ਜ਼ਿਲ੍ਹਾ ਭਲਾਈ ਅਫਸਰ ਨੇ ਦੋ ਦਿਨਾਂ ਵਿੱਚ ਸਮੱਸਿਆ ਹੱਲ ਕਰਨ ਦਾ ਦਿੱਤਾ ਭਰੋਸਾ
ਗੁਰਦਾਸਪੁਰ, 28 ਫਰਵਰੀ (ਮੰਨਣ ਸੈਣੀ)। ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਖਾਤਿਆਂ ਵਿੱਚ ਵਜ਼ੀਫੇ ਦੀ ਕਿਸ਼ਤ ਨਾ ਪਾਉਣ ਅਤੇ ਵਿਦਿਅਕ ਅਦਾਰਿਆਂ ਵੱਲੋਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਤੋਂ ਪੂਰੀ ਫੀਸਾਂ ਦੀ ਵਸੂਲੀ ਨਾ ਕਰਨ ਸਬੰਧੀ ਪੰਜਾਬ ਸਟੂਡੈਂਟਸ ਯੂਨੀਅਨ ਦਾ ਵਫ਼ਦ ਜ਼ਿਲ੍ਹਾ ਭਲਾਈ ਅਫਸਰ ਨੂੰ ਮਿਲਿਆ। ਜ਼ਿਲ੍ਹਾ ਆਗੂ ਮਨੀ ਭੱਟੀ ਨੇ ਦੱਸਿਆ ਕਿ ਜਿਨ੍ਹਾਂ ਦਲਿਤ ਵਿਦਿਆਰਥੀਆਂ ਨੇ ਆਪਣੇ ਵਜ਼ੀਫ਼ੇ ਲਈ ਅਪਲਾਈ ਕੀਤਾ ਸੀ। ਵਜ਼ੀਫ਼ਾ ਉਨ੍ਹਾਂ ਦੇ ਖਾਤਿਆਂ ਵਿੱਚ ਨਹੀਂ ਆਇਆ। ਪਰ ਕਾਲਜ ਉਕਤ ਵਿਦਿਆਰਥੀਆਂ ਤੋਂ ਫੀਸਾਂ ਦੀ ਮੰਗ ਕਰ ਰਿਹਾ ਹੈ। ਜਦੋਂ ਕਿ ਡਾ.ਬੀ.ਆਰ.ਅੰਬੇਦਕਰ ਸਕਾਲਰਸ਼ਿਪ ਸਕੀਮ ਤਹਿਤ ਕੋਈ ਵੀ ਵਿਦਿਅਕ ਅਦਾਰਾ ਉਨ੍ਹਾਂ ਤੋਂ ਫੀਸ ਨਹੀਂ ਲੈ ਸਕਦਾ। ਸਰਕਾਰੀ ਕਾਲਜ ਗੁਰਦਾਸਪੁਰ ਸਮੇਤ ਜ਼ਿਲ੍ਹੇ ਦੇ ਹੋਰ ਵਿੱਦਿਅਕ ਅਦਾਰਿਆਂ ਵਿੱਚ ਵਿਦਿਆਰਥੀਆਂ ਤੋਂ ਫੀਸਾਂ ਦੀ ਮੰਗ ਕੀਤੀ ਜਾ ਰਹੀ ਹੈ।
ਆਗੂਆਂ ਨੇ ਕਿਹਾ ਕਿ ਇੱਕ ਪਾਸੇ ਤਾਂ ਖਾਤਿਆਂ ਵਿੱਚ ਫੀਸਾਂ ਨਾ ਜਮ੍ਹਾਂ ਹੋਣ ਕਾਰਨ ਵਿਦਿਆਰਥੀ ਕਾਫੀ ਪ੍ਰੇਸ਼ਾਨ ਹੈ। ਉਥੇ ਹੀ ਦੂਜੇ ਪਾਸੇ ਉਹ ਵਿਦਿਆਰਥੀ ਵੀ ਪ੍ਰੇਸ਼ਾਨ ਹਨ ਜਿੰਨਾ ਦੇ ਖਾਤਿਆਂ ਵਿੱਚ ਫੀਸ ਜਮ੍ਹਾਂ ਹੋ ਗਈਆਂ ਹਨ। ਜਿਸ ਦਾ ਕਾਰਨ ਹੈ ਕਿ ਸਰਕਾਰ ਨੇ ਵਿਦਿਆਰਥੀਆਂ ਦੇ ਖਾਤੇ ਵਿੱਚ ਸਿਰਫ਼ ਇੱਕ ਸਮੈਸਟਰ ਦੀ ਫੀਸ ਜਮ੍ਹਾਂ ਕਰਵਾਈ ਹੈ। ਪਰ ਵਿੱਦਿਅਕ ਅਦਾਰੇ ਪੂਰੀਆਂ ਫੀਸਾਂ ਮੰਗ ਰਹੇ ਹਨ।
ਜ਼ਿਲ੍ਹਾ ਭਲਾਈ ਅਫ਼ਸਰ ਮੁਕਲ ਕੁਮਾਰ ਨੇ ਭਰੋਸਾ ਦਿੱਤਾ ਕਿ ਉਹ ਦੋ ਦਿਨਾਂ ਵਿੱਚ ਸਮੱਸਿਆ ਦਾ ਹੱਲ ਕਰ ਦੇਣਗੇ। ਆਗੂਆਂ ਨੇ ਮੰਗ ਕੀਤੀ ਹੈ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਮੁਆਫ਼ ਕੀਤੀ ਗਈ ਫੀਸ ਸਿੱਧੇ ਵਿਦਿਅਕ ਅਦਾਰਿਆਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਜਾਵੇ ਅਤੇ ਵਜ਼ੀਫ਼ੇ ਦੀ ਰਾਸ਼ੀ ਸਿਰਫ਼ ਵਿਦਿਆਰਥੀਆਂ ਦੇ ਖਾਤਿਆਂ ਵਿੱਚ ਹੀ ਪਾਈ ਜਾਵੇ। ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਕਰਨਗੇ। ਇਸ ਮੌਕੇ ਸਮੀਰ, ਸ਼ਾਲੂ ਏਕਤਾ, ਸ਼ਿਵਾਨੀ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।