Close

Recent Posts

ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ ਵਿਦੇਸ਼

ਡਾ.ਓਬਰਾਏ ਦੀ ਬਦੌਲਤ ਬਟਾਲਾ ਦੇ 22 ਸਾਲਾ ਸੁਖਬੀਰ ਤੇ ਪਟਿਆਲਾ ਦੇ 25 ਸਾਲਾ ਗੁਰਪ੍ਰੀਤ ਦੇ ਮ੍ਰਿਤਕ ਸਰੀਰਾਂ ਨੂੰ ਨਸੀਬ ਹੋਈ ਆਪਣੀ ਮਿੱਟੀ

ਡਾ.ਓਬਰਾਏ ਦੀ ਬਦੌਲਤ ਬਟਾਲਾ ਦੇ 22 ਸਾਲਾ ਸੁਖਬੀਰ ਤੇ ਪਟਿਆਲਾ ਦੇ 25 ਸਾਲਾ ਗੁਰਪ੍ਰੀਤ ਦੇ ਮ੍ਰਿਤਕ ਸਰੀਰਾਂ ਨੂੰ ਨਸੀਬ ਹੋਈ ਆਪਣੀ ਮਿੱਟੀ
  • PublishedMarch 31, 2022

ਕਰੀਬ 25 ਦਿਨ ਪਹਿਲਾਂ ਦੁਬਈ ‘ਚ ਵੱਖ-ਵੱਖ ਥਾਵਾਂ ਤੇ ਹੋਈ ਸੀ ਦੋਵਾਂ ਦੀ ਮੌਤ

ਲਾਲਚੀ ਏਜੰਟਾਂ ਦੇ ਚੁੰਗਲ ‘ਚ ਫਸ ਆਪਣੇ ਪੁੱਤਾਂ ਨੂੰ ਮੌਤ ਦੇ ਮੂੰਹ ਨਾ ਧੱਕਣ ਮਾਪੇ : ਡਾ.ਓਬਰਾਏ

ਟਰੱਸਟ ਦੇਵੇਗਾ ਸੁਖਬੀਰ ਦੀ ਵਿਧਵਾ ਮਾਂ ਨੂੰ ਦੋ ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ

ਸਰਬੱਤ ਦਾ ਭਲਾ ਟਰੱਸਟ ਨੇ ਹੁਣ ਤੱਕ 299 ਬਦਨਸੀਬਾਂ ਦੇ ਮ੍ਰਿਤਕ ਸਰੀਰ ਵਾਰਸਾਂ ਤੱਕ ਪਹੁੰਚਾਏ

ਗੁਰਦਾਸਪੁਰ , 31 ਮਾਰਚ (ਮੰਨਣ ਸੈਣੀ )। ਆਪਣੇ ਪਰਿਵਾਰਾਂ ਨੂੰ ਆਰਥਿਕ ਮੰਦਹਾਲੀ ਚੋਂ ਕੱਢਣ ਲਈ ਆਪਣੇ ਘਰ,ਜ਼ਮੀਨਾਂ ਗਹਿਣੇ ਧਰ ਖਾੜੀ ਮੁਲਕਾਂ ‘ਚ ਮਿਹਨਤ ਮਜ਼ਦੂਰੀ ਕਰਨ ਗਏ ਲੋਕਾਂ ਦੀ ਹਰ ਮੁਸ਼ਕਲ ਘੜੀ ‘ਚ ਰਹਿਬਰ ਬਣ ਸੇਵਾ ਰੂਪੀ ਮਦਦ ਕਰਨ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਨੇੜਲੇ ਪਿੰਡ ਉਗਰੇਵਾਲ ਨਾਲ ਸਬੰਧਿਤ 22 ਸਾਲਾ ਸੁਖਬੀਰ ਸਿੰਘ ਪੁੱਤਰ ਬਿਕਰਮਜੀਤ ਸਿੰਘ ਅਤੇ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਨੇੜਲੇ ਪਿੰਡ ਗੋਪਾਲਪੁਰ ਦੇ 25 ਸਾਲਾ ਗੁਰਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਦੇ ਮਿ੍ਤਕ ਸਰੀਰ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ (ਰਾਜਾਸਾਂਸੀ) ਅੰਮ੍ਰਿਤਸਰ ਵਿਖੇ ਪਹੁੰਚੇ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਸੁਖਬੀਰ ਦੇ ਜਨਮ ਤੋਂ ਛੇ ਮਹੀਨੇ ਬਾਅਦ ਵਿਧਵਾ ਹੋਈ ਆਪਣੀ ਮਾਂ ਦੀ ਇਕਲੌਤੀ ਔਲਾਦ ਸੁਖਬੀਰ ਸਿੰਘ ਆਪਣੇ ਪਰਿਵਾਰ ਦੇ ਆਰਥਿਕ ਹਾਲਾਤਾਂ ਨੂੰ ਸੁਧਾਰਨ ਦੀ ਕੋਸ਼ਿਸ਼ ‘ਚ ਕੁਝ ਵਰ੍ਹੇ ਪਹਿਲਾਂ ਦੁਬਈ ਮਿਹਨਤ ਮਜ਼ਦੂਰੀ ਕਰਨ ਲਈ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ ਉੱਥੇ ਟਰੱਕ ਡਰਾਈਵਰ ਨਾਲ ਬਤੌਰ ਹੈਲਪਰ ਕੰਮ ਕਰਦਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਬੀਰ ਦੀ ਬੀਤੀ 6 ਮਾਰਚ ਨੂੰ ਸਮੁੰਦਰ ਦੇ ਕੰਢੇ ਤੋਂ ਮ੍ਰਿਤਕ ਦੇਹ ਮਿਲੀ ਸੀ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਗੁਰਪ੍ਰੀਤ ਸਿੰਘ ਵੀ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਦੁਬਈ ਵਿਖੇ ਮਿਹਨਤ ਮਜ਼ਦੂਰੀ ਕਰਨ ਆਇਆ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਵੀ ਗਲਤ ਹੱਥਾਂ ‘ਚ ਚਡ਼੍ਹਨ ਕਰਕੇ ਬੀਤੀ 7 ਮਾਰਚ ਨੂੰ ਅਚਾਨਕ ਆਪਣੇ ਬਜ਼ੁਰਗ ਮਾਪਿਆਂ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਗਿਆ ਸੀ। ਉਨ੍ਹਾਂ ਦੱਸਿਆ ਕਿ ਦੋਵਾਂ ਪੀੜ੍ਹਤ ਪਰਿਵਾਰਾਂ ਨੇ ਕ੍ਰਮਵਾਰ ਟਰੱਸਟ ਦੀਆਂ ਗੁਰਦਾਸਪੁਰ ਅਤੇ ਪਟਿਆਲਾ ਟੀਮਾਂ ਰਾਹੀਂ ਉਨ੍ਹਾਂ ਨਾਲ ਸੰਪਰਕ ਕਰ ਕੇ ਆਪਣੀ ਬੇਵਸੀ ਦਾ ਹਵਾਲਾ ਦਿੰਦਿਆਂ ਉਕਤ ਨੌਜਵਾਨਾਂ ਦੇ ਮ੍ਰਿਤਕ ਸਰੀਰ ਭਾਰਤ ਭੇਜਣ ਲਈ ਅਪੀਲ ਕੀਤੀ ਸੀ।ਜਿਸ ਤੇ ਉਨ੍ਹਾਂ ਦੁਬਈ ਵਿਚਲੇ ਭਾਰਤੀ ਦੂਤਾਵਾਸ ਦੇ ਸਹਿਯੋਗ ਅਤੇ ਆਪਣੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਦੀ ਦੇਖ-ਰੇਖ ‘ਚ ਤੁਰੰਤ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਅੱਜ ਦੋਵਾਂ ਨੌਜਵਾਨਾਂ ਦੇ ਮ੍ਰਿਤਕ ਸਰੀਰਾਂ ਨੂੰ ਭਾਰਤ ਭੇਜਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਫੈਸਲਾ ਕੀਤਾ ਹੈ ਕਿ ਸੁਖਬੀਰ ਦੀ ਇਕੱਲੀ ਰਹਿ ਗਈ ਮਾਂ ਨੂੰ ਟਰੱਸਟ ਵੱਲੋਂ ਦੋ ਹਜ਼ਾਰ ਮਹੀਨਾਵਾਰ ਪੈਨਸ਼ਨ ਦਿੱਤੀ ਜਾਵੇਗੀ,ਜਿਸ ਦਾ ਪਹਿਲਾ ਚੈੱਕ ਕੱਲ੍ਹ ਹੀ ਸਸਕਾਰ ਮੌਕੇ ਗੁਰਦਾਸਪੁਰ ਟੀਮ ਵੱਲੋਂ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ ।

ਡਾ ਐਸ ਪੀ ਸਿੰਘ ਓਬਰਾਏ

ਡਾ.ਐੱਸ.ਪੀ. ਸਿੰਘ ਓਬਰਾਏ ਨੇ ਇੱਕ ਵਾਰ ਮੁੜ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਲਾਲਚੀ ਏਜੰਟਾਂ ਦੇ ਚੁੰਗਲ ‘ਚ ਫਸ ਕੇ ਆਪਣੇ ਜਿਗਰ ਦੇ ਟੋਟਿਆਂ ਨੂੰ ਮੌਤ ਦੇ ਮੂੰਹ ‘ਚ ਨਾ ਪਾਉਣ।ਉਨ੍ਹਾਂ ਦੱਸਿਆ ਕਿ ਕੋਰੋਨਾ ਕਾਲ ਦੌਰਾਨ ਪੈਦਾ ਹੋਏ ਹਾਲਾਤਾਂ ਦੌਰਾਨ ਦੁਬਈ ਅੰਦਰ ਬਹੁਤ ਸਾਰੇ ਕਾਰੋਬਾਰ ਜਾਂ ਤਾਂ ਘਟ ਗਏ ਹਨ ਜਾਂ ਬਿਲਕੁਲ ਬੰਦ ਹੋ ਗਏ ਹਨ,ਜਿਸ ਕਾਰਨ ਪੰਜਾਬ ਤੋਂ ਗਏ ਹਜ਼ਾਰਾਂ ਨੌਜਵਾਨ ਇੱਥੇ ਕੰਮ-ਕਾਰ ਨਾ ਮਿਲਣ ਕਾਰਨ ਜਾਂ ਏਜੰਟਾਂ ਵੱਲੋਂ ਧੋਖਾ ਦੇਣ ਕਰਕੇ ਦੋ ਡੰਗ ਦੀ ਰੋਟੀ ਨੂੰ ਵੀ ਤਰਸਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਇਸੇ ਪ੍ਰੇਸ਼ਾਨੀ ਦੇ ਚਲਦਿਆਂ ਇਥੇ ਸਾਡੇ ਬਹੁਤ ਹੀ ਛੋਟੀ ਉਮਰ ਦੇ ਨੌਜਵਾਨ ਜਾਂ ਤਾਂ ਖ਼ੁਦਕੁਸ਼ੀਆਂ ਦੇ ਰਾਹ ਪੈ ਰਹੇ ਹਨ ਜਾਂ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਰੇ ਮਨ ਨਾਲ ਦੱਸਣਾ ਪੈ ਰਿਹਾ ਹੈ ਕਿ ਪਿਛਲੇ ਕੁਝ ਦਿਨਾਂ ‘ਚ ਹੀ ਉਹ 3 ਨੌਜਵਾਨਾਂ ਦੇ ਮ੍ਰਿਤਕ ਸਰੀਰ ਭਾਰਤ ਭੇਜ ਚੁੱਕੇ ਹਨ ਜਦ ਕਿ 8 ਤੋਂ 10 ਹੋਰਨਾਂ ਬਦਨਸੀਬ ਨੌਜੁਆਨਾਂ ਦੇ ਮਿ੍ਤਕ ਸਰੀਰ ਆਉਂਦੇ ਕੁਝ ਦਿਨਾਂ ‘ਚ ਪਹੁੰਚਾਏ ਜਾਣਗੇ।ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਦੁਬਈ ਪੁਲਿਸ ਨੇ ਵੀ ਭਾਰਤੀ ਦੂਤਾਵਾਸ ਰਾਹੀਂ ਉਨ੍ਹਾਂ ਨਾਲ ਸੰਪਰਕ ਕਰ ਕੇ ਕੁਝ ਭਾਰਤੀ ਨੌਜਵਾਨਾਂ ਦੇ ਲਾਵਾਰਸ ਮ੍ਰਿਤਕ ਸਰੀਰਾਂ ਦੀ ਜਾਣਕਾਰੀ ਵੀ ਦਿੱਤੀ ਗਈ ਹੈ,ਉਨ੍ਹਾਂ ਕਿਹਾ ਕਿ ਸਬੰਧਿਤ ਵਾਰਸਾਂ ਨੂੰ ਜਲਦ ਲੱਭ ਕੇ ਇਹ ਦੇਹਾਂ ਵੀ ਜਲਦ ਭਾਰਤ ਭੇਜ ਦਿੱਤੀਆਂ ਜਾਣਗੀਆਂ।

ਪੀਡ਼ਤ ਪਰਿਵਾਰਾਂ ਨਾਲ ਹਵਾਈ ਅੱਡੇ ਤੇ ਦੁੱਖ ਸਾਂਝਾ ਕਰਨ ਪਹੁੰਚੇ ਟਰੱਸਟ ਦੀ ਅੰਮ੍ਰਿਤਸਰ ਟੀਮ ਦੇ ਅਹੁਦੇਦਾਰ ਸੁਖਜਿੰਦਰ ਸਿੰਘ ਹੇਰ,ਮਨਪ੍ਰੀਤ ਸੰਧੂ ਚਮਿਆਰੀ,ਨਵਜੀਤ ਘਈ ਤੇ ਹਰਜਿੰਦਰ ਸਿੰਘ ਹੇਰ ਨੇ ਦੱਸਿਆ ਕਿ ਦੱਸਿਆ ਕਿ ਡਾ. ਓਬਰਾਏ ਦੇ ਯਤਨਾਂ ਸਦਕਾ ਹੁਣ ਤੱਕ 299 ਬਦਨਸੀਬ ਲੋਕਾਂ ਦੇ ਮਿ੍ਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।
ਇਸ ਦੌਰਾਨ ਮ੍ਰਿਤਕ ਦੇਹਾਂ ਲੈਣ ਹਵਾਈ ਅੱਡੇ ਤੇ ਪਹੁੰਚੇ ਪੀਡ਼ਤ ਪਰਿਵਾਰਾਂ ਨੇ ਡਾ.ਐੱਸ.ਪੀ.ਸਿੰਘ ਓਬਰਾਏ ਦਾ ਇਸ ਵੱਡੇ ਉਪਰਾਲੇ ਲਈ ਤਹਿ ਦਿਲੋਂ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬਦੌਲਤ ਸੁਖਬੀਰ ਤੇ ਗੁਰਪ੍ਰੀਤ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਅੰਤਿਮ ਦਰਸ਼ਨ ਨਸੀਬ ਹੋ ਸਕੇ ਹਨ।

Written By
The Punjab Wire