ਮੱਖੂ ਡਰੇਨ ਦੀ ਸਫ਼ਾਈ ਲਈ 10 ਕਰੋੜ ਅਤੇ ਜ਼ੀਰਾ ਵਿੱਚ ਸਟੇਡੀਅਮ ਲਈ ਕੀਤਾ 1 ਕਰੋੜ ਰੁਪਏ ਦਾ ਐਲਾਨ
ਮੁੱਖ ਮੰਤਰੀ ਚੰਨੀ ‘ਵਿਸ਼ਵਾਸ-ਏ-ਪੰਜਾਬ’ ਖ਼ਿਤਾਬ ਨਾਲ ਸਨਮਾਨਿਤ
ਜ਼ੀਰਾ, 19 ਦਸੰਬਰ: ਵਿਧਾਨ ਸਭਾ ਹਲਕਾ ਜ਼ੀਰਾ ਨੂੰ ਤੋਹਫਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਐਤਵਾਰ ਨੂੰ ਜ਼ੀਰਾ ਹਲਕੇ ਵਿੱਚ 87 ਕਰੋੜਾਂ ਰੁਪਏ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਨਾਂ ਵਿੱਚ 5.5 ਏਕੜ ਵਿੱਚ ਬਣਨ ਵਾਲਾ ਸਿਵਲ ਹਸਪਤਾਲ (50 ਕਰੋੜ ਰੁਪਏ), ਪ੍ਰਬੰਧਕੀ ਕੰਪਲੈਕਸ (12 ਕਰੋੜ ਰੁਪਏ), ਮੱਖੂ ਵਿਖੇ ਬੱਸ ਸਟੈਂਡ (6.50 ਕਰੋੜ ਰੁਪਏ) ਅਤੇ ਸਵਰਗੀ ਇੰਦਰਜੀਤ ਸਿੰਘ ਜੀਰਾ ਦੇ ਨਾਂ ’ਤੇ ਬਣਨ ਵਾਲੀ ਆਈ.ਟੀ.ਆਈ. (12.50 ਕਰੋੜ ਰੁਪਏ) ਅਤੇ ਮੱਲਾਂਵਾਲਾ ਵਿਖੇ ਸਬ-ਤਹਿਸੀਲ ਲਈ 5.85 ਕਰੋੜ ਰੁਪਏ ਸ਼ਾਮਲ ਹਨ।
ਇਸ ਤੋਂ ਇਲਾਵਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਮੁੱਖ ਮੰਤਰੀ ਨੇ ਜ਼ੀਰਾ ਵਿਖੇ ਸਟੇਡੀਅਮ ਲਈ 1 ਕਰੋੜ ਰੁਪਏ ਸਮੇਤ ਮੱਖੂ ਡਰੇਨ ਦੀ ਸਫਾਈ ਲਈ 10 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ । ਇਸ ਤੋਂ ਇਲਾਵਾ ਉਨਾਂ ਨੇ ਨੰਬਰਦਾਰੀ ਪ੍ਰਣਾਲੀ ਨੂੰ ਪੀੜੀ-ਦਰ-ਪੀੜੀ ਮੁਤਾਬਕ ਬਣਾਉਣ ਦਾ ਵੀ ਐਲਾਨ ਕੀਤਾ।
ਇਸ ਦੌਰਾਨ ਦਾਣਾ ਮੰਡੀ ਵਿਖੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਰਾਜਸੀ ਨਿਜ਼ਾਮ ਸ਼ਾਹੀ ਘਰਾਣਿਆਂ ਦੀ ਚੰੁਗਲ ਤੋਂ ਬਾਹਰ ਆ ਗਿਆ ਹੈ ਅਤੇ ਆਮ ਲੋਕਾਂ ਦੀਆਂ ਬਰੂਹਾਂ ’ਤੇ ਆ ਕੇ ਉਨਾਂ ਦੀ ਸੇਵਾ ਕਰ ਰਿਹਾ ਹੈ । ਇਸ ਤਰਾਂ ਇੱਕ ਨਵੇਂ ਅਤੇ ਮੁੜ ਪੈਰਾਂ ਸਿਰ ਹੋ ਰਹੇ ਪੰਜਾਬ ਦੀ ਸਿਰਜਣਾ ਅਯਾਮ ਸ਼ੁਰੂ ਰਿਹਾ ਹੈ।
ਸ੍ਰੋਮਣੀ ਅਕਾਲੀ ਦਲ ‘ਤੇ ਵਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਸ਼ੇ ਅਤੇ ਭਿ੍ਰਸ਼ਟ-ਤੰਤਰ ਦੀ ਪੁਸ਼ਤਪਨਾਹੀ ਕਰਨ ਵਾਲੇ ਸੁਖਬੀਰ-ਮਜੀਠੀਆ ਦੀ ਜੋੜੀ ਨੇ ਸਦੀ ਪੁਰਾਣੀ ਪਾਰਟੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਚੰਨੀ ਨੇ ‘ਆਪ’ ਲੀਡਰਸ਼ਿਪ ‘ਤੇ ਨਿਸ਼ਾਨਾ ਸਾਧਦਿਆਂ ਕਿਹਾ, “ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਨੂੰ ਯੋਗ ਅਗਵਾਈ ਨਹੀਂ ਦੇ ਸਕਦੇ ਕਿਉਕਿ ਉਹ ਪੰਜਾਬ ਦੇ ਸਭਿਆਚਾਰ ਬਾਰੇ ਜਾਣਕਾਰੀ ਨਹੀਂ ਰੱਖਦੇ ਅਤੇ ਉਨਾਂ ਕੋਲ ਦੂਰਅੰਦੇਸ਼ੀ ਦੀ ਵੀ ਘਾਟ ਹੈ। ਚੰਨੀ ਨੇ ‘ਆਪ’ ਲੀਡਰਸ਼ਿਪ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਪਹਿਲਾਂ ਚੁਣੇ ਗਏ ਪਾਰਟੀ ਦੇ 20 ਵਿਧਾਇਕਾਂ ਦੀ ਗਿਣਤੀ ਘਟ ਕੇ ਹੁਣ 10 ਰਹਿ ਗਈ ਹੈ ਅਤੇ ਚੁਣੇ ਗਏ 4 ਸੰਸਦ ਮੈਂਬਰਾਂ ਵਿੱਚੋਂ ਹੁਣ ਸਿਰਫ ਇੱਕ ਹੀ ਮੌਜੂਦ ਹੈ , ਜੋ ਪਾਰਟੀ ਦੀ ਖਸਤਾ ਹਾਲਤ ਦਾ ਸਬੂਤ ਹੈ।
ਆਪਣੀ ਸਰਕਾਰ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 2 ਕਿਲੋਵਾਟ ਤੱਕ ਲੋਡ ਵਾਲੇ ਖਪਤਕਾਰਾਂ ਦੇ 1500 ਕਰੋੜ ਰੁਪਏ ਦੇ ਬਕਾਏ ਮਾਫ ਕੀਤੇ ਗਏ ਹਨ, ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ 3 ਰੁਪਏ ਘਟਾਈਆਂ , ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ‘ਚ ਕ੍ਰਮਵਾਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ, ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਪਾਣੀ ਦੇ ਖਰਚੇ 160 ਰੁਪਏ ਤੋਂ ਘਟਾ ਕੇ ਫਲੈਟ 50 ਰੁਪਏ ਕੀਤੇ, ਰੇਤ ਦੇ ਭਾਅ 5.50 ਰੁਪਏ ਪ੍ਰਤੀ ਕਿਊਬਕ ਫੁੱਟ ਤੋਂ ਇਲਾਵਾ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਬਾਰੇ ਸਬੂਤਾਂ ਸਮੇਤ ਰਿਪੋਰਟ ਕਰਨ ਵਾਲੇ ਨੂੰ 25000 ਦਾ ਇਨਾਮ ਦਿੱਤੇ ਜਾਣ ਦੀ ਘੋਸ਼ਣਾ ਆਦਿ ਸ਼ਾਮਲ ਹੈ। ਕੈਪਟਨ ਅਮਰਿੰਦਰ ਸਿੰਘ ‘ਤੇ ਤਿੱਖਾ ਵਾਰ ਕਰਦਿਆਂ ਉੱਪ ਮੁੱਖ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ ਨਸ਼ਿਆਂ ਨੂੰ ਜੜੋਂ ਪੁੱਟਣ ਲਈ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਧੀ ਅਤੇ ਅਜਿਹਾ ਕਰਨ ਦੀ ਥਾਂ ਕੈਪਟਨ ਅਮਰਿੰਦਰ ਓਸ ਸ੍ਰੋਮਣੀ ਅਕਾਲੀ ਦਲ ਦੀ ਕਠਪੁਤਲੀ ਬਣਕੇ ਭਗਤੇ ਰਹੇ , ਜਿਸ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਕੜਜਾਲ ‘ਚ ਉਲਝਾ ਕੇ ਰੱਖ ਦਿੱਤਾ ਹੈ। ਉਪ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਕਿਸਾਨਾਂ ਦੀ ਭਲਾਈ ਲਈ ਇੱਕ ਵੀ ਕਦਮ ਨਹੀਂ ਚੁੱਕਿਆ ਅਤੇ ਹਟਾਏ ਜਾਣ ਤੋਂ ਬਾਅਦ ਉਸੇ ਕਿਸਾਨ ਵਿਰੋਧੀ ਪਾਰਟੀ ਭਾਜਪਾ ਨਾਲ ਹੱਥ ਮਿਲਾਉਣਾ ਚੁਣਿਆ।ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੂੰ ਯਾਦ ਕਰਦਿਆਂ ਉਪ ਮੁੱਖ ਮੰਤਰੀ ਨੇ ਹਰੇ ਅਤੇ ਚਿੱਟੇ ਇਨਕਲਾਬ ਦੀ ਅਗਵਾਈ ਕਰਨ ਵਾਲੇ ਸ੍ਰੀ ਕੈਰੋਂ ਸਿਰ ਪੰਜਾਬ ਵਿੱਚ ਖੁਸ਼ਹਾਲੀ ਦੇ ਯੁੱਗ ਦਾ ਆਗਾਜ਼ ਕਰਨ ਦਾ ਸਿਹਰਾ ਬੰਨਿਆਂ। ਉਨਾਂ ਨੇ ਬੀਤੇ ਕੱਲ ਅੰਮਿ੍ਰਤਸਰ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੂਬੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਲੀਆਂ ਅੰਦਰੂਨੀ ਅਤੇ ਬਾਹਰੀ ਤਾਕਤਾਂ ਤੋਂ ਲੋਕ ਸੁਚੇਤ ਰਹਿਣ ।
ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਲਕੇ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਜ਼ੀਰਾ ਪਰਿਵਾਰ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕੀਤਾ। ਆਪਣੀਆਂ
ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਮੰਤਰੀ ਨੇ ਕਿਹਾ ਕਿ ਉਨਾਂ ਨੇ ਸੁਖਬੀਰ ਸਿੰਘ ਬਾਦਲ ਦੀ ਸਰਪ੍ਰਸਤੀ ਵਾਲੇ ਟਰਾਂਸਪੋਰਟ ਮਾਫੀਆ ਨੂੰ ਨੱਥ ਪਾਈ ਹੈ ਜਿਸ ਕਾਰਨ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਰੋਜ਼ਾਨਾ ਆਧਾਰ ‘ਤੇ 1.40 ਕਰੋੜ ਦਾ ਫਾਇਦਾ ਹੋ ਰਿਹਾ ਹੈ।
ਹਲਕਾ ਵਿਧਾਇਕ (ਜ਼ੀਰਾ) ਕੁਲਬੀਰ ਸਿੰਘ ਜ਼ੀਰਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੋਕ-ਮੁੱਖ ਮੰਤਰੀ ਆਖਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਤੇਜੀ ਨਾਲ ਵਿਕਾਸ ਪੱਖੀ ਕਦਮ ਚੁੱਕ ਕੇ ਪੰਜਾਬ ਦੀ ਨੁਹਾਰ ਬਦਲ ਦਿੱਤੀ ਹੈ। ਉਨਾਂ ਸਮੁੱਚੇ ਹਲਕੇ ਨੂੰ ਆਪਣਾ ਪਰਿਵਾਰ ਕਰਾਰ ਦਿੰਦਿਆਂ ਕਿਹਾ ਕਿ ਉਹ ਆਪਣੇ ਹੋਣਹਾਰ ਪਿਤਾ ਦੇ ਨਕਸ਼ੇ-ਕਦਮਾਂ ‘ਤੇ ਚੱਲ ਕੇ ਲੋਕਾਂ ਦੀ ਸੇਵਾ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ । ਇਸ ਤੋਂ ਇਲਾਵਾ ਵਿਧਾਇਕ ਨੇ ਮੁੱਖ ਮੰਤਰੀ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਬੀਤੇ ਕੱਲ ਹੋਈ ਬੇਅਦਬੀ ਦੀ ਘਟਨਾ ਦੀ ਬਾਰੀਕੀ ਨਾਲ ਜਾਂਚ ਨੂੰ ਯਕੀਨੀ ਬਣਾਉਣ ਦੀ ਅਪੀਲ ਵੀ ਕੀਤੀ ਤਾਂ ਜੋ ਬੇਅਦਬੀ ਦੇ ਅਸਲ ਦੋਸ਼ੀਆਂ ਦਾ ਪਰਦਾਫਾਸ਼ ਕੀਤਾ ਜਾ ਸਕੇ।
ਇਸ ਦੌਰਾਨ ਮੁੱਖ ਮੰਤਰੀ ਨੂੰ ‘ਵਿਸ਼ਵਾਸ-ਏ-ਪੰਜਾਬ’ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ, ਵਿਧਾਇਕ ਫਿਰੋਜ਼ਪੁਰ (ਸ਼ਹਿਰੀ) ਪਰਮਿੰਦਰ ਸਿੰਘ ਪਿੰਕੀ, ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਵਿਧਾਇਕ ਫਿਰੋਜ਼ਪੁਰ (ਦਿਹਾਤੀ) ਸਤਕਾਰ ਕੌਰ, ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ, ਤਰਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ, ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ, ਆੜਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੈ ਕਾਲੜਾ, ਡਿਪਟੀ ਕਮਿਸ਼ਨਰ ਦਵਿੰਦਰ ਸਿੰਘ ਅਤੇ ਐਸਐਸਪੀ ਹਰਮਨਦੀਪ ਸਿੰਘ ਹਾਂਸ ਮੌਜੂਦ ਸਨ।