ਆਰਥਿਕਤਾ ਕ੍ਰਾਇਮ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਫਿਰੋਜ਼ਪੁਰ ‘ਚ ਪਾਕਿ-ਅਧਾਰਤ ਅੱਤਵਾਦੀ ਮਾਡਿਊਲ ਦੇ 2 ਹੋਰ ਕਾਰਕੁਨ ਕਾਬੂ

ਫਿਰੋਜ਼ਪੁਰ ‘ਚ ਪਾਕਿ-ਅਧਾਰਤ ਅੱਤਵਾਦੀ ਮਾਡਿਊਲ ਦੇ 2 ਹੋਰ ਕਾਰਕੁਨ ਕਾਬੂ
  • PublishedMay 7, 2022

ਕਰਨਾਲ ਵਿੱਚ ਆਪਣੇ ਸਾਥੀਆਂ ਦੀ ਗਿ੍ਰਫਤਾਰੀ ਤੋਂ ਬਾਅਦ ਦੋਵੇਂ ਦਹਿਸ਼ਤਗਰਦ ਸ਼ਹਿਰ ਤੋਂ ਫਰਾਰ ਹੋਣ ਦੀ ਕਰ ਰਹੇ ਸਨ ਕੋਸ਼ਿਸ਼

ਪੰਜਾਬ ਪੁਲਿਸ ਨੇ 300 ਕਿਲੋਮੀਟਰ ਪਿੱਛਾ ਕਰਕੇ ਰਿੰਦਾ ਗਰੁੱਪ ਦੇ 4 ਕਾਰਕੁਨਾਂ ਨੂੰ ਕਰਨਾਲ ਵਿੱਚ ਵਿਸਫੋਟਕ ਸਮੱਗਰੀ ਸਮੇਤ ਕੀਤਾ ਸੀ ਕਾਬੂ

ਚੰਡੀਗੜ/ਫਿਰੋਜਪੁਰ, 6 ਮਈ: ਪਾਕਿਸਤਾਨ ਅਧਾਰਤ ਗੈਂਗਸਟਰ ਤੋਂ ਅੱਤਵਾਦੀ ਬਣੇ ਹਰਵਿੰਦਰ ਸਿੰਘ ਰਿੰਦਾ ਵੱਲੋਂ ਚਲਾਏ ਜਾ ਰਹੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦੇ ਹੋਏ ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਫਿਰੋਜ਼ਪੁਰ ਤੋਂ ਦੋ ਹੋਰ ਕਾਰਕੁਨਾਂ ਨੂੰ ਗਿ੍ਰਫਤਾਰ ਕੀਤਾ ਹੈ।

ਗਿ੍ਰਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਅਕਾਸ਼ਦੀਪ ਉਰਫ ਆਕਾਸ਼ ਵਾਸੀ ਫਿਰੋਜ਼ਪੁਰ ਅਤੇ ਜਸ਼ਨਪ੍ਰੀਤ ਸਿੰਘ ਉਰਫ ਜੱਸ ਵਾਸੀ ਫਰੀਦਕੋਟ ਵਜੋਂ ਹੋਈ ਹੈ।
ਆਪਣੇ ਪ੍ਰੈਸ ਬਿਆਨ ਵਿੱਚ ਐਸ.ਐਸ.ਪੀ. ਫਿਰੋਜ਼ਪੁਰ ਚਰਨਜੀਤ ਸਿੰਘ ਨੇ ਦੱਸਿਆ ਕਿ ਹਰਿਆਣਾ ਤੋਂ ਗਿ੍ਰਫਤਾਰ ਕੀਤੇ ਗਏ ਚਾਰ ਮੁਲਜ਼ਮਾਂ ਦੇ ਖੁਲਾਸੇ ’ਤੇ ਪੰਜਾਬ ਪੁਲੀਸ ਵੱਲੋਂ ਇਸ ਮਾਡਿਊਲ ਦੇ ਹੋਰ ਮੈਂਬਰਾਂ ਨੂੰ ਕਾਬੂ ਕਰਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ।

ਉਨਾਂ ਦੱਸਿਆ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਫਾਜਿਲਕਾ ਨੇ ਜਿਲਾ ਪੁਲਿਸ ਫਿਰੋਜਪੁਰ ਦੇ ਨਾਲ ਮਿਲ ਕੇ ਇਨਾਂ ਦੋਨਾਂ ਕਾਰਕੁਨਾਂ ਨੂੰ ਉਸ ਸਮੇਂ ਗਿ੍ਰਫਤਾਰ ਕੀਤਾ ਜਦੋਂ ਉਹ ਕਰਨਾਲ ਵਿਖੇ ਆਪਣੇ ਚਾਰ ਸਾਥੀਆਂ ਦੀ ਗਿ੍ਰਫਤਾਰੀ ਤੋਂ ਬਾਅਦ ਖੁਦ ਲਈ ਸੁਰੱਖਿਅਤ ਥਾਂ ਲੱਭਣ ਲਈ ਆਪਣੀ ਮਹਿੰਦਰਾ ਸਕਾਰਪੀਓ ਕਾਰ ਵਿੱਚ ਫਿਰੋਜਪੁਰ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ।
ਜਿਕਰਯੋਗ ਹੈ ਕਿ ਪੰਜਾਬ ਪੁਲਿਸ ਦੀ ਸੂਹ ‘ਤੇ ਕਾਰਵਾਈ ਕਰਦਿਆਂ ਹਰਿਆਣਾ ਪੁਲਿਸ ਨੇ ਵੀਰਵਾਰ ਨੂੰ ਇਹਨਾਂ ਚਾਰ ਮੁਲਜਮਾਂ  ਜਿਹਨਾਂ ਦੀ ਪਛਾਣ ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ ਅਤੇ ਪਰਮਿੰਦਰ ਸਿੰਘ ਵਾਸੀ ਪਿੰਡ ਵਿੰਜੋਕੇ, ਜੀਰਾ, ਫਿਰੋਜਪੁਰ ਅਤੇ ਲੁਧਿਆਣਾ ਦੇ ਪਿੰਡ ਭਟੀਆਂ ਦੇ ਭੁਪਿੰਦਰ ਸਿੰਘ ਵਜੋਂ ਹੋਈ ਹੈ,ਨੂੰ ਧਾਤੂ ਦੇ ਬਕਸੇ (2.5 ਕਿਲੋਗ੍ਰਾਮ ਹਰੇਕ) ਵਿੱਚ ਪੈਕ ਤਿੰਨ ਆਈ.ਈ.ਡੀਜ ਅਤੇ ਇੱਕ ਪਿਸਤੌਲ ਸਮੇਤ ਕਰਨਾਲ ਤੋਂ ਗਿ੍ਰਫਤਾਰ ਕੀਤਾ ਸੀ। 

ਐਸ.ਐਸ.ਪੀ. ਨੇ ਦੱਸਿਆ ਕਿ ਪੁਲੀਸ ਨੇ ਗੈਂਗਸਟਰ ਰਾਜਵੀਰ ਸਿੰਘ ਉਰਫ ਰਾਜਾ ਜਿਸ ਨੇ ਗੁਰਪ੍ਰੀਤ ਨੂੰ ਰਿੰਦਾ ਨਾਲ ਮਿਲਵਾਇਆ ਸੀ, ਨੂੰ ਵੀ ਬਠਿੰਡਾ ਜੇਲ ਤੋਂ ਪ੍ਰੋਡਕਸਨ ਵਾਰੰਟ ’ਤੇ ਲਿਆਂਦਾ ਹੈ । ਰਾਜਾ ਇੱਕ ਕੱਟੜ ਅਪਰਾਧੀ ਹੈ ਜਿਸ ਦੇ ਖਿਲਾਫ ਦਰਜਨਾਂ ਅਪਰਾਧਿਕ ਮਾਮਲੇ ਦਰਜ ਹਨ।

ਉਨਾਂ ਕਿਹਾ ਕਿ ਹੁਣ ਤੱਕ ਕੀਤੀ ਗਈ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਕਾਰਕੁਨ ਕੱਲ ਪਰਦਾਫਾਸ਼ ਕੀਤੇ ਗਏ ਮਾਡਿਊਲ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਸਨ। ਉਨਾਂ ਅੱਗੇ ਕਿਹਾ ਕਿ ਉਨਾਂ ਨੂੰ ਪਾਕਿਸਤਾਨੀ ਆਈ.ਐਸ.ਆਈ. ਅਤੇ ਪਾਕਿਸਤਾਨ ਅਧਾਰਤ ਖਾਲਿਸਤਾਨ ਪੱਖੀ ਅੱਤਵਾਦੀ ਸਮੂਹਾਂ ਵੱਲੋਂ ਭੇਜੀਆਂ ਗਈਆਂ ਕਈ ਖੇਪਾਂ ਪ੍ਰਾਪਤ ਹੋਈਆਂ ਸਨ ਅਤੇ ਇਸ ਨੂੰ ਰਿੰਦਾ ਦੇ ਕਹਿਣ ‘ਤੇ ਅੱਗੇ ਪਹੁੰਚਾਇਆ ਕਰਦੇ ਸਨ।
ਐਸ.ਐਸ.ਪੀ. ਚਰਨਜੀਤ ਸਿੰਘ ਨੇ ਦੱਸਿਆ ਕਿ ਆਕਾਸ਼ ਨੇ ਖੁਲਾਸਾ ਕੀਤਾ ਕਿ ਰਿੰਦਾ ਨੇ ਡਰੋਨ ਰਾਹੀਂ ਵਿਸਫੋਟਕ ਖੇਪ ਭੇਜੀ ਸੀ ਅਤੇ ਉਸ ਨੇ ਗੁਰਪ੍ਰੀਤ ਨਾਲ ਮਿਲ ਕੇ ਇਹ ਖੇਪ ਆਪਣੀ ਦਾਦੀ ਦੇ ਪਿੰਡ ਵਿੱਚ ਪ੍ਰਾਪਤ ਕੀਤੀ ਅਤੇ ਇਹ ਖੇਪ ਰਿੰਦਾ ਵੱਲੋਂ ਭੇਜੇ ਟਿਕਾਣਿਆਂ ’ਤੇ ਰੱਖ ਦਿੱਤੀ।

ਦੱਸਣਾ ਬਣਦਾ ਹੈ ਕਿ ਇਨਾਂ ਮੁਲਜਮਾਂ ਖਿਲਾਫ ਫਿਰੋਜਪੁਰ ਕੈਂਟ ਥਾਣੇ ਵਿੱਚ ਯੂ.ਏ.ਪੀ. (ਏ) ਐਕਟ, ਵਿਸਫੋਟਕ ਐਕਟ ਅਤੇ ਅਸਲਾ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਨਵਾਂ ਕੇਸ ਦਰਜ ਕਰ ਦਿਤਾ ਗਿਆ ਹੈ। ਗਿ੍ਰਫਤਾਰ ਕੀਤੇ ਗਏ ਦੋਵੇਂ ਮੁਲਜਮਾਂ ਨੂੰ ਮੈਜਿਸਟਰੇਟ ਅੱਗੇ ਪੇਸ ਕਰਕੇ ਹੋਰ ਪੁੱਛਗਿੱਛ ਲਈ ਪੁਲੀਸ ਰਿਮਾਂਡ ’ਤੇ ਲਿਆਂਦਾ ਗਿਆ ਹੈ।

Written By
The Punjab Wire