CORONA ਸਿਹਤ ਹੋਰ ਪੰਜਾਬ ਮੁੱਖ ਖ਼ਬਰ

ਉਪ ਮੁੱਖ ਮੰਤਰੀ ਵੱਲੋਂ ਸਾਰੇ ਪੀ.ਐਚ.ਸੀਜ਼, ਸੀ.ਐਚ.ਸੀਜ਼ ਅਤੇ ਆਕਸੀਜਨ ਪਲਾਟਾਂ ਨੂੰ ਚਲਾਉਣ ਦੇ ਹੁਕਮ

ਉਪ ਮੁੱਖ ਮੰਤਰੀ ਵੱਲੋਂ ਸਾਰੇ ਪੀ.ਐਚ.ਸੀਜ਼, ਸੀ.ਐਚ.ਸੀਜ਼ ਅਤੇ ਆਕਸੀਜਨ ਪਲਾਟਾਂ ਨੂੰ ਚਲਾਉਣ ਦੇ ਹੁਕਮ
  • PublishedDecember 27, 2021

ਓਮੀਕਰੋਨ ਵੇਰੀਐਂਟ ਦੇ ਮੱਦੇਨਜ਼ਰ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਬੈੱਡਾਂ ਦੀ ਉਪਲੱਬਧਤਾ ਸਬੰਧੀ ਸਮੀਖਿਆ ਕਰਨ ਦੇ ਨਿਰਦੇਸ਼

ਚੰਡੀਗੜ੍ਹ, 27 ਦਸੰਬਰ: ਕੌਮੀ ਪੱਧਰ `ਤੇ ਓਮੀਕਰੋਨ ਦੇ ਵੱਧ ਰਹੇ ਮਾਮਲਿਆਂ ਦਰਮਿਆਨ ਪੰਜਾਬ ਦੇ ਉਪ ਮੁੱਖ ਮੰਤਰੀ ਓ.ਪੀ. ਸੋਨੀ, ਜਿਨ੍ਹਾਂ ਕੋਲ ਸਿਹਤ ਸੇਵਾਵਾਂ ਅਤੇ ਪਰਿਵਾਰ ਭਲਾਈ ਵਿਭਾਗ ਦਾ ਚਾਰਜ ਵੀ ਹੈ, ਨੇ ਅੱਜ ਸਾਰੇ ਪ੍ਰਾਇਮਰੀ ਹੈਲਥ ਸੈਂਟਰਾਂ (ਪੀ.ਐਚ.ਸੀਜ਼), ਕਮਿਊਨਿਟੀ ਹੈਲਥ ਸੈਂਟਰਾਂ (ਸੀ.ਐਚ.ਸੀਜ਼) ਅਤੇ ਆਕਸੀਜਨ ਪਲਾਂਟਾਂ ਨੂੰ ਚਲਾਉਣ ਦੇ ਹੁਕਮ ਦਿੱਤੇ ਹਨ ਤਾਂ ਜੋ ਮਰੀਜ਼ਾਂ ਦੀ ਗਿਣਤੀ ਵਿੱਚ ਸੰਭਾਵੀ ਵਾਧੇ ਨਾਲ ਕਾਰਗਰ ਢੰਗ ਨਾਲ ਨਜਿੱਠਿਆ ਜਾ ਸਕੇ।

ਰੋਕਥਾਮ ਉਪਾਵਾਂ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਸ੍ਰੀ ਸੋਨੀ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਬੈੱਡਾਂ ਦੀ ਉਪਲਬਧਤਾ ਬਾਰੇ ਨਿਯਮਤ ਤੌਰ `ਤੇ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਅਤੇ ਉਨ੍ਹਾਂ ਨੂੰ ਡਾਕਟਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਦੀ ਬਾਰੀਕੀ ਨਾਲ ਸਮੀਖਿਆ ਕਰਨ ਲਈ ਕਿਹਾ। ਉਨ੍ਹਾਂ ਨੇ ਪੀਐਚਸੀਜ਼ ਨੂੰ ਸੀਐਚਸੀਜ਼, ਸੀਐਚਸੀਜ਼ ਨੂੰ ਐਸਡੀਐਚ (ਸਬ ਡਵੀਜ਼ਨਲ ਹਸਪਤਾਲਾਂ) ਵਿੱਚ ਅਪਗ੍ਰੇਡ ਕਰਨ ਦੇ ਵੀ ਨਿਰਦੇਸ਼ ਦਿੱਤੇ। ਏ.ਐਨ.ਐਮਜ਼, ਐਨ.ਐਚ.ਐਮ ਸਟਾਫ਼ ਅਤੇ ਆਸ਼ਾ ਵਰਕਰਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੇ ਮੁੱਦੇ `ਤੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਉਹ ਉੱਚ ਤਾਕਤੀ ਕਮੇਟੀ ਦੀ ਮੀਟਿੰਗ ਇਹ ਮਾਮਲਾ ਮੁੱਖ ਮੰਤਰੀ ਕੋਲ ਉਠਾਉਣਗੇ।

ਇੱਥੇ ਆਪਣੀ ਸਰਕਾਰੀ ਰਿਹਾਇਸ਼ `ਤੇ ਹੋਈ ਮੀਟਿੰਗ ਦੌਰਾਨ ਉਪ ਮੁੱਖ ਮੰਤਰੀ ਨੇ ਹਦਾਇਤ ਕੀਤੀ ਕਿ ਭਾਵੇਂ ਇਸ ਵੇਲੇ ਕੇਸਾਂ ਦੀ ਗਿਣਤੀ ਘੱਟ ਹੈ ਪਰ ਦਵਾਈਆਂ, ਆਕਸੀਜਨ ਟੈਂਕਰ, ਆਕਸੀਮੀਟਰ ਅਤੇ ਹੋਰ ਲੋੜੀਂਦੇ ਸਮਾਨ ਸਮੇਤ ਸਾਰੀਆਂ ਤਿਆਰੀਆਂ ਜਲਦ ਤੋਂ ਜਲਦ ਪੂਰੀਆਂ ਕਰ ਲਈਆਂ ਜਾਣ।

ਉਨ੍ਹਾਂ ਨੇ ਮੀਟਿੰਗ ਵਿੱਚ ਦੱਸਿਆ ਕਿ ਵਾਇਰਸ ਦੀ ਨਵੀਂ ਲਹਿਰ ਵਿੱਚ ਹਲਕੇ ਲੱਛਣ ਪਾਏ ਜਾ ਰਹੇ ਹਨ ਅਤੇ ਜ਼ਿਆਦਾਤਰ ਮਾਮਲਿਆਂ ਵਿੱਚ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਲੋੜ ਨਹੀਂ ਹੈ। ਇਸ ਲਈ ਘਰੇਲੂ ਇਕਾਂਤਵਾਸ ਵਿੱਚ ਹੀ ਲੋਕਾਂ ਦੇ ਇਲਾਜ ਸਬੰਧੀ ਤਿਆਰੀਆਂ ਨੂੰ ਤਰਜੀਹ ਦਿੱਤੀ ਜਾਵੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਸਿਹਤ ਸ੍ਰੀ ਰਾਜ ਕਮਲ ਚੌਧਰੀ, ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਸ੍ਰੀ ਕੁਮਾਰ ਰਾਹੁਲ, ਐਮ.ਡੀ. ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸ੍ਰੀ ਭੁਪਿੰਦਰ ਸਿੰਘ ਅਤੇ ਡਾ. ਓ ਪੀ ਗੋਜਰਾ ਹਾਜ਼ਰ ਸਨ।

Written By
The Punjab Wire