ਚੰਡੀਗੜ, 8 ਜਨਵਰੀ: 1987 ਬੈਚ ਦੇ ਆਈਪੀਐਸ ਅਫ਼ਸਰ ਵੀਰੇਸ਼ ਕੁਮਾਰ ਭਾਵਰਾ ਨੇ ਸ਼ਨਿਚਰਵਾਰ ਨੂੰ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਦਾ ਅਹੁਦਾ ਸੰਭਾਲ ਲਿਆ ਹੈ।
ਸੂਬਾ ਸਰਕਾਰ ਵੱਲੋਂ ਜਾਰੀ ਹੁਕਮਾਂ ਵਿੱਚ ਲਿਖਿਆ ਗਿਆ ਹੈ, “ਕੇਂਦਰ ਲੋਕ ਸੇਵਾ ਕਮਿਸ਼ਨ ਪੈਨਲ ਦੇ ਵਿਚਾਰ ਮੁਤਾਬਕ , ਪੰਜਾਬ ਦੇ ਰਾਜਪਾਲ , ਸ੍ਰੀ ਵੀਰੇਸ਼ ਕੁਮਾਰ ਭਾਵਰਾ, ਆਈ.ਪੀ.ਐਸ. ਨੂੰ ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ (ਪੁਲਿਸ ਮੁਖੀ) ਵਜੋਂ ਨਿਯੁਕਤ ਕਰਦੇ ਹੋਏ ਮਾਣ ਮਹਿਸੂਸ ਕਰਦੇ ਹਨ ।’’
ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਨਵ-ਨਿਯੁਕਤ ਡੀ.ਜੀ.ਪੀ. ਪੰਜਾਬ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ- 2022 ਨੇੜੇ ਹਨ ਅਤੇ ਪੰਜਾਬ ਪੁਲਿਸ ਵਲੋਂ ਨਿਰਵਿਘਨ ਅਤੇ ਪਾਰਦਰਸ਼ੀ ਢੰਗ ਨਾਲ ਚੋਣਾਂ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇਗਾ।
ਡੀਜੀਪੀ ਵੀਰੇਸ਼ ਭਾਵਰਾ ਨੇ ਕਿਹਾ ਕਿ ਨਿਰਵਿਘਨ ਤੇ ਸੁਚਾਰੂ ਰੂਪ ’ਚ ਚੋਣਾਂ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਉਨਾਂ ਦਾ ਧਿਆਨ ਸੂਬੇ ਵਿੱਚੋਂ ਨਸ਼ਾਖੋਰੀ ਅਤੇ ਅੱਤਵਾਦ ਨੂੰ ਠੱਲ ਪਾਉਣ ‘ਤੇ ਹੋਵੇਗਾ। ਉਨਾਂ ਅੱਗੇ ਕਿਹਾ ਕਿ ਲੋਕ ਕੇਂਦਰਤ ਪੁਲੀਸ ਸੇਵਾਵਾਂ ਅਤੇ ਪਬਲਿਕ ਸਰਵਿਸ ਡਿਲੀਵਰੀ ਪ੍ਰਮੁੱਖ ਤਰਜੀਹਾਂ ਵਿੱਚ ਸ਼ਾਮਲ ਹਨ।
ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਵੱਖ-ਵੱਖ ਅਪਰਾਧਾਂ ਦੀ ਜਾਂਚ ਲਈ ਤਕਨਾਲੋਜੀ ਦੀ ਵੱਧ ਤੋਂ ਵੱਧ ਵਰਤੋਂ ਕਰੇਗੀ।
ਜ਼ਿਕਰਯੋਗ ਹੈ ਕਿ ਸ੍ਰੀ ਵੀਰੇਸ਼ ਭਾਵਰਾ ਜੋ ਕਿ ਪੁਲਿਸ ਮੈਡਲ ਮੈਰੀਟੋਰੀਅਸ ਸਰਵਿਸ ਅਤੇ ਡਿਸਟਿੰਗੁਜ਼ਿਟ ਸੇਵਾ ਲਈ ਰਾਸ਼ਟਰਪਤੀ ਪੁਲਿਸ ਮੈਡਲ ਦੇ ਐਵਾਰਡੀ ਹਨ,ਨੇ ਪੰਜਾਬ, ਅਸਾਮ ਅਤੇ ਇੰਟੈਲੀਜੈਂਸ ਬਿਊਰੋ, ਭਾਰਤ ਸਰਕਾਰ ਵਿੱਚ ਵੱਖ-ਵੱਖ ਅਹੁਦਿਆਂ ‘ਤੇ ਸ਼ਾਨਦਾਰ ਸੇਵਾਵਾਂ ਨਿਭਾਈਆਂ ਹਨ । ਉਹ ਐਸਐਸਪੀ ਮਾਨਸਾ, ਡੀਆਈਜੀ ਪਟਿਆਲਾ ਰੇਂਜ ਅਤੇ ਆਈਜੀਪੀ/ਬਠਿੰਡਾ ਵਜੋਂ ਵੀ ਕੰਮ ਕਰ ਚੁੱਕੇ ਹਨ। ਉਹ ਡੀਜੀਪੀ/ਏਡੀਜੀਪੀ – ਇੰਟੈਲੀਜੈਂਸ, ਪ੍ਰੋਵੀਜਨਿੰਗ ਅਤੇ ਆਧੁਨਿਕੀਕਰਨ, ਸੂਚਨਾ ਤਕਨਾਲੋਜੀ ਅਤੇ ਦੂਰਸੰਚਾਰ, ਬਿਊਰੋ ਆਫ ਇਨਵੈਸਟੀਗੇਸ਼ਨ, ਅੰਦਰੂਨੀ ਚੌਕਸੀ ਅਤੇ ਮਨੁੱਖੀ ਅਧਿਕਾਰ, ਅਤੇ ਭਲਾਈ ਦੇ ਤੌਰ ‘ਤੇ ਪੰਜਾਬ ਪੁਲਿਸ ਦੇ ਵੱਖ-ਵੱਖ ਵਿੰਗਾਂ ਦੇ ਮੁਖੀ ਵਜੋਂ ਕੰਮ ਕਰ ਚੁੱਕੇ ਹਨ । ਉਨਾਂ ਬਿਊਰੋ ਆਫ ਇਨਵੈਸਟੀਗੇਸ਼ਨ ਦੀ ਸਿਰਜਣਾ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਬਿਊਰੋ ਦੇ ਪਹਿਲੇ ਨਿਰਦੇਸ਼ਕ ਵਜੋਂ ਵੀ ਤਾਇਨਾਤ ਰਹੇ ਹਨ। ਆਈਟੀ ਐਂਡ ਟੀ ਵਿੰਗ ਵਿੱਚ ਆਪਣੀ ਤਾਇਨਾਤੀ ਦੌਰਾਨ, ਉਨਾਂ ਨੇ ਸੀ.ਸੀ.ਟੀਐਨਐਸ ਪ੍ਰੋਜੈਕਟ ਨੂੰ ਲਾਗੂ ਕਰਨ ਅਤੇ ਪੰਜਾਬ ਪੁਲਿਸ ਦੁਆਰਾ ਸੋਸਲ ਮੀਡੀਆ ਦੀ ਕਿਰਿਆਸ਼ੀਲ ਵਰਤੋਂ ਦੀ ਅਗਵਾਈ ਕੀਤੀ।