ਸ੍ਰੀ ਦਰਬਾਰ ਸਾਹਿਬ ਵੀ ਹੋਏ ਨਤਮਸਤਕ
ਚੰਡੀਗੜ੍ਹ/ਅੰਮਿ੍ਤਸਰ, 19 ਮਈ : ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਸ਼ਾਮ ਅੰਮਿ੍ਤਸਰ ਬੱਸ ਅੱਡੇ ਉਤੇ ਪਹੁੰਚ ਕੇ ਇੱਥੇ ਬੈਠੇ ਮਿੰਨੀ ਬੱਸ ਅਪਰੇਟਰਾਂ ਦੀ ਹੜਤਾਲ ਖਤਮ ਕਰਵਾਈ। ਉਨ੍ਹਾਂ ਬੱਸ ਮਾਲਕਾਂ ਨਾਲ ਕੀਤੀ ਗੱਲਬਾਤ ਵਿੱਚ ਸਪੱਸ਼ਟ ਕੀਤਾ ਕਿ ਤੁਹਾਡੀਆਂ ਬੱਸਾਂ ਦੇ ਪਰਮਿਟ ਮਾਣਯੋਗ ਹਾਈਕੋਰਟ ਨੇ ਰੱਦ ਕੀਤੇ ਹਨ ਅਤੇ ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਕੋਈ ਰਾਹਤ ਨਹੀਂ ਦਿੱਤੀ, ਸੋ ਅਜਿਹੇ ਵਿਚ ਸਰਕਾਰ ਵੱਲੋਂ ਪਰਮਿਟ ਬਹਾਲ ਕਰਨਾ ਮੁਮਕਿਨ ਨਹੀਂ ਹੈ। ਉਨ੍ਹਾਂ ਬੱਸ ਮਾਲਕਾਂ ਨੂੰ ਭਰੋਸਾ ਦਿੱਤਾ ਕਿ ਫਿਰ ਵੀ ਪੰਜਾਬ ਸਰਕਾਰ ਤੁਹਾਡੇ ਨਾਲ ਹੈ ਅਤੇ ਮੈਂ ਖੁਦ ਚਾਹੁੰਦਾ ਹਾਂ ਕਿ ਤਹਾਡਾ ਰੋਜ਼ਗਾਰ ਪ੍ਭਾਵਿਤ ਨਾ ਹੋਵੇ ਅਤੇ ਤੁਸੀਂ ਆਮ ਦੀ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਰਹੋ। ਉਨ੍ਹਾਂ ਕਿਹਾ ਕਿ ਉਹ ਤੁਹਾਡੀਆਂ ਮੰਗਾਂ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਗੰਭੀਰਤਾ ਨਾਲ ਵਿਚਾਰਨਗੇ ਅਤੇ ਇਸ ਬਾਬਤ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨਾਲ ਵੀ ਵਿਚਾਰ ਚਰਚਾ ਕਰਨਗੇ। ਜਿਸ ਤਰ੍ਹਾਂ ਵੀ ਸੰਭਵ ਹੋੋਇਆ ਤੁਹਾਡੀ ਸਹਾਇਤਾ ਕੀਤੀ ਜਾਵੇਗੀ। ਬੱਸ ਮਾਲਕਾਂ ਨੇ ਮੰਤਰੀ ਦੇ ਭਰੋਸੇ ਮਗਰੋਂ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ ਅਤੇ ਕੈਬਨਿਟ ਮੰਤਰੀ ਵੱਲੋਂ ਵਿਖਾਈ ਸੁਹਿਰਦਤਾ ਲਈ ਧੰਨਵਾਦ ਕੀਤਾ। ਇਸ ਮਗਰੋਂ ਸ. ਲਾਲਜੀਤ ਸਿੰਘ ਭੁੱਲਰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਵਾਹਿਗੁਰੂ ਅੱਗੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ।