ਜ਼ਿਲ੍ਹਾ ਵਾਸੀ ਚੋਣ ਜ਼ਾਬਤੇ ਦੀ ਉਲੰਘਣਾ, ਸ਼ਰਾਰਤੀ ਅਨਸਰਾਂ ਸਮੇਤ ਵੋਟਾਂ ਖਰੀਦਣ ਲਈ ਸ਼ਰਾਬ, ਨਸ਼ੇ ਤੇ ਪੈਸੇ ਵੰਡਣ ਵਾਲਿਆਂ ਦੀ ਸ਼ਿਕਾਇਤ ਸੀ- ਵਿਜ਼ਲ ਐਪ ’ਤੇ ਕਰਨ
ਗੁਰਦਾਸਪੁਰ, 14 ਜਨਵਰੀ (ਮੰਨਣ ਸੈਣੀ)। ਵਿਧਾਨ ਸਭਾ ਚੋਣਾਂ-2022 ਲਈ ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਸੀ ਵਿਜ਼ਲ ਨਾਗਰਿਕ ਐਪ ਤਿਆਰ ਕੀਤੀ ਗਈ ਹੈ, ਜਿਸ ਰਾਹੀ 100 ਮਿੰਟ ਦੇ ਅੰਦਰ-ਅੰਦਰ ਹੀ ਕਾਰਵਾਈ ਕੀਤੀ ਜਾਂਦੀ ਹੈ। ਗੁਰਦਾਸਪੁਰ ਜ਼ਿਲੇ ਅੰਦਰ ਜਿਲਾ ਵਾਸੀਆਂ ਵਲੋਂ ਇਸ ਐਪ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਤਹਿਤ 13 ਜਨਵਰੀ ਨੂੰ ਦੋ ਸ਼ਿਕਾਇਤਾਂ ਮਿਲੀਆਂ ਸਨ, ਜਿਨਾਂ ਦਾ 100 ਮਿੰਟ ਦੇ ਅੰਦਰ-ਅੰਦਰ ਹੀ ਨਿਪਟਾਰਾ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ ਵਿਜਲ ਸੈੱਲ ਦੇ ਨੋਡਲ ਅਫਸਰ ਪਰਮਦੀਪ ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਹਲਕੇ ਗੁਰਦਾਸਪੁਰ ਦੇ ਪਿੰਡ ਸਲੀਮਪੁਰ ਅਰਾਈਆਂ ਤੋਂ 13 ਮਈ ਨੂੰ ਸ਼ਾਮ 4 ਵੱਜ ਕੇ 46 ਮਿੰਟ ਤੇ ਸ਼ਿਕਾਇਤ ਆਈ ਸੀ ਕਿ ਪਿੰਡ ਵਿਚ ਨਵਾਂ ਵਿਕਾਸ ਕੰਮ ਸ਼ੁਰੂ ਕੀਤਾ ਗਿਆ ਹੈ। ਜਿਸ ਦਾ ਮੌਕੇ ’ਤੇ ਐਫ.ਐਸ.ਟੀ (ਫਲਾਇੰਗ ਸਕੈਅਡ ਟੀਮ) ਪੁਹੰਚੀ ਤੇ ਕੰਮ ਬੰਦ ਕਰਵਾ ਦਿੱਤਾ ਗਿਆ। ਇਹ ਸਾਰੀ ਕਾਰਵਾਈ 76 ਮਿੰਟ ਵਿਚ ਮੁਕੰਮਲ ਕੀਤੀ ਗਈ। ਦੂਸਰੀ ਸ਼ਿਕਾਇਤਤ ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਡਾਲੇਚੱਕ ਤੋਂ ਮਿਲੀ ਕਿ ਪਿੰਡ ਅੰਦਰ ਗੋਲੀ ਚੱਲੀ ਹੈ। ਜਿਸ ’ਤੇ ਐਫ.ਐਸ.ਟੀ ਦੀ ਮੌਕੇ ’ਤੇ ਪੁੱਜੇ ਅਤੇ ਸਬੰਧਤ ਪੁਲਿਸ ਟੀਮ ਵੀ ਪੁਹੰਚ ਗਈ। ਇਸ ਸ਼ਿਕਾਇਤ ਦਾ 88 ਮਿੰਟ ਵਿਚ ਨਿਪਟਾਰਾ ਕਰ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸੀ ਵਿਜ਼ਲ ਉੱਤੇ 05 ਸ਼ਿਕਾਇਤਾਂ ਮਿਲੀਆਂ ਸਨ, ਜਿਨਾਂ ਦਾ 100 ਮਿੰਟ ਦੇ ਅੰਦਰ-ਅੰਦਰ ਨਿਪਟਾਰਾ ਕੀਤਾ ਜਾ ਚੁੱਕਾ ਹੈ। ਇਸ ਤਰਾਂ ਜ਼ਿਲੇ ਅੰਦਰ ਹੁਣ ਤਕ ਸੀ ਵਿਜ਼ਲ ਉੱਤੇ ਕੁਲ 07 ਸ਼ਿਕਾਇਤਾਂ ਮਿਲੀਆਂ ਸਨ, ਜਿਸ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ।
ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਫੋਨ ਵਿਚ ਸੀ-ਵਿਜ਼ਲ ਐਪ ਡਾਊਨਲੋਡ ਕਰਨ ਅਤੇ ਕਿਸੇ ਵੀ ਤਰਾਂ ਦੀ ਚੋਣ ਜ਼ਾਬਤੇ ਦੀ ਉਲੰਘਣਾ ਦੀ ਸ਼ਿਕਾਇਤ ਇਸ ਐਪ ਰਾਹੀਂ ਕਰ ਸਕਦੇ ਹਨ। ਇਸ ਐਪ ’ਤੇ ਸ਼ਰਾਰਤੀ ਅਨਸਰਾਂ ਸਮੇਤ ਵੋਟਾਂ ਖਰੀਦਣ ਲਈ ਸ਼ਰਾਬ, ਨਸ਼ੇ ਤੇ ਪੈਸੇ ਵੰਡਣ ਵਾਲਿਆਂ ਦੀ ਸ਼ਿਕਾਇਤ ਵੀ ਕੀਤੀ ਜਾ ਸਕਦੀ ਹੈ। ਉਨਾਂ ਅੱਗੇ ਦੱਸਿਆ ਕਿ ਹੈਲਪਲਾਈਨ ਨੰਬਰ 1950 ਉੱਤੇ ਵੀ ਸ਼ਿਕਾਇਤ ਜਾਂ ਵੋਟਾਂ ਸਬੰਧੀ ਸਹਾਇਤਾ ਲਈ ਸੰਪਰਕ ਕੀਤਾ ਜਾ ਸਕਦਾ ਹੈ।