ਬਿਆਸ ਦਰਿਆ ਦੇ ਵਿੱਚ ਪੈਂਦੇ ਇਸ ਟਾਪੂ ਨੁਮਾਂ ਪਿੰਡ ਨੂੰ ਈਕੋ ਟੂਰਿਜ਼ਮ ਤਹਿਤ ਕੀਤਾ ਜਾਵੇਗਾ ਵਿਕਸਤ
ਗੁਰਦਾਸਪੁਰ, 19 ਦਿਸੰਬਰ (ਮੰਨਣ ਸੈਣੀ, ਕੁਲਦੀਪ ਜਾਫਲਪੁਰਿਆ)। ਜ਼ਿਲ੍ਹਾ ਪ੍ਰਸ਼ਾਸਨ ਵੱਲੋ ਇੱਕ ਨਿਵੇਕਲੀ ਪਹਿਲਕਦਮੀ ਕਰਦੇ ਹੋਏ ਨਜਾਇਜ਼ ਸ਼ਰਾਬ ਲਈ ਬਦਨਾਮ ਬਿਆਸ ਕੰਡੇ ਤੇ ਪੈਂਦੇ ਪੈਂਦੇ ਇੱਕ ਟਾਪੂ ਨੂਮਾਂ ਪਿੰਡ ਮੋਚਪੁਰ ਨੂੰ ਈਕੋ-ਟੂਰੀਅਮ ਤਹਿਤ ਵਿਕਸਤ ਕੀਤਾ ਜਾ ਰਿਹਾ ਹੈ। ਜਿਸ ਦਾ ਸਿਹਰਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਦੇ ਸਿਰ ਜਾਂਦਾ ਹੈ। ਡੀਸੀ ਇਸ਼ਫਾਕ ਵੱਲੋ ਇੱਕ ਤੀਰ ਨਾਲ ਦੋ ਨਿਸ਼ਾਨੇ ਮਾਰਨ ਦਾ ਉਪਰਾਲਾ ਕੀਤਾ ਗਿਆ ਹੈ ਜਿਸ ਨਾਲ ਨਜਾਇਜ਼ ਸ਼ਰਾਬ ਦੇ ਕਾਰੋਬਾਰ ਵਿੱਚ ਲੱਗੇ ਲੋਕਾਂ ਨੂੰ ਨਜਾਇਜ਼ ਕਾਰੋਬਾਰ ਤੋਂ ਹਟਾ ਕੇ ਵੱਖ-ਵੱਖ ਸਕੀਮਾਂ ਅਤੇ ਰੋਜਗਾਰ ਦੇਣ ਲਈ ਪੂਰਾ ਖਾਕਾ ਤਿਆਰ ਕਰ ਲਿਆ ਗਿਆ ਹੈ। ਇਹ ਪ੍ਰੋਜੈਕਟ ਈਕੋ ਟੂਰਿਅਮ ਦੇ ਤਹਿਤ ਵਿਕਸਿਤ ਕੀਤਾ ਜਾਵੇਗਾ। ਜਿਸ ‘ਤੇ ਡੀਸੀ ਇਸ਼ਫਾਕ ਇਨ੍ਹੀਂ ਦਿਨੀਂ ਪੂਰਾ ਧਿਆਨ ਦੇ ਰਹੇ ਹਨ। ਇਸ ਸਬੰਧੀ ਡੀਸੀ ਨੇ ਸਮੁੱਚੇ ਪ੍ਰਸ਼ਾਸਨਿਕ ਅਮਲੇ ਨਾਲ ਐਤਵਾਰ ਨੂੰ ਪਿੰਡ ਮੋਚਪੁਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਪਿੰਡ ਦੇ ਸਰਪੰਚ ਦਲਬੀਰ ਸਿੰਘ ਅਤੇ ਇਲਾਕੇ ਦੇ ਹੋਰ ਲੋਕਾਂ ਨਾਲ ਮਿਲ ਕੇ ਇਸ ਜਗ੍ਹਾ ਨੂੰ ਵਿਕਸਤ ਕਰਨ ਲਈ ਵੀ ਵਿਚਾਰ ਵਟਾਂਦਰਾ ਕੀਤਾ।
ਦੱਸਣਯੋਗ ਹੈ ਕਿ ਪਿੰਡ ਮੋਚਪੁਰ ਨਾਜਾਇਜ਼ ਸ਼ਰਾਬ ਲਈ ਕਾਫੀ ਮਸ਼ਹੂਰ ਹੈ। ਹੁਸ਼ਿਆਰਪੁਰ ਵਿੱਚ 2010 ਵਿੱਚ ਨਾਜਾਇਜ਼ ਸ਼ਰਾਬ ਕਾਰਨ ਹੋਈਆਂ ਮੌਤਾਂ ਦੇ ਤਾਰ ਵੀ ਮੋਚਪੁਰ ਟਾਪੂ ਨਾਲ ਜੁੜਿਆਂ ਸੀ। ਇਸ ਤੋਂ ਬਾਅਦ ਵੀ ਪ੍ਰਸ਼ਾਸਨ ਇਸ ਪਿੰਡ ਵਿੱਚੋਂ ਨਾਜਾਇਜ਼ ਸ਼ਰਾਬ ਦੇ ਧੰਦੇ ਨੂੰ ਖ਼ਤਮ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਿਆ। ਪਰ ਹੁਣ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਇਸ ਧੰਦੇ ਨਾਲ ਜੁੜੇ ਲੋਕਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਕੇ ਨਜਾਇਜ਼ ਸ਼ਰਾਬ ਦੇ ਧੰਦੇ ਨੂੰ ਖਤਮ ਕਰਨ ਦਾ ਨਿਵੇਕਲਾ ਅਤੇ ਨਵਾਂ ਉਪਰਾਲਾ ਕੀਤਾ ਗਿਆ ਹੈ। ਜਿਸ ਨਾਲ ਪਿੰਡ ਵਾਸਿਆਂ ਅਤੇ ਨੋਜਵਾਨਾਂ ਵਿੱਚ ਵੀ ਕਾਫ਼ੀ ਉਤਸੁਕਤਾ ਦੇਖੀ ਗਈ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਡੀਸੀ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਬਿਆਸ ਦਰਿਆ ਨੇੜੇ ਇਸ ਕੁਦਰਤੀ ਖੇਤਰ ਨੂੰ ਈਕੋ-ਟੂਰੀਅਮ ਤਹਿਤ ਵਿਕਸਤ ਕਰਕੇ ਵੱਡੇ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕੀਤਾ ਜਾਵੇਗਾ ਅਤੇ ਇਸ ਸੰਬੰਧੀ ਲੋਕਾਂ ਨੂੰ ਰੋਜਗਾਰ ਦੇ ਸਾਧਨ ਵੀ ਮੁਹਾਇਆ ਕਰਵਾਏ ਜਾਣਗੇਂ ਤਾਕਿ ਲੋਕ ਨਾਜਾਇਜ਼ ਕੰਮਾ ਤੋ ਹੱਟ ਆਪਣਾ ਗੁਜਾਰਾ ਇੱਜਤ ਦੀ ਰੋਟੀ ਨਾਲ ਕਰ ਸਕਣ। ਇਸ ਟਾਪੂ ਨੁਮਾ ਪਿੰਡ ਵਿੱਚ ਦਰਿਆ ਦੇ ਦੋਵੇਂ ਪਾਸੇ ਆਮ ਯਾਤਰੀਆਂ ਦੀ ਆਵਾਜਾਈ ਲਈ ਇੱਕ ਬੇੜੇ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇੱਥੇ ਇੱਕ ਓਪਨ ਜਿੰਮ ਅਤੇ ਸੁੰਦਰ ਪੌਦਿਆਂ ਨਾਲ ਭਰਿਆ ਸੁੰਦਰ ਪਾਰਕ ਵੀ ਹੋਵੇਗਾ, ਜਿਸ ‘ਤੇ ਕਰੀਬ 50 ਲੱਖ ਰੁਪਏ ਖਰਚ ਆਉਣਗੇ। ਇਸ ਪ੍ਰਾਜੈਕਟ ਨੂੰ ਜੋੜਨ ਵਾਲੀਆਂ ਸੜਕਾਂ ਵੀ ਬਣਾਈਆਂ ਜਾਣਗੀਆਂ। ਉਥੇ ਬੱਚਿਆਂ ‘ਤੇ ਵਿਸ਼ੇਸ਼ ਧਿਆਨ ਦੇ ਕੇ ਖੇਡਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ।
ਇਸ ਮੌਕੇ ਡੀਸੀ ਵੱਲੋਂ ਪਿੰਡ ਦੇ ਨੌਜਵਾਨਾਂ ਅਤੇ ਪੰਚਾਇਤ ਦੇ ਨੁਮਾਇੰਦਿਆਂ ਨੂੰ ਦੱਸਿਆ ਗਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੌਜਪੁਰ ਦੇ ਨੌਜਵਾਨਾਂ ਨੂੰ ਸਿੱਖਿਅਤ ਕਰਕੇ ਉਨ੍ਹਾਂ ਨੂੰ ਸਵੈ-ਰੁਜ਼ਗਾਰ ਦੇ ਕੇ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਵੀ ਯਤਨ ਕੀਤੇ ਜਾਣਗੇੰ। ਡੀਸੀ ਨੇ ਦੱਸਿਆ ਕਿ ਦੋ ਦਿਨਾਂ ਵਿੱਚ ਪਿੰਡ ਵਿੱਚ ਚਾਰ ਕੰਪਿਊਟਰ ਵੀ ਲਗਾ ਦਿੱਤੇ ਜਾਣਗੇ। ਜਿੱਥੋਂ ਪਿੰਡ ਦੇ ਨੌਜਵਾਨ ਸਪੈਸ਼ਲ ਟੈਕਨੀਕਲ ਟੀਚਰ ਰਾਹੀਂ ਬੇਸਿਕ ਕੋਰਸ ਕਰਕੇ ਰੋਜ਼ਗਾਰ ਦੇ ਕਾਬਲ ਬਣ ਜਾਣਗੇ।
ਇਸ ਮੌਕੇ ਤੇ ਨੌਜਵਾਨਾਂ ਦਿਆ ਅੱਖਾ ਵਿੱਚ ਇਕ ਵੱਖਰੀ ਉਮੀਦ ਵੀ ਵੇਖੀ ਗਈ ਅਤੇ ਉਹਨਾਂ ਦਾ ਕਹਿਣਾ ਸੀ ਕਿ ਜਿਸ ਉਹ ਡੀਸੀ ਦੀ ਪ੍ਰੇਰਣਾ ਸਦਕਾ ਕਾਫੀ ਉਤਸਾਹਿਤ ਹੋਏ ਹਨ ਅਤੇ ਨਵੇ ਮੋਚਪੁਰ ਦੀ ਉਮੀਦ ਕਰ ਰਹੇ ਹਨ।