ਚੱਕਾ ਜਾਮ ਕਾਰਨ ਕਈ ਕਈ ਘੰਟੇ ਰਾਹਗੀਰ ਹੋਏ ਪ੍ਰੇਸ਼ਾਨ, ਪਰਿਵਾਰ ਨਾਲ ਸੜਕ ਤੇ ਫਸੀ ਛੋਟੀ ਬੱਚੀ ਲਈ ਦੁੱਧ ਦੀ ਭਾਲ ਕਰਦੇ ਦਿਖੇ ਜੰਮੂ ਜਾ ਰਿਹਾ ਪਰਿਵਾਰ
ਟੈਂਪੂ ਚਾਲਕਾਂ ਨੇ ਚੱਕਿਆ ਮੌਕੇ ਦਾ ਫਾਇਦਾ, 20 ਰੁਪਏ ਕਿਰਾਏ ਦੀ ਥਾਂ ਰਾਤ ਨੂੰ ਵਸੂਲੇ 200-250 ਰੁਪਏ
ਗੁਰਦਾਸਪੁਰ, 2 ਅਪ੍ਰੈਲ (ਮੰਨਣ ਸੈਣੀ)। ਸ਼ਨੀਵਾਰ ਨੂੰ ਪਾਰਿਵਾਰਿਕ ਮੈਂਬਰਾਂ ਅਤੇ ਵੱਖ ਵੱਖ ਸੰਗਠਨਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਵਿਰੋਧ, ਚੱਕਾ ਜਾਮ ਅਤੇ ਪਾਏ ਜਾ ਰਹੇ ਦਬਾਅ ਤੋਂ ਬਾਅਦ ਅਖਿਰ ਗੁਰਦਾਸਪੁਰ ਪੁਲਿਸ ਵੱਲੋਂ ਚਾਰ ਸਾਲ ਦੀ ਬੱਚੀ ਨਾਲ ਬਦਸਲੂਕੀ ਕਰਨ ਦੇ ਮਾਮਲੇ ‘ਚ ਮਾਂ ਦੇ ਸਪਲਿਮੈਂਟਰੀ ਬਿਆਨਾਂ ਤੇ ਦੋ ਸਕੂਲ ਪ੍ਰਬੰਧਕਾਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਿਸ ਤੋਂ ਬਾਅਦ ਅਖਿਰ ਸ਼ਨੀਵਾਰ ਸਵੇਰੇ ਧਰਨਾ ਚੱਕ ਲਿਆ ਗਿਆ। ਹਾਲਾਂਕਿ ਇਸ ਮਾਮਲੇ ਦਾ ਮੁੱਖ ਮੁਲਜ਼ਮ, ਜਿਸ ਦੀ ਪਛਾਣ ਹੋਣੀ ਬਾਕੀ ਹੈ, ਉਹ ਗ੍ਰਿਫ਼ਤਾਰੀ ਤੋਂ ਬਾਹਰ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਘਿਨਾਉਣੀ ਹਰਕਤ ਕਿਸਨੇ ਕੀਤੀ, ਕਿੱਥੇ ਕੀਤੀ, ਅਤੇ ਕੀ ਸਕੂਲ ਪ੍ਰਬੰਧਕਾਂ ਦਾ ਇਸ ਵਿੱਚ ਕਿੰਨਾ ਰੋਲ ਹੈ ਇਹ ਸਭ ਹਾਲੇ ਤੱਕ ਜਾਂਚ ਦਾ ਵਿਸ਼ਾ ਹੈ ਜੋਂ ਸਾਹਮਣੇ ਆਉਣਾ ਬਾਕੀ ਹੈ। ਅਖੀਰ ਧਰਨਾ ਖਤਮ ਹੋਣ ਤੋਂ ਬਾਅਦ ਗੁਰਦਾਸਪੁਰ ਪੁਲਿਸ ਨੇ ਇਸ ਸੰਬੰਧੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਰ ਪਹਿਲੂ ਤੇ ਜਾਂਚ ਚ ਜੁੱਟ ਗਈ ਹੈ।
ਜ਼ਿਕਰਯੋਗ ਹੈ ਕਿ ਸ਼ੁਕਰਵਾਰ ਨੂੰ ਚਾਰ ਸਾਲ ਦੀ ਬੱਚੀ ਨਾਲ ਕਿਸੇ ਅਣਪਛਾਤੇ ਵਿਅਕਤੀ ਨੇ ਦੁਰਾਚਾਰ ਕਰਨ ਦੇ ਦੋਸ਼ ਮਾਂ ਬਾਪ ਵੱਲੋਂ ਲਗਾਏ ਗਏ ਸਨ। ਉਹਨਾਂ ਦੱਸਿਆ ਸੀ ਕਿ ਵੀਰਵਾਰ ਨੂੰ ਇਹ ਘਿਨੌਨੀ ਘਟਨਾ ਸਕੂਲ ਅੰਦਰ ਹੋਈ ਸੀ। ਜਿਸ ਦਾ ਪਤਾ ਉਹਨਾਂ ਨੂੰ ਵੀਰਵਾਰ ਰਾਤ 10 ਵਜੇ ਉੱਦੇ ਲੱਗਾ ਜਦ ਬੱਚੀ ਘਰ ਬਾਧਰੂਮ ਲਈ ਗਈ ਅਤੇ ਪੇਟ ਦਰਦ ਬਾਰੇ ਦੱਸਿਆ। ਬੱਚੀ ਨੇ ਉਹਨਾਂ ਨੂੰ ਦੱਸਿਆ ਕਿ ਕੱਲ ਸਕੂਲ ਵਿੱਚ ਕਿਸੇ ਲੜਕੇ ਨੇ ਇਹ ਗਲਤ ਕੰਮ ਕੀਤਾ ਹੈ। ਇਸ ਸਬੰਧੀ ਸ਼ੁੱਕਰਵਾਰ ਨੂੰ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਤੇ ਹੋਰ ਜਥੇਬੰਦੀਆਂ ਨੇ ਮੁੱਖ ਮਾਰਗ ’ਤੇ ਜਾਮ ਲਾ ਦਿੱਤਾ। ਪੁਲਿਸ ਵੱਲੋਂ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਲਈ ਸਮਾਂ ਦੇਣ ਦੀ ਗੱਲ ਕਹੀ ਗਈ। ਪਰ ਗੁੱਸੇ ਵਿੱਚ ਆਏ ਰਿਸ਼ਤੇਦਾਰਾਂ ਅਤੇ ਲੋਕਾਂ ਨੇ ਧਰਨਾ ਨਾ ਚੁੱਕਿਆ ਅਤੇ ਸਕੂਲ ਪ੍ਰਸ਼ਾਸਨ ’ਤੇ ਦੋਸ਼ ਲਾਉਂਦਿਆਂ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਕਈ ਅਧਿਕਾਰੀ ਅਤੇ ਸਿਆਸਤਦਾਨ ਮੌਕੇ ਤੇ ਧਰਨਾ ਚੁਕਾਉਣ ਲਈ ਅਤੇ ਪੁਲਿਸ ਨੂੰ ਜਾਂਚ ਲਈ ਸਮਾਂ ਦੇਣ ਦੀ ਗੱਲ਼ ਕਰਦੇ ਨਜ਼ਰ ਆਏ ਤਾਂ ਜੋ ਸਾਰਾ ਸੱਚ ਸਾਹਮਣੇ ਆ ਸਕੇ। ਪਰ ਪਰਿਵਾਰ ਨੇ ਗੱਲ ਨਾ ਮੰਨਦਿਆਂ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕਰਨ ਅਤੇ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸਵੇਰ ਤੱਕ ਮੁੱਖ ਮਾਰਗ ਨੂੰ ਜਾਮ ਰੱਖਿਆ। ਜਿਸ ਕਾਰਨ ਸ਼ੁੱਕਰਵਾਰ ਨੂੰ ਸਕੂਲ ਦੇ ਦੋ ਪ੍ਰਬੰਧਕ ਵੀ ਇਸ ਮਾਮਲੇ ‘ਚ ਸ਼ਾਮਲ ਹੋਏ ਅਤੇ ਪੁਲਸ ਨੇ ਗ੍ਰਿਫਤਾਰ ਕਰ ਲਿਆ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਧਰਨਾ ਸਮਾਪਤ ਕਰ ਦਿੱਤਾ। ਹਾਲਾਂਕਿ ਅਜੇ ਤੱਕ ਇਸ ਮਾਮਲੇ ਦਾ ਮੁੱਖ ਦੋਸ਼ੀ ਫੜਿਆ ਨਹੀਂ ਗਿਆ ਹੈ।
ਇਸ ਸੰਬੰਧੀ ਗੁਰਦਾਸਪੁਰ ਦੇ ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਮਾਂ ਦੇ ਸਪਲਿਮੈਂਟਰੀ ਬਿਆਨਾਂ ਦੇ ਆਧਾਰ ਤੇ ਪੁਲਿਸ ਵੱਲੋਂ ਦੋ ਸਕੂਲ ਪ੍ਰਬੰਧਕਾਂ ਦੇ ਨਾਮ ਕੱਲ ਸਦਰ ਥਾਨਾ ਅੰਦਰ ਦਰਜ ਕੀਤੇ ਗਏ ਕੇਸ ਵਿੱਚ ਸ਼ਾਮਿਲ ਕਰ ਲਏ ਗਏ ਹਨ ਅਤੇ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹਨਾਂ ਵੱਲੋਂ ਇਸ ਕੇਸ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ ਅਤੇ ਲੋੜ ਪੈਣ ਤੇ ਟੀਮ ਵੀ ਗਠਿਤ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਕੇਸ ਦੀ ਸੱਚਾਈ ਨੂੰ ਸਾਹਮਣੇ ਲਿਆਉਣ ਲਈ ਪੁਲਿਸ ਟੀਮ ਬੇਹੱਦ ਬਾਰੀਕੀ ਨਾਲ ਹਰ ਪਹਲੂ ਤੇ ਜਾਂਚ ਕਰੇਗੀ।
ਨੈਸ਼ਨਲ ਹਾਈਵੇਅ ’ਤੇ ਚੱਕਾ ਜਾਮ ਕਾਰਨ ਰਾਹਗੀਰ ਹੋਏ ਪ੍ਰੇਸ਼ਾਨ
ਉੱਧਰ ਮੁੱਖ ਹਾਈਵੇ ਜਾਮ ਕਰਨ ਨਾਲ ਅਮ੍ਰਿਤਸਰ- ਜੰਮੂ ਨੈਸ਼ਨਲ ਹਾਈਵੇ ‘ਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਲੋਕ ਖੱਜਰ ਖੁਆਰ ਹੁੰਦੇ ਨਜ਼ਰ ਆਏ। ਜਾਮ ਕਾਰਨ ਖੱਜਲ ਹੋਏ ਲੋਕਾਂ ਵਿੱਚ ਇੱਕ ਐਸਾ ਜੰਮੂ ਦਾ ਪਰਿਵਾਰ ਵੀ ਸੀ ਜੋ ਆਪਣੀ ਛੋਟੀ ਬੱਚੀ ਨਾਲ ਸਫਰ ਕਰ ਰਹੇ ਸਨ। ਰਾਤ ਨੂੰ ਬੱਚੀ ਦੁੱਧ ਲਈ ਰੋਂਦੀ ਰਹੀ ਤੇ ਮਾਂ ਬਾਪ ਵਿਚਾਰੇ ਹੋਰ ਰਸਤਾ ਨਾ ਪਤਾ ਹੋਣ ਕਾਰਨ ਖੱਜਲ ਖੁਆਰ ਹੁੰਦੇ ਨਜਰ ਆਏ । ਇਸ ਚੱਕਾ ਜਾਮ ਵਿੱਚ ਸੱਭ ਤੋਂ ਵੱਧ ਫਾਇਦਾ ਟੈਂਪੂ ਚਾਲਕਾਂ ਨੇ ਚੱਕਿਆ। ਮੌਕੇ ਦਾ ਫਾਇਦਾ ਉਠਾਉਂਦੇ ਹੋਏ ਧਾਰੀਵਾਲ ਅਤੇ ਆਸ-ਪਾਸ ਦੇ ਪਿੰਡਾਂ ਨੂੰ ਜਾਣ ਵਾਲੇ ਰਾਹਗੀਰਾਂ ਤੋਂ ਜਿੱਥੇ ਉਹ 20 ਰੁਪਏ ਕਿਰਾਇਆ ਲੈਂਦੇ ਸਨ ਉੱਥੇ ਉਹਨਾਂ ਨੇ ਰਾਤ ਨੂੰ 200 ਤੋਂ 250 ਰੁਪਏ ਪ੍ਰਤਿ ਸਵਾਰੀ ਲੋਕਾਂ ਕੋਲੋ ਵਸੂਲ ਕੀਤੇ।