ਬਟਾਲਾ, 28 ਫਰਵਰੀ ( ਮੰਨਣ ਸੈਣੀ) – ਸਿਹਤ ਵਿਭਾਗ ਵੱਲੋਂ ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ ਵਿਖੇ 15 ਤੋਂ 18 ਸਾਲ ਦੀ ਉਮਰ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਕੋਰੋਨਾ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਸਿਹਤ ਵਿਭਾਗ ਦੀ ਟੀਮ ਵੱਲੋਂ ਕਾਲਜ ਦੇ 15 ਤੋਂ 18 ਸਾਲ ਦੀ ਉਮਰ ਦੇ ਵਿਦਿਆਰਥੀਆਂ ਨੂੰ ਵੈਕਸੀਨ ਲਗਾਈ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬਹੁ-ਤਕਨੀਕੀ ਕਾਲਜ ਬਟਾਲਾ ਦੇ ਪ੍ਰਿੰਸੀਪਲ ਅਜੇ ਕੁਮਾਰ ਅਰੋੜਾ ਅਤੇ ਲੈਕਚਰਾਰ ਜਸਬੀਰ ਸਿੰਘ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਕਾਲਜ ਦੇ ਕਰੀਬ 50 ਵਿਦਿਆਰਥੀਆਂ ਨੇ ਕੋਵਿਡ-19 ਵੈਕਸੀਨ ਲਗਵਾਈ। ਇਨ੍ਹਾਂ ਵਿਦਿਆਰਥੀਆਂ ਤੋਂ ਇਲਾਵਾ 18 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਨੇ ਵੀ ਆਪਣੀ ਦੂਜੀ ਡੋਜ਼ ਅਤੇ ਕਾਲਜ ਦੇ ਕਈ ਸਟਾਫ ਮੈਂਬਰਾਂ ਨੇ ਇਸ ਕੈਂਪ ਦੌਰਾਨ ਆਪਣੀ ਬੂਸਟਰ ਡੋਜ ਵੀ ਲਗਵਾਈ।
ਪ੍ਰਿੰਸੀਪਲ ਸ੍ਰੀ ਅਰੋੜਾ ਨੇ ਸਿਹਤ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਦੇ ਯਤਨਾ ਸਦਕਾ ਉਨ੍ਹਾਂ ਦੇ ਕਾਲਜ ਦੇ ਵਿਦਿਆਰਥੀਆਂ ਦੀ 100 ਫੀਸਦੀ ਕੋਵਿਡ-19 ਵੈਕਸੀਨੇਸ਼ਨ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਨੂੰ ਹਰਾਉਣ ਲਈ ਇਹ ਵੈਕਸੀਨ ਲਗਾਉਣੀ ਬਹੁਤ ਜਰੂਰੀ ਹੈ ਅਤੇ ਵੈਕਸੀਨ ਲਗਵਾਉਣ ਦੇ ਨਾਲ ਕੋਰੋਨਾ ਤੋਂ ਬਚਣ ਦੀਆਂ ਸਾਵਧਾਨੀਆਂ ਵੀ ਅਮਲ ਵਿੱਚ ਲਿਆਉਣੀਆਂ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਸਾਂਝੇ ਯਤਨਾ ਨਾਲ ਹੀ ਕੋਰੋਨਾ ਦੀ ਮਹਾਂਮਾਰੀ ਨੂੰ ਮਾਤ ਦਿੱਤੀ ਜਾ ਸਕਦੀ ਹੈ।