ਸਾਇੰਸ ਸਿਟੀ ਵਿਖੇ ਕੌਮਾਂਤਰੀ ਜਲ ਦਿਵਸ ਮਨਾਇਆ ਗਿਆ
ਕਪੂਰਥਲਾ, 22 ਮਾਰਚ । ਗੁਰੂ ਸਹਿਬਾਨਾਂ ਦੀਆਂ ਸਿੱਖਿਆਵਾਂ ਨੂੰ ਦੁਹਰਾਉਂਦੇ ਹੋਏ ਅਤੇ ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਦੇ ਗੰਭੀਰ ਖਤਰੇ ਨੂੰ ਰੋਕਣ ਲਈ ਸਖਤ ਕਦਮ ਚੁੱਕਣ ਦੀ ਲੋੜ ਤੇ ਜ਼ੋਰ ਦਿੰਦਿਆਂ ਪਦਮ ਸ੍ਰੀ ਐਵਾਰਡੀ ਬਾਬਾ ਸੇਵਾ ਸਿੰਘ ਨੇ ਕਿਹਾ ਕਿ ਜੇਕਰ ਅਸੀਂ ਪਾਣੀ ਨੂੰ ਇਵੇਂ ਹੀ ਅੰਜਾਈੱ ਗੁਆਉਂਦੇ ਰਹੇ ਤਾਂ ਆਉਣ ਵਾਲੇ ਅਗਲੇ 20 ਸਾਲਾਂ ਵਿਚ ਭਾਰਤ ਦੇ 60 ਫ਼ੀਸਦ ਜਲ ਸਰੋਤ ਖਤਰੇ ਦੀ ਕਗਾਰ ਤੇ ਪੁਹੰਚ ਜਾਣਗੇ। ਉਨ੍ਹਾਂ ਕਿਹਾ ਕਿ ਜ਼ਲ ਸਰੋਤਾਂ ਦੀ ਸੰਭਾਲ ਕਰਨੀ ਹੁਣ ਬਹੁਤ ਜ਼ਰੂਰੀ ਹੈ,ਜੇ ਅਸੀਂ ਹੁਣ ਵੀ ਦੇਰੀ ਕੀਤੀ ਤਾਂ ਫਿਰ ਬਹੁਤ ਜ਼ਿਆਦਾ ਦੇਰ ਹੋ ਜਾਵੇਗੀ। ਸਾਨੂੰ ਪਾਣੀ ਦੀ ਸਾਂਭ-ਸੰਭਾਲ ਲਈ ਵੱਧ ਤੋਂ ਵੱਧ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਬਰਬਾਦੀ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਅਜਿਹੀ ਰਣਨੀਤੀ ਨੂੰ ਲਾਗੂ ਕਰਨ ਦਾ ਹੈ, ਜਿਸ ਨਾਲ ਪਾਣੀ ਦੀ ਸਾਂਭ-ਸੰਭਾਲ ਅਤੇ ਸ਼ੁੱਧਤਾ ਦਾ ਸਫ਼ਲ ਪ੍ਰਦਸ਼ਨ ਹੋਵੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਦਮ ਸ੍ਰੀ ਐਵਾਰਡੀ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਕੌਮਾਂਤਰੀ ਜਲ ਦਿਵਸ ਦੇ ਮੌਕੇ ਤੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਕੀਤਾ।
ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਵਿਦਿਆਰਥੀਆਂ ਅਤੇ ਅਧਿਅਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਸ਼ਵ ਜਲ ਦਿਵਸ ਪਾਣੀ ਦੀ ਮਹੱਹਤਾ ਅਤੇ ਵਿਸ਼ਵ ਪੱਧਰ *ਤੇ ਜਲ ਸਕੰਟ ਨਾਲ ਨਜਿੱਠਣ ਲਈ ਲੋੜੀਂਦੇ ਕਦਮ ਚੁੱਕਣ ਹਿੱਤ ਜਾਗਰੂਕਤਾ ਪੈਦਾ ਕਰਨ ਦੇ ਆਸ਼ੇ ਮਨਾਇਆ ਜਾਂਦਾ ਹੈ। ਇਸ ਦਿਵਸ ਮਨਾਉਣ ਦਾ ਇਸ ਵਾਰ ਦਾ ਥੀਮ “ਜ਼ਮੀਨੀ ਪਾਣੀ: ਅਲੋਪ ਰਹੇ ਸਰੋਤਾਂ ਦੀ ਬਹਾਲੀ ” ਹੈ। ਉਨ੍ਹਾਂ ਦੱਸਿਆ ਕਿ ਜੰਨ ਸੰਖਿਆ ਦੇ ਲਗਾਤਾਰ ਵਾਧੇ ਕਾਰਨ ਘਰੇਲੂ ਕੰਮਾਂ, ਖੇੇਤੀਬਾੜੀ, ਉਦਯੋਗਾਂ ਅਤੇ ਬਿਜਲੀ ਦੇ ਉਪਤਾਦਨ ਲਈ ਪਾਣੀ ਦੀ ਮੰਗ ਦਿਨੋਂ— ਦਿਨ ਵੱਧਦੀ ਜਾ ਰਹੀ ਹੈ। ਸ਼ਹਿਰੀਕਰਨ, ਵੱਡੀ ਪੱਧਰ *ਤੇ ਵੱਧ ਰਹੀ ਸਨਅਤ ਤੇ ਉਦੋਯਗਾਂ ਅਤੇ ਖੇਤੀ ਦੇ ਉਤਪਾਦਾਂ ਨੂੰ ਵਧਾਉਣ ਲਈ ਵਰਤੇ ਜਾਣ ਵਾਲੇ ਪੈਸਟੀਸਾਈਡ ਦੇ ਕਾਰਨ ਧਰਤੀ ਦੇ ਉਪਰਲਾ ਅਤੇ ਹੇਠਲਾਂ ਪਾਣੀ ਵੀ ਦਿਨੋਂ —ਦਿਨ ਗੰਦਲਾ ਹੁੰਦਾ ਜਾ ਰਿਹਾ ਹੈ। ਇਸ ਦਾ ਪੀਣ ਵਾਲੇ ਪਾਣੀ ਦੀ ਉਪਲਬੱਧਤਾ ਤੇ ਵੀ ਸਿੱਧਾ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਅੱਗੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਿਊਬਲਾਂ ਦੀ ਵੱਧਦੀ ਗਿਣਤੀ ਦੇ ਨਤੀਜੇ ਵਜੋਂ ਪੀਣ—ਵਾਲੇ ਪਾਣੀ ਦਾ ਪੱਧਰ ਹਰ ਸਾਲ 23 ਤੋਂ ਲੈ ਕੇ 50 ਸੈਂਟੀਮੀਟਰ ਹਰ ਸਾਲ ਡੂੰਘਾ ਹੋ ਰਿਹਾ ਹੈ। ਪੰਜਾਬ ਦੇ ਜਲਸਰੋਤ ਡਾਇਰੈਕਟੋਰੇਟ ਅਤੇ ਸੈਂਟਰ ਗਰਾਊਂਡ ਵਾਟਰ ਬੋਰਡ ਭਾਰਤ ਸਰਕਾਰ ਵਲੋਂ 137 ਬਲਾਕਾਂ ਵਿਚੋਂ 105 ਬਲਾਕ ਹੱਦੋਂ ਵੱਧ, 4 ਨਾਜੁਕ, 3 ਅਰਧ ਨਾਜ਼ੁਕ ਅਤੇ 25 ਨੂੰ ਖਤਰੇ ਤੋਂ ਬਾਹਰ ਵਾਲੇ ਇਲਾਕਿਆ ਵਿਚ ਰੱਖਿਆ ਗਿਆ ਹੈ।
ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਵੀ ਹਾਜ਼ਰ ਸਨ। ਉਨ੍ਹਾਂ ਵਿਦਿਆਰਥੀਆਂ ਅਪੀਲ ਕੀਤੀ ਕਿ ਜਲ ਦੀ ਸੰਭਾਲ ਲਈ ਸਥਾਨਕ ਪੱਧਰ ਤੇ ਕੰਮ ਕਰ ਰਹੀਆਂ ਸੰਸਥਾਵਾਂ ਨਾਲ ਮਿਲਕੇ ਵਾਟਰਸ਼ੈਡ ਦੀ ਯੋਜਨਾ ਤਿਆਰ ਕਰਨ ਅਤੇ ਅਤੇ ਅਜਿਹੇ ਨਵੇਂ ਢੰਗ ਤਰੀਕੇ ਲੱਭਣ ਜੋ ਦਰਿਆਵਾਂ, ਝੀਲਾਂ ਅਤੇ ਜਲਗਾਹਾਂ ਨੂੰ ਸਾਂਭਣ ਵਿਚ ਮਦਦਗਾਰ ਹੋਣ।
ਇਸ ਮੌਕੇ ਪਾਣੀ ਦੀ ਸਾਂਭ-ਸੰਭਾਲ ਦੇ ਵਿਸ਼ੇ ਤੇ ਕਰਵਾਏ ਗਏ ਸਲੋਗਨ ਲਿਖਣ ਅਤੇ ਪਾਣੀ ਦੇ ਆਡਿਟ ਮੁਕਾਬਲੇ ਦੇ ਨਤੀਜੇ ਇਸ ਪ੍ਰਕਾਰ ਰਹੇ।
ਸਿਰਲੇਖ ਲਿਖਣ ਦੇ ਮੁਕਾਬਲੇ ਵਿਚ ਕੈਂਬਰਿਜ ਸਕੂਲ ਜਲੰਧਰ ਦੀ ਮਨਰੀਤ ਕੌਰ ਨੇ ਪਹਿਲਾ,ਡੀ.ਏ ਵੀ ਮਾਡਲ ਹਾਈ ਸਕੂਲ ਕਪੂਰਥਲਾ ਦੀ ਸਿਮਰਨ ਕੌਰ ਨੇ ਦੂਜਾ ਅਤੇ ਅਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਦੀ ਗਰਿਮਾ ਨੇ ਤੀਜਾ ਇਨਾਮ ਜਿੱਤਿਆ।
ਪਾਣੀ ਦੇ ਆਡਿਟ ਮੁਕਾਬਲੇ ਵਿਚ ਮਾਨਵ ਸਹਿਯੋਗ ਸਕੂਲ ਦੀ ਵੈਦਿਤ ਤੇ ਸਮੀਰ, ਅਤੇ ਸਹਿਜਦੀਪ ਤੇ ਅਵਨੀਤ ਨੇ ਪਹਿਲਾ ਅਤੇ ਦੁਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੀ ਇਸ ਮੁਕਾਬਲੇ ਵਿਚ ਅਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਦੀ ਗਰਿਮਾ ਤੀਜੇ ਸਥਾਨ ਤੇ ਰਹੀ।