ਹੋਰ ਗੁਰਦਾਸਪੁਰ ਦੇਸ਼ ਪੰਜਾਬ ਵਿਦੇਸ਼

ਵੱਖ ਵੱਖ ਜਨਤਕ ਜਥੇਬੰਦੀਆਂ ਵੱਲੋਂ ਯੂਕਰੇਨ ਉੱਪਰ ਰੂਸੀ ਹਮਲੇ ਦੇ ਵਿਰੋਧ ਵਿੱਚ ਮੁਜ਼ਾਹਰਾ ਕੀਤਾ ਗਿਆ

ਵੱਖ ਵੱਖ ਜਨਤਕ ਜਥੇਬੰਦੀਆਂ ਵੱਲੋਂ ਯੂਕਰੇਨ ਉੱਪਰ ਰੂਸੀ ਹਮਲੇ ਦੇ ਵਿਰੋਧ ਵਿੱਚ ਮੁਜ਼ਾਹਰਾ ਕੀਤਾ ਗਿਆ
  • PublishedFebruary 28, 2022

ਸੰਸਾਰ ਅਮਨ ਵਾਸਤੇ ਨਾਟੋ ਸਮੇਤ ਬਾਕੀ ਫੌਜੀ ਗਠਜੋੜ ਭੰਗ ਕੀਤੇ ਜਾਣ

ਗੁਰਦਾਸਪੁਰ 28 ਫਰਵਰੀ (ਮੰਨਣ ਸੈਣੀ )। ਵੱਖ ਵੱਖ ਜਨਤਕ ਜਥੇਬੰਦੀਆਂ ਵਲੋਂ ਯੂਕਰੇਨ ਉੱਪਰ ਰੂਸ ਦੇ ਫੌਜੀ ਹਮਲੇ ਵਿਰੁੱਧ ਲੋਕ ਰਾਇ ਲਾਮਬੰਦ ਕਰਨ ਲਈ ਸੂਬੇ ਦੇ ਲੋਕਾਂ ਨੂੰ ਜ਼ੋਰਦਾਰ ਢੰਗ ਨਾਲ ਅਮਨ-ਅਮਾਨ ਲਈ ਯੂਕਰੇਨ ਉੱਪਰ ਫੌਜੀ ਹਮਲਾ ਤੁਰੰਤ ਰੋਕੇ ਜਾਣ ਅਤੇ ਨਾਟੋ ਦੇ ਫੌਜੀ ਵਿਸਥਾਰ ਦੀ ਯੋਜਨਾ ਸਮੇਤ ਸਾਮਰਾਜੀ ਫੌਜੀ ਗਠਜੋੜ ਭੰਗ ਕੀਤੇ ਜਾਣ ਦੀ ਆਵਾਜ਼ ਬੁਲੰਦ ਕਰਨ ਲਈ ਸਥਾਨਕ ਸ਼ਹੀਦ ਕਾਮਰੇਡ ਅਮਰੀਕ ਸਿੰਘ ਯਾਦਗਾਰੀ ਹਾਲ ਵਿਖੇ ਇਕੱਠੇ ਹੋਣ ਉਪਰੰਤ ਸ਼ਹੀਦ ਲੈਫਟੀਨੈਟ ਨਵਦੀਪ ਸਿੰਘ ਚੌਂਕ ਤੱਕ ਮਾਰਚ ਕੀਤਾ ਗਿਆ। ਜਥੇਬੰਦੀਆਂ ਨੇ ਯੂਕਰੇਨ ਦੇ ਪੀੜਤ ਲੋਕਾਂ ਨਾਲ ਇੱਕਮੁੱਠਤਾ ਪ੍ਰਗਟ ਕਰਦੇ ਹੋਏ ਇਸ ਜੰਗ ਨੂੰ ਸਾਮਰਾਜੀ ਹਿੱਤਾਂ ਤੋਂ ਪ੍ਰੇਰਿਤ ਜੰਗ ਦੱਸਿਆ ਹੈ।

ਜਥੇਬੰਦੀ ਦੇ ਬੁਲਾਰਿਆ ਵੱਲੋਂ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਸਾਮਰਾਜੀ ਸ਼ਕਤੀਆਂ ਵੱਲੋਂ ਦੁਨੀਆਂ ਦੇ ਕੁਦਰਤੀ ਸੋਮਿਆਂ ਦੀ ਲੁੱਟ-ਖਸੁੱਟ ਕਰਨ ਅਤੇ ਕਰੋੜਾਂ-ਅਰਬਾਂ ਮਿਹਨਤਕਸ਼ ਲੋਕਾਂ ਵਿਰੁੱਧ ਜਾਰੀ ਆਪਣੀਆਂ ਸਾਜਿਸ਼ਾਂ ਦਾ ਨਵਾਂ ਖਾਜਾ ਯੂਕਰੇਨ ਬਣਾਇਆ ਹੈ। ਸਾਮਰਾਜੀ ਤਾਕਤਾਂ ਵੱਲੋਂ ਸੰਸਾਰ ਤਾਕਤ ਦੇ ਸਮਤੋਲ ਨੂੰ ਮੁੜ ਤੋਂ ਪ੍ਰੀਭਾਸ਼ਤ ਕਰਨ ਲਈ ਛੇੜੀ ਇਸ ਨਿਹੱਕੀ ਜੰਗ ਕਾਰਨ ਯੂਕਰੇਨ ਸਮੇਤ ਦੁਨੀਆਂ ਦੇ ਕਰੋੜਾਂ ਲੋਕ ਸਿੱਧੇ-ਅਸਿੱਧੇ ਢੰਗ ਨਾਲ ਪ੍ਰਭਾਵਿਤ ਹੋਣਗੇ।

ਆਗੂਆਂ ਨੇ ਕਿਹਾ ਜਿੱਥੇ ਰੂਸ ਨੂੰ ਇਸ ਹਮਲੇ ਲਈ ਜ਼ਿੰਮੇਵਾਰ ਠਹਿਰਾਇਆ ਹੈ ਉਥੇ ਅਮਰੀਕਾ ਦੇ ਨਾਟੋ ਸੰਗਠਨ ਸਮੇਤ ਜਰਮਨੀ-ਫਰਾਂਸ ਵਰਗੀਆਂ ਸਾਮਰਾਜੀ ਤਾਕਤਾਂ ਨੂੰ ਵੀ ਇਸ ਹਮਲੇ ਲਈ ਬਰਾਬਰ ਦੇ ਦੋਸ਼ੀ ਗਰਦਾਨਿਆ ਹੈ। ਉਨਾਂ ਕਿਹਾ ਕਿ ਅਮਰੀਕਾ ਵੱਲੋਂ ਨਾਟੋ ਦੇ ਵਿਸਥਾਰ ਦੀ ਧੁੱਸ, ਜਰਮਨੀ-ਫਰਾਂਸ ਦੀ ਅਗਵਾਈ ਵਾਲੀ ਯੂਰਪੀ-ਯੂਨੀਅਨ ਵੱਲੋਂ ਯੂਕਰੇਨ ’ਤੇ ਆਪਣਾ ਕੰਟਰੋਲ ਵਧਾਉਣ ਦੇ ਯਤਨ ਅਤੇ ਰੂਸ ਵੱਲੋਂ ਯੂਕਰੇਨ ਸਮੇਤ ਪੂਰਬੀ ਯੂਰਪ ਉੱਪਰ ਆਰਥਿਕ-ਸਿਆਸੀ ਸਰਦਾਰੀ ਸਥਾਪਤ ਕਰਨ ਦੇ ਸਾਮਰਾਜੀ ਹਿੱਤਾਂ ਨੂੰ ‘ਜਮਹੂਰੀਅਤ’ ਦੇ ਪਰਦੇ ਹੇਠ ਢੱਕਣ ਦਾ ਪਾਖੰਡ ਕੀਤਾ ਜਾ ਰਿਹਾ ਹੈ।

ਇਸ ਮੌਕੇ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਯੂਕਰੇਨ ਵਿਚ ਹਜ਼ਾਰਾਂ ਭਾਰਤੀ ਵਿਦਿਆਰਥੀ ਫੱਸੇ ਹੋਏ।ਜਿਹਨਾਂ ਵਿਚ ਗੁਰਦਾਸਪੁਰ ਨਾਲ ਸੰਬੰਧਤ ਉਚੇਰੀ ਸਿੱਖਿਆ ਪ੍ਰਾਪਤ ਕਰਨ ਗਏ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਨ।ਪਰ ਗੁਰਦਾਸਪੁਰ ਦੇ ਐਮ ਪੀ ਸੰਨੀ ਦਿਓਲ ਨੇ ਇਹਨਾਂ ਵਿਦਿਆਰਥੀਆਂ ਜਾਂ ਵਿਦਿਆਰਥੀਆਂ ਦੇ ਪਰਿਵਾਰਾਂ ਨਾਲ ਨਾ ਤੇ ਕੋਈ ਗੱਲ ਬਾਤ ਕੀਤੀ ਹੈ ਤੇ ਨਾ ਹੀ ਉਹਨਾਂ ਵਿਦਿਆਰਥੀਆਂ ਨੂੰ ਲਿਆਉਣ ਦਾ ਕੋਈ ਹੀਲਾ ਕੀਤਾ ਹੈ।

ਆਗੂਆਂ ਨੇ ਯੂਕਰੇਨ ਦੇ ਹੁਕਮਰਾਨਾਂ ਵੱਲੋਂ ਆਪਣੇ ਦੇਸ਼ ਨੂੰ ਸਾਮਰਾਜੀ ਤਾਕਤਾਂ ਦੀ ਖਹਿ ਦਾ ਨਿਸ਼ਾਨਾ ਬਣ ਜਾਣ ਵਿੱਚ ਨਿਭਾਈ ਭੂਮਿਕਾ ਦੀ ਨਿਖੇਧੀ ਕਰਨ ਦੇ ਨਾਲ-ਨਾਲ ਦੇਸ਼ ਦੀ ਕੇਂਦਰ ਸਰਕਾਰ ਦੀ ਇਸ ਮਸਲੇ ’ਤੇ ਸਾਮਰਾਜੀ ਤਾਕਤਾਂ ਦੀ ਸੇਵਾ ਵਿੱਚ ਭੁਗਤ ਰਹੀ ਕਮਜ਼ੋਰ ਅਤੇ ਅਸਪੱਸ਼ਟ ਵਿਦੇਸ਼ ਨੀਤੀ ਦੀ ਜੋਰਦਾਰ ਨਿਖੇਧੀ ਕੀਤੀ ਹੈ।
ਆਗੂਆਂ ਨੇ ਮੰਗ ਕੀਤੀ ਹੈ ਕੇ ਯੂਕਰੇਨ ਉੱਪਰ ਰੂਸੀ ਫੌਜੀ ਹਮਲੇ ਨੂੰ ਤੁਰੰਤ ਰੋਕੇ ਜਾਣ, ਨਾਟੋ ਦੇ ਵਿਸਥਾਰ ਦੀ ਯੋਜਨਾ ਸਮੇਤ ਸਾਮਰਾਜੀ ਫੌਜੀ ਗਠਜੋੜਾਂ ਨੂੰ ਤੁਰੰਤ ਭੰਗ ਕੀਤੇ ਜਾਣ।ਇਸ ਮੌਕੇ ਕਿਰਤੀ ਕਿਸਾਨ

ਯੂਨੀਅਨ ਤਰਲੋਕ ਸਿੰਘ ਬਹਿਰਾਮਪੁਰ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਰਾਜ ਕੁਮਾਰ ਪੰਡੋਰੀ, ਮੇਜਰ ਸਿੰਘ ਕੋਟ ਟੋਡਰ ਮੱਲ,ਉਸਾਰੀ ਮਿਸਤਰੀ ਮਜਦੂਰ ਯੂਨੀਅਨ ਇਫਟੂ ਦੇ ਸੁਖਦੇਵ ਰਾਜ ਬਹਿਰਾਮਪੁਰ, ਜੋਗਿੰਦਰਪਾਲ਼ ਘੁਰਾਲਾ, ਪੈਨਸ਼ਨਰ ਆਗੂ ਅਮਰਜੀਤ ਸ਼ਾਸਤਰੀ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਅਮਰ ਕ੍ਰਾਂਤੀ, ਜ਼ਿਲਾ ਆਗੂ ਮਨੀ ਭੱਟੀ, ਕਾਲਜ ਆਗੂ ਮਾਰਵੀ, ਪੰਕਜ ਕੁਮਾਰ, ਦੀਪਕ ਕੁਮਾਰ, ਜਮਹੂਰੀ ਅਧਿਕਾਰ ਸਭਾ ਦੇ ਆਗੂ ਅਮਰਜੀਤ ਮਨੀ ਨੇ ਸੰਬੋਧਨ ਕੀਤਾ।

Written By
The Punjab Wire