ਡਿਪਟੀ ਕਮਿਸ਼ਨਰ ਵਲੋ ਪ੍ਰਬੰਧਾਂ ਦਾ ਲਿਆ ਗਿਆ ਜਾਇਜ਼ਾ-ਅਧਿਕਾਰੀਆ ਨਾਲ ਕੀਤੀ ਮੀਟਿੰਗ
ਗੁਰਦਾਸਪੁਰ, 19 ਦਸੰਬਰ ( ਮੰਨਣ ਸੈਣੀ) । ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ 21 ਦਸੰਬਰ ਨੂੰ ਛੋਟਾ ਘੱਲੂਘਾਰਾ ਸਮਾਰਕ, ਕਾਹਨੂੰਵਾਨ ਛੰਬ ਵਿਖੇ ਪਹੁੰਚਣਗੇ। ਇਸ ਸਬੰਧੀ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਐੱਸਐੱਸਪੀ ਗੁਰਦਾਸਪੁਰ ਡਾ ਨਾਨਕ ਸਿੰਘ ਸਮੇਤ ਸ਼ਹੀਦੀ ਸਮਾਰਕ ਛੋਟਾ ਘੱਲੂਘਾਰਾ ਸਾਹਿਬ ਦਾ ਦੌਰਾ ਕੀਤਾ।
ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਐੱਸਐੱਸਪੀ ਗੁਰਦਾਸਪੁਰ ਸਮੇਤ ਵੱਖ ਵੱਖ ਅਧਿਕਾਰੀਆਂ ਨਾਲ ਸੁਰੱਖਿਆ ਦੀ ਨਜ਼ਰ ਤੋਂ ਵੀ ਵਿਚਾਰ ਵਟਾਂਦਰੇ ਕੀਤੇ। ਇਸ ਮੌਕੇ ਉਨ੍ਹਾਂ ਨੇ ਸ਼ਹੀਦੀ ਸਮਾਰਕ ਵਿੱਚ ਪ੍ਰਾਜੈਕਟ ਰਾਹੀਂ ਸ਼ਹੀਦੀ ਸਾਕੇ ਨੂੰ ਰੂਪਮਾਨ ਕਰਦੀ ਫ਼ਿਲਮ ਅਤੇ ਹੋਰ ਵਿਸ਼ੇਸ਼ ਨੁਕਤਿਆਂ ਸਬੰਧੀ ਵੀ ਵਿਚਾਰਾਂ ਕੀਤੀਆਂ।
ਇਸ ਮੌਕੇ ਉਨ੍ਹਾਂ ਦੇ ਸਮੁੱਚੇ ਮੈਮੋਰੀਅਲ ਦਾ ਦੌਰਾ ਕੀਤਾ ਅਤੇ ਮੈਮੋਰੀਅਲ ਵਿੱਚ ਸਾਰੀਆਂ ਹੀ ਇਮਾਰਤਾਂ ਫੁਹਾਰਿਆਂ ਤੋਂ ਇਲਾਵਾ ਲੱਗੇ ਹੋਏ ਬੁੱਤਾਂ ਦੀ ਸਾਂਭ ਸੰਭਾਲ ਦਾ ਜਾਇਜ਼ਾ ਲੈਂਦੇ ਹੋਏ ਰਹਿੰਦੀਆਂ ਖਾਮੀਆਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਤੁਰੰਤ ਦੂਰ ਕਰਨ ਦੇ ਹੁਕਮ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਜ਼ਿਲ੍ਹਾ ਜੰਗਲਾਤ ਅਫਸਰ ਅਤੇ ਭੌ ਰੱਖਿਆ ਵਿਭਾਗ ਦੇ ਅਧਿਕਾਰੀ ਨੂੰ ਸਮਾਰਕ ਵਿਚ ਰਹਿੰਦੀਆਂ ਤਰੁੱਟੀਆਂ ਦੂਰ ਕਰਨ ਅਤੇ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਲਈ ਵੀ ਤਾਕੀਦ ਕੀਤੀ।
ਇਸ ਮੌਕੇ ਅਮਨਦੀਪ ਕੋਰ ਸਹਾਇਕ ਕਮਿਸ਼ਨਰ (ਜ) ਗੁਰਦਾਸਪੁਰ, ਇਤਿਹਾਸਕਾਰ ਅਤੇ ਪ੍ਰੋਫੈਸਰ ਰਾਜ ਕੁਮਾਰ ਸ਼ਰਮਾ, ਹਰਚਰਨ ਸਿੰਘ ਕੰਗ, ਹਰਮਨਪ੍ਰੀਤ ਸਿੰਘ, ਦਮਨਦੀਪ ਸਿੰਘ, ਮਨਦੀਪ ਕੋਰ ਤੋ ਇਲਾਵਾ ਹੋਰ ਵੀ ਇਲਾਕੇ ਦੇ ਪਤਵੰਤੇ ਅਤੇ ਜ਼ਿਲ੍ਹਾ ਪ੍ਰਸ਼ਾਸਨਕ ਅਧਿਕਾਰੀ ਅਤੇ ਪੁਲੀਸ ਅਧਿਕਾਰੀ ਵੀ ਹਾਜ਼ਰ ਸਨ।