਿਬ ਦੀ ਬਰਾਤ ਠਹਿਰੀ ਸੀ ਅਤੇ ਗੁਰੂ ਸਾਹਿਬ ਦੀ ਸਿਹਰਾ ਬੰਦੀ ਹੋਈ ਸੀ।

ਜਥੇਦਾਰ ਗੁਰਨਾਮ ਸਿੰਘ ਜੱਸਲ ਅਤੇ ਇੰਦਰਜੀਤ ਸਿੰਘ ਹਰਪੁਰਾ ਨੇ ਦੱਸਿਆ ਕਿ ਮਹਾਰਾਜਾ ਪਟਿਆਲਾ ਦਾ ਡਰਾਈਵਰ ਭਾਈ ਧੰਨਾ ਸਿੰਘ ਚਹਿਲ ਪਟਿਆਲਵੀ 10 ਮਈ 1933 ਨੂੰ ਬਟਾਲਾ ਸ਼ਹਿਰ ਦੇ ਗੁਰਧਾਮਾਂ ਦੀ ਯਾਤਰਾ ’ਤੇ ਆਏ ਸਨ ਅਤੇ ਉਨਾਂ ਦੀ ਕਿਤਾਬ ਗੁਰਤੀਰਥ ਸਾਈਕਲ ਯਾਤਰਾ ਵਿੱਚ ਉਸ ਸਮੇਂ ਦੀਆਂ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ, ਸ੍ਰੀ ਕੰਧ ਸਾਹਿਬ ਅਤੇ ਗੁਰਦੁਆਰਾ ਸ੍ਰੀ ਮੜ ਸਾਹਿਬ ਪਾਤਸ਼ਾਹੀ ਪਹਿਲੀ ਦੀਆਂ ਕੈਮਰੇ ਨਾਲ ਲਈਆਂ ਤਸਵੀਰਾਂ ਅਤੇ ਉਸ ਸਮੇਂ ਦਾ ਸਾਰਾ ਹਾਲ ਦੱਸਿਆ ਗਿਆ ਹੈ। ਇੰਦਰਜੀਤ ਸਿੰਘ ਹਰਪੁਰਾ ਨੇ ਦੱਸਿਆ ਕਿ ਭਾਈ ਧੰਨਾ ਸਿੰਘ ਦੀ ਕਿਤਾਬ ਵਿੱਚ ਦਿੱਤੀ ਤਸਵੀਰ ਅਤੇ ਹੋਰ ਤੱਥਾਂ ਦੇ ਹਵਾਲੇ ਨਾਲ ਗੁਰਦੁਆਰਾ ਸ੍ਰੀ ਮੜ ਸਾਹਿਬ ਪਾਤਸ਼ਾਹੀ ਪਹਿਲੀ ਦਾ ਪਾਵਨ ਅਸਥਾਨ ਅੱਚਲੀ ਦਰਵਾਜ਼ੇ ਤੋਂ ਬਾਹਰਵਾਰ ਲਾਲੀ ਭੱਠੇ ਦੇ ਸਾਹਮਣੇ ਉਜ਼ਾਗਰ ਹੋਇਆ ਹੈ।

ਜਥੇਦਾਰ ਗੁਰਨਾਮ ਸਿੰਘ ਜੱਸਲ ਅਤੇ ਇੰਦਰਜੀਤ ਸਿੰਘ ਹਰਪੁਰਾ ਨੇ ਦੱਸਿਆ ਕਿ ਜਨਮ ਸਾਖੀਆਂ ਅਤੇ ਇਤਿਹਾਸਕ ਪੁਸਤਕਾਂ ਦੇ ਹਵਾਲੇ ਇਹ ਦੱਸਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਰਾਤ ਜਦੋਂ ਬਟਾਲਾ ਸ਼ਹਿਰ ਦੇ ਨਜਦੀਕ ਪਹੁੰਚੀ ਸੀ ਤਾਂ ਬਰਾਤ ਸ਼ਹਿਰੋਂ ਬਾਹਰਵਾਰ ਚੜਦੇ-ਦੱਖਣ ਦੀ ਬਾਹੀ ’ਤੇ ਇੱਕ ਬਾਗ ਵਿਚ ਠਹਿਰੀ ਸੀ ਅਤੇ ਇਥੋਂ ਹੀ ਬਟਾਲਾ ਸ਼ਹਿਰ ਵਿੱਚ ਸੁਨੇਹਾ ਭੇਜਿਆ ਗਿਆ ਸੀ ਕਿ ਬਰਾਤ ਪਹੁੰਚ ਚੁੱਕੀ ਹੈ। ਗੁਰੂ ਜੀ ਦਾ ਸਹੁਰਾ ਪਰਿਵਾਰ, ਰਿਸ਼ਤੇਦਾਰ ਅਤੇ ਸ਼ਹਿਰ ਦੇ ਮੋਹਤਬਰ ਇਥੇ ਬਰਾਤ ਦਾ ਸਵਾਗਤ ਕਰਨ ਲਈ ਪਹੁੰਚੇ ਸਨ ਅਤੇ ਬਰਾਤ ਨੂੰ ਨਾਲ ਲੈ ਕੇ ਸ਼ਹਿਰ ਦੇ ਅੰਦਰ ਗਏ ਸਨ। ਇਤਿਹਾਸਕਾਰ ਇਹ ਵੀ ਦੱਸਦੇ ਹਨ ਕਿ ਗੁਰੂ ਸਾਹਿਬ ਦੀ ਸਿਹਰਾ ਬੰਦੀ ਵੀ ਇਥੇ ਹੀ ਹੋਈ ਸੀ। ਸਿੱਖ ਸੰਗਤਾਂ ਵੱਲੋਂ ਇਸ ਪਾਵਨ ਅਸਥਾਨ ’ਤੇ ਗੁਰੂ ਸਾਹਿਬ ਦੀ ਯਾਦ ਵਿਚ ਇੱਕ ਮੜ ਬਣਾ ਦਿੱਤਾ ਗਿਆ ਸੀ ਜੋ ਅੱਜ ਵੀ ਮੌਜੂਦ ਹੈ।

ਜਥੇਦਾਰ ਗੁਰਨਾਮ ਸਿੰਘ ਜੱਸਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕੋਲੋਂ ਮੰਗ ਕੀਤੀ ਹੈ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰੂ ਸਾਹਿਬ ਨਾਲ ਸਬੰਧਤ ਇਸ ਪਾਵਨ ਅਸਥਾਨ ਦੀ ਸੇਵਾ-ਸੰਭਾਲ ਲਈ ਯਤਨ ਕੀਤੇ ਜਾਣ ਅਤੇ ਨਾਲ ਹੀ ਸੰਗਤਾਂ ਨੂੰ ਇਸ ਪਾਵਨ ਅਸਥਾਨ ਬਾਰੇ ਜਾਣੂ ਕਰਵਾਇਆ ਜਾਵੇ। ਪ੍ਰਧਾਨ ਐਡਵੋਕੇਟ ਧਾਮੀ ਨੇ ਜਥੇਦਾਰ ਜੱਸਲ ਨੂੰ ਭਰੋਸਾ ਦਿੱਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸਬੰਧੀ ਜਰੂਰ ਲੋੜੀਂਦੇ ਕਦਮ ਚੁੱਕੇ ਜਾਣਗੇ। ਇਸ ਮੌਕੇ ਪ੍ਰਧਾਨ ਬਲਦੇਵ ਸਿੰਘ ਰੰਧਾਵਾ, ਠੇਕੇਦਾਰ ਕੁਲਵਿੰਦਰ ਸਿੰਘ ਜੱਸਲ, ਸ਼ੇਰੇ ਪੰਜਾਬ ਸਿੰਘ ਕਾਹਲੋਂ, ਹਰਬਖਸ਼ ਸਿੰਘ, ਅਨੁਰਾਗ ਮਹਿਤਾ ਵੀ ਮੌਜੂਦ ਸਨ।

Written By
The Punjab Wire