Close

Recent Posts

ਹੋਰ ਗੁਰਦਾਸਪੁਰ ਪੰਜਾਬ

ਉਮੀਦਵਾਰ ਨਿਰਧਾਰਤ ਸਮਾਂ ਸੀਮਾਂ ਤੋਂ ਪਹਿਲਾਂ ਅਪਰਾਧਿਕ ਪਿਛੋਕੜ ਸਬੰਧੀ ਜਾਣਕਾਰੀ ਪ੍ਰਕਾਸ਼ਿਤ ਕਰਵਾਉਣ- ਜਿਲਾ ਚੋਣ ਅਫਸਰ ਗੁਰਦਾਸਪੁਰ

ਉਮੀਦਵਾਰ ਨਿਰਧਾਰਤ ਸਮਾਂ ਸੀਮਾਂ ਤੋਂ ਪਹਿਲਾਂ ਅਪਰਾਧਿਕ ਪਿਛੋਕੜ ਸਬੰਧੀ ਜਾਣਕਾਰੀ ਪ੍ਰਕਾਸ਼ਿਤ ਕਰਵਾਉਣ- ਜਿਲਾ ਚੋਣ ਅਫਸਰ ਗੁਰਦਾਸਪੁਰ
  • PublishedFebruary 10, 2022

ਪਹਿਲਾ ਇਸ਼ਤਿਹਾਰ ਪ੍ਰਕਾਸ਼ਿਤ ਕਰਾਉਣ ਦੀ ਅੰਤਿਮ ਮਿਤੀ ਸਮਾਪਤ

ਗੁਰਦਾਸਪੁਰ , 10 ਫਰਵਰੀ (ਮੰਨਣ ਸੈਣੀ)। ਜ਼ਿਲ੍ਹਾ ਚੋਣ ਅਫ਼ਸਰ ਗੁਰਦਾਸਪੁਰ, ਜਨਾਬ ਮੁਹੰਮਦ ਇਸ਼ਫਾਕ ਨੇ ਕਿਹਾ ਹੈ ਕਿ ਰਾਜਨੀਤਿਕ ਪਾਰਟੀਆਂ ਅਤੇ ਚੋਣ ਲੜ ਰਹੇ ਉਮੀਦਵਾਰਾ ਅਪਰਾਧਿਕ ਪਿਛੋਕੜ ਸਬੰਧੀ ਜਾਣਕਾਰੀ ਭਾਰਤੀ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਅਖਬਾਰਾਂ ਅਤੇ ਇਲੈਕਟ੍ਰਾਨਿਕ ਮੀਡੀਆ ਵਿੱਚ ਪ੍ਰਕਾਸ਼ਤ ਕਰਾਉਣ ਲਈ ਨਿਰਧਾਰਤ ਸਮੇਂ ਨੂੰ ਨਜ਼ਰਅੰਦਾਜ਼ ਨਾ ਕਰਨ।

ਉਨ੍ਹਾਂ ਦੱਸਿਆ ਕਿ ਅਖਬਾਰਾਂ ਅਤੇ ਟੈਲੀਵਿਜ਼ਨ ਵਿੱਚ ਚੋਣ ਲੜ ਰਹੇ ਉਮੀਦਵਾਰਾਂ ਦੇ ਅਪਰਾਧਿਕ ਪਿਛੋਕੜ ਦਾ ਐਲਾਨ ਕਰਨ ਲਈ ਪਹਿਲਾ ਇਸ਼ਤਿਹਾਰ ਪ੍ਰਕਾਸ਼ਿਤ ਕਰਨ ਦੀ ਅੰਤਿਮ ਮਿਤੀ 8 ਫਰਵਰੀ, 2022 ਨੂੰ ਸਮਾਪਤ ਹੋ ਗਈ ਹੈ।

ਭਾਰਤੀ ਚੋਣ ਦੀਆਂ ਹਦਾਇਤਾਂ ਅਨੁਸਾਰ ਚੋਣ ਲੜਨ ਵਾਲੇ ਉਮੀਦਵਾਰ ਅਤੇ ਸਬੰਧਤ ਸਿਆਸੀ ਪਾਰਟੀ ਲਈ ਤਿੰਨ ਵਾਰ ਅਖਬਾਰਾਂ ਅਤੇ ਟੈਲੀਵਿਜ਼ਨਾਂ ਵਿੱਚ ਉਮੀਦਵਾਰ ਦੇ ਅਪਰਾਧਿਕ ਪਿਛੋਕੜ ਦਾ ਐਲਾਨ ਕਰਨਾ ਲਾਜ਼ਮੀ ਹੈ।

ਉਨ੍ਹਾਂ ਦੱਸਿਆ ਕਿ ਸ਼ਡਿਊਲ ਅਨੁਸਾਰ ਦੂਸਰਾ ਇਸ਼ਤਿਹਾਰ ਨਾਮਜ਼ਦਗੀ ਵਾਪਸ ਲੈਣ ਦੇ 5ਵੇਂ ਤੋਂ 8ਵੇਂ ਦਿਨ ਦੇ ਵਿਚਕਾਰ ਦਿੱਤਾ ਜਾ ਸਕਦਾ ਹੈ। ਜਦੋਂ ਕਿ, ਤੀਜਾ ਇਸ਼ਤਿਹਾਰ 9ਵੇਂ ਦਿਨ ਤੋਂ ਪ੍ਰਚਾਰ ਦੇ ਆਖਰੀ ਦਿਨ (ਚੋਣਾਂ ਦੀ ਮਿਤੀ ਤੋਂ ਇੱਕ ਦਿਨ ਪਹਿਲਾਂ ) ਤੱਕ ਦਿੱਤਾ ਜਾ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਕਿ ਸਬੰਧਤ ਰਾਜਨੀਤਕ ਪਾਰਟੀ ਅਤੇ ਉਮੀਦਵਾਰਾਂ ਨੂੰ ਇਹ ਘੋਸ਼ਣਾ ਪੱਤਰ ਕਿਸੇ ਖੇਤਰੀ ਅਖਬਾਰ ਵਿੱਚ 12 ਫੌਂਟ ਸਾਈਜ਼ ਵਿੱਚ ਤਿੰਨ ਵਾਰ ਢੁਕਵੀਂ ਥਾਂ `ਤੇ ਛਪਵਾਉਣਾ ਹੋਵੇਗਾ।

ਉਨ੍ਹਾਂ ਕਿਹਾ ਕਿ ਡੀਏਵੀਪੀ/ਆਡਿਟ ਬਿਊਰੋ ਆਫ਼ ਸਰਕੂਲੇਸ਼ਨ ਦੁਆਰਾ ਦੱਸੇ ਰਿਕਾਰਡ ਮੁਤਾਬਕ ਇਸ਼ਤਿਹਾਰ 75000 ਤੋਂ ਵੱਧ ਸਰਕੂਲੇਸ਼ਨ ਵਾਲੇ ਘੱਟੋ-ਘੱਟ ਇੱਕ ਰਾਸ਼ਟਰੀ ਰੋਜ਼ਾਨਾ ਅਖਬਾਰ ਵਿੱਚ ਅਤੇ ਘੱਟੋ-ਘੱਟ 25000 ਦੇ ਸਰਕੂਲੇਸ਼ਨ ਵਾਲੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਖੇਤਰੀ ਵਰਨਾਕੂਲਰ ਰੋਜ਼ਾਨਾ ਅਖਬਾਰ ਵਿੱਚ ਖੇਤਰੀ ਭਾਸ਼ਾ ਵਿੱਚ ਪ੍ਰਕਾਸ਼ਤ ਹੋਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਟੀਵੀ ਚੈਨਲਾਂ ਵਲੋਂ ਵੀ ਨਿਰਧਾਰਿਤ ਫਾਰਮੈਟ ਵਿੱਚ ਘੱਟੋ-ਘੱਟ ਸੱਤ ਸੈਕਿੰਡ ਲਈ ਸਵੇਰੇ 8:00 ਵਜੇ ਤੋਂ ਰਾਤ 10:00 ਵਜੇ ਤੱਕ ਖੇਤਰੀ ਭਾਸ਼ਾ ਜਾਂ ਅੰਗਰੇਜ਼ੀ ਵਿੱਚ ਇਸ ਦਾ ਪ੍ਰਸਾਰਣ ਕੀਤਾ ਜਾਵੇ ਤਾਂ ਜੋ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾ ਸਕੇ।

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੋ ਉਮੀਦਵਾਰ ਦੋਸ਼ੀ ਨਹੀਂ ਸਿੱਧ ਹੋਏ ਹਨ ਜਾਂ ਉਨ੍ਹਾਂ ਵਿਰੁੱਧ ਕੋਈ ਅਪਰਾਧਿਕ ਕੇਸ ਲੰਬਿਤ ਨਹੀਂ ਹੈ, ਉਨ੍ਹਾਂ ਨੂੰ ਅਜਿਹੇ ਇਸ਼ਤਿਹਾਰ ਪ੍ਰਕਾਸ਼ਿਤ ਕਰਨ ਦੀ ਲੋੜ ਨਹੀਂ ਹੈ।

Written By
The Punjab Wire