ਹੋਰ ਦੇਸ਼ ਪੰਜਾਬ ਮੁੱਖ ਖ਼ਬਰ

ਪੰਜਾਬ ਵਲੋਂ ਵਾਧੂ ਕੇਂਦਰੀ ਬਲਾਂ ਦੀ ਮੰਗ ਤੇ ਕੈਪਟਨ ਅਮਰਿੰਦਰ ਨੇ ‘ਆਪ’ ਨੂੰ ਕੁਝ ਮਹੀਨੇ ਪਹਿਲੇ ਬੀਐਸਐਫ ਦੇ ਅਧਿਕਾਰ ਖੇਤਰ ਦੇ ਵਾਧੇ ਦਾ ਵਿਰੋਧ ਕਰਨ ਦੀ ਯਾਦ ਦਿਵਾਈ

ਪੰਜਾਬ ਵਲੋਂ ਵਾਧੂ ਕੇਂਦਰੀ ਬਲਾਂ ਦੀ ਮੰਗ ਤੇ ਕੈਪਟਨ ਅਮਰਿੰਦਰ ਨੇ ‘ਆਪ’ ਨੂੰ ਕੁਝ ਮਹੀਨੇ ਪਹਿਲੇ ਬੀਐਸਐਫ ਦੇ ਅਧਿਕਾਰ ਖੇਤਰ ਦੇ ਵਾਧੇ ਦਾ ਵਿਰੋਧ ਕਰਨ ਦੀ ਯਾਦ ਦਿਵਾਈ
  • PublishedMay 18, 2022

ਚੰਡੀਗੜ੍ਹ, 18 ਮਈ (ਦ ਪੰਜਾਬ ਵਾਇਰ)। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਨੂੰ ਕਠੋਰ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵਾਧੂ ਕੇਂਦਰੀ ਸੁਰੱਖਿਆ ਬਲਾਂ ਦੀ ਮੰਗ ਕਰਨ ਦੇ ਅਹਿਸਾਸ ਦਾ ਸਵਾਗਤ ਕਰਦਿਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਾਰਟੀ ਨੂੰ ਯਾਦ ਕਰਵਾਇਆ ਕਿ ਜਦ ਕੇਂਦਰ ਸਰਕਾਰ ਨੇ ਪਿਛਲੇ ਸਾਲ ਸੀਮਾ ਸੁਰੱਖਿਆ ਬਲਾਂ ਦੇ ਕਾਰਜ ਖੇਤਰ ਨੂੰ 15 ਤੋਂ 30 ਕਿਲੋਮੀਟਰ ਤੱਕ ਵਧਾਉਣ ਦਾ ਫੈਸਲਾ ਕੀਤਾ ਸੀ ਤਾਂ ਕਿਵੇਂ ਇਸੇ ਆਮ ਆਦਮੀ ਪਾਰਟੀ ਨੇ ਉਸ ਫੈਸਲੇ ਦਾ ਤਿੱਖਾ ਵਿਰੋਧ ਕੀਤਾ ਸੀ।

“ਉਸ ਸਮੇਂ, ‘ਆਪ’ ਅਤੇ ਕਾਂਗਰਸ ਦੇ ਨੇਤਾਵਾਂ ਨੇ ਕੇਂਦਰ ਦੇ ਇਸ ਫੈਸਲੇ ਦਾ ਬਹੁਤ ਵਿਰੋਧ ਕੀਤਾ ਸੀ, ਪਰ ਚੰਗਾ ਹੈ ਹੁਣ ‘ਆਪ’ ਨੂੰ ਘੱਟੋ-ਘੱਟ ਉਸ ਫੈਸਲੇ ਦੀ ਜ਼ਰੂਰਤ ਅਤੇ ਮਹੱਤਤਾ ਸਮਝ ਆ ਗਈ ਹੈ (ਬੀਐਸਐਫ ਦੇ ਕਾਰਜਸ਼ੀਲ ਅਧਿਕਾਰ ਖੇਤਰ ਨੂੰ ਵਧਾਉਣ ਦੀ),” ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਉਨ੍ਹਾਂ ਨੇ ਕਿਹਾ।

ਕੈਪਟਨ ਅਮਰਿੰਦਰ ਨੇ ਆਪਣੀ ਚੇਤਾਵਨੀ ਨੂੰ ਦੁਹਰਾਇਆ ਕਿ ਪੰਜਾਬ ਨੂੰ ਸਰਹੱਦ ਪਾਰ ਤੋਂ ਗੰਭੀਰ ਸੁਰੱਖਿਆ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। “ਹੁਣ ਤੱਕ ‘ਆਪ’ ਸਰਕਾਰ, ਖਾਸ ਤੌਰ ‘ਤੇ ਇਸਦੇ ਦਿੱਲੀ ਅਧਾਰਤ ਨੇਤਾ ਅਰਵਿੰਦ ਕੇਜਰੀਵਾਲ ਨੇ ਲਗਾਤਾਰ ਸਭ ਕੁਝ ਇਨਕਾਰ ਕੀਤਾ, ਪਰ ਹੁਣ ਲੱਗਦਾ ਹੈ ਕਿ ਉਨ੍ਹਾਂ ਨੇ ਖ਼ਤਰੇ ਦੀ ਤੀਬਰਤਾ ਨੂੰ ਸਮਝ ਲਿਆ ਹੈ ਅਤੇ ਕੇਂਦਰ ਨੂੰ ਵਾਧੂ ਬਲਾਂ ਦੀ ਬੇਨਤੀ ਕੀਤੀ ਹੈ”, ਉਨ੍ਹਾਂ ਅੱਗੇ ਕਿਹਾ।

ਸਾਬਕਾ ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਸੂਬਾ ਸਰਕਾਰ ਟਕਰਾਅ ਵਾਲਾ ਰਵੱਈਆ ਅਪਣਾਉਣ ਦੀ ਬਜਾਏ ਪੰਜਾਬ ਨੂੰ ਚੁਣੌਤੀ ਦੇਣ ਵਾਲੇ ਸਾਰੇ ਸੁਰੱਖਿਆ ਅਤੇ ਹੋਰ ਮੁੱਦਿਆਂ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨਾਲ ਸਹਿਯੋਗ ਅਤੇ ਤਾਲਮੇਲ ਕਰੇਗੀ। “ਮੈਂ ਹਮੇਸ਼ਾ ਕੇਂਦਰ ਨਾਲ ਟਕਰਾਅ ਦੀ ਬਜਾਏ ਤਾਲਮੇਲ ਦੀ ਲੋੜ ‘ਤੇ ਜ਼ੋਰ ਦਿੱਤਾ ਹੈ ਅਤੇ ਸ਼ੁਕਰ ਹੈ ਕਿ ਆਮ ਆਦਮੀ ਪਾਰਟੀ ਨੂੰ ਇਸ ਦਾ ਅਹਿਸਾਸ ਹੋਇਆ ਜਾਪਦਾ ਹੈ, ਹਾਲਾਂਕਿ ਥੋੜ੍ਹੀ ਦੇਰ ਹੋ ਗਈ ਹੈ”, ਉਸਨੇ ਕਿਹਾ।

ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੰਦਿਆਂ ਕਿਹਾ, “ਯਾਦ ਰੱਖੋ, ਪੰਜਾਬ ਨੂੰ ਦੇਸ਼ ਦੀ ਸਭ ਤੋਂ ਵਧੀਆ ਪੁਲਿਸ ਫੋਰਸ ਹੋਣ ਦਾ ਮਾਣ ਪ੍ਰਾਪਤ ਹੈ, ਜਿਨ੍ਹੇ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ ਹਨ ਅਤੇ ਨਾਲ ਹੀ ਬਹੁਤ ਭਰੋਸੇਮੰਦ ਹੈ, ਅਤੇ ਤੁਸੀਂ ਆਪਣੀ ਪੁਲਿਸ ਫੋਰਸ ਵਿੱਚ ਵਿਸ਼ਵਾਸ ਰੱਖੋ,” ਉਨ੍ਹਾਂ ਨੇ ਮਾਨ ਨੂੰ ਕਿਹਾ। ਉਨ੍ਹਾਂ ਅੱਗੇ ਕਿਹਾ ਕਿ ਇਹ ਕੇਂਦਰ ਤੋਂ ਸਹਾਇਤਾ ਸਥਾਈ ਹੱਲ ਨਹੀਂ ਹੋਣਾ ਚਾਹੀਦਾ ਹੈ।

Written By
The Punjab Wire