-ਕਮਿਸ਼ਨ ਨੇ ਪਹਿਲੀ ਵਾਰ ਵੋਟ ਪਾਉਣ ਵਾਲਿਆਂ, ਦਿਵਿਆਂਗ ਅਤੇ ਟਰਾਂਸਜੈਂਡਰ ਵੋਟਰਾਂ ਨਾਲ ਕੀਤੀ ਗੱਲਬਾਤ, ਚੋਣ ਭਾਗੀਦਾਰੀ ਵਿੱਚ ਸ਼ਾਮਲ ਹੋਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤਾ ਉਤਸ਼ਾਹਿਤ
-ਆਨਲਾਈਨ ਪੋਸਟਰ ਡਿਜ਼ਾਈਨ ਮੁਕਾਬਲਾ, ਪੰਜਾਬ ਲਈ ਸਵੀਪ ਯੋਜਨਾ, ਈਪੀਆਈਸੀ ਕਿੱਟ, ਈਵੀਐਮ-ਵੀਵੀਪੀਏਟੀ ਪੋਸਟਰ, ਵੋਟਰ ਗਾਈਡ, ਕੇਏਪੀ ਸਰਵੇਖਣ ਰਿਪੋਰਟ ਕੀਤੀ ਲਾਂਚ
ਚੰਡੀਗੜ੍ਹ, 16 ਦਸੰਬਰ: ਪੰਜਾਬੀ ਬੋਲੀਆਂ ਤੇ ਤਾੜੀਆਂ ਦੀ ਗੂੰਜ ਅਤੇ ਗਿੱਧਾ ਪ੍ਰਦਰਸ਼ਨ ਦੌਰਾਨ, ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਸ੍ਰੀ ਸੁਸ਼ੀਲ ਚੰਦਰ ਨੇ ਚੋਣ ਕਮਿਸ਼ਨਰ ਸ੍ਰੀ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰ ਸ੍ਰੀ ਅਨੂਪ ਚੰਦਰ ਪਾਂਡੇ ਦੇ ਨਾਲ ਅੱਜ ਵੋਟਰ ਜਾਗਰੂਕਤਾ ਮੁਹਿੰਮ ਦੇ ਹਿੱਸੇ ਵਜੋਂ ਵੋਟਰ ਜਾਗਰੂਕਤਾ ਵੈਨ ਨੂੰ ਸੂਬੇ ਵਿੱਚ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਪੰਜਾਬ ਦੇ ਮੁੱਖ ਚੋਣ ਅਫ਼ਸਰ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਵੀ ਮੌਜੂਦ ਸਨ।
ਐਲਈਡੀ ਅਤੇ ਆਡੀਓ ਸਿਸਟਮ ਨਾਲ ਲੈਸ ਕੁੱਲ 30 ਮੋਬਾਈਲ ਵੈਨਾਂ ਵੋਟਰ ਜਾਗਰੂਕਤਾ ਅਤੇ ਰਜਿਸਟ੍ਰੇਸ਼ਨ, ਨੈਤਿਕ ਵੋਟਿੰਗ ਅਤੇ ਈਵੀਐਮ-ਵੀਵੀਪੀਏਟੀ ਸਮੇਤ ਵੱਖ-ਵੱਖ ਪਹਿਲੂਆਂ ਬਾਰੇ ਜਾਗਰੂਕਤਾ ਫੈਲਾਉਣ ਲਈ ਸੂਬੇ ਭਰ ਵਿੱਚ ਚੱਲਣਗੀਆਂ। ਵੱਡੇ ਜ਼ਿਲ੍ਹਿਆਂ ਨੂੰ ਦੋ-ਦੋ ਵੈਨਾਂ ਮਿਲਣਗੀਆਂ ਜਦਕਿ ਛੋਟੇ ਜ਼ਿਲ੍ਹਿਆਂ ਨੂੰ ਇੱਕ-ਇੱਕ ਵੈਨ ਦਿੱਤੀ ਜਾਵੇਗੀ।
ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਉਪਰੰਤ, ਕਮਿਸ਼ਨ ਦੀ ਟੀਮ ਨੇ ਸੂਬੇ ਵਿੱਚ ਵੱਖ-ਵੱਖ ਆਡੀਓ-ਵਿਜ਼ੂਅਲ ਅਤੇ ਚੱਲ ਰਹੀਆਂ ਫੀਲਡ ਗਤੀਵਿਧੀਆਂ ਨੂੰ ਪ੍ਰਦਰਸ਼ਿਤ ਕਰਨ ਵਾਲੀ ਸਿਸਟੇਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ (ਸਵੀਪ) ਪ੍ਰਦਰਸ਼ਨੀ ਦਾ ਉਦਘਾਟਨ ਕੀਤਾ।
ਇਸ ਉਪਰੰਤ ਕਮਿਸ਼ਨ ਦੀ ਟੀਮ ਨੇ ਮੌਕੇ ‘ਤੇ ਮੌਜੂਦ ਪਹਿਲੀ ਵਾਰ ਵੋਟ ਪਾਉਣ ਵਾਲਿਆਂ, ਦਿਵਿਆਂਗ (ਪੀਡਬਲਯੂਡੀ) ਵੋਟਰਾਂ ਅਤੇ ਟਰਾਂਸਜੈਂਡਰ ਸਮੇਤ ਵੱਖ-ਵੱਖ ਵਰਗਾਂ ਦੇ ਵੋਟਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਚੋਣਾਂ ਵਿੱਚ ਭਾਗੀਦਾਰੀ ਲਈ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਮਾਨਯੋਗ ਕਮਿਸ਼ਨ ਨੇ ਇਨ੍ਹਾਂ ਵੋਟਰਾਂ ਨੂੰ ਸਨਮਾਨਿਤ ਵੀ ਕੀਤਾ।
ਜ਼ਿਕਰਯੋਗ ਹੈ ਕਿ ਸਟੇਟ ਪੀਡਬਲਯੂਡੀ ਆਈਕਨ ਡਾ. ਕਿਰਨ, ਜੋ ਕਿ ਨੇਤਰਹੀਣ ਹਨ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਸਹਾਇਕ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਤਿੰਨ ਜ਼ਿਲ੍ਹਾ ਪੀਡਬਲਯੂਡੀ ਆਈਕਨ ਸ੍ਰੀ ਜਗਦੀਪ ਸਿੰਘ, ਜੋ ਕਿ ਪਟਿਆਲਾ ਐਸੋਸੀਏਸ਼ਨ ਆਫ਼ ਡੈਫ ਦੇ ਪ੍ਰਧਾਨ ਹਨ ਅਤੇ ਸੀਨੀਅਰ ਸਹਾਇਕ ਪੀਡਬਲਯੂਡੀ (ਬੀਐਂਡਆਰ) ਵਜੋਂ ਸੇਵਾ ਕਰ ਰਹੇ ਹਨ, ਇੰਦਰਜੀਤ ਨੰਦਨ ਅਤੇ ਸ੍ਰੀ ਜਗਵਿੰਦਰ ਸਿੰਘ, ਇੱਕ ਸਾਈਕਲ ਸਵਾਰ ਅਤੇ ਭੂਮੀ ਸੰਭਾਲ ਵਿਭਾਗ ਦੇ ਕਰਮਚਾਰੀ ਅਤੇ ਦੋ ਟਰਾਂਸਜੈਂਡਰ ਵੋਟਰਾਂ ਮੋਹਿਨੀ ਮਹੰਤ ਅਤੇ ਆਇਨਾ ਮਹੰਤ ਜੋ ਜ਼ਿਲ੍ਹਾ ਆਈਕਨ ਹਨ, ਨੂੰ ਵੀ ਕਮਿਸ਼ਨ ਦੁਆਰਾ ਸਨਮਾਨਿਤ ਕੀਤਾ ਗਿਆ।
ਕਮਿਸ਼ਨ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੌਰਾਨ ਨੌਜਵਾਨਾਂ ਨਾਲ ਜੁੜਨ ਅਤੇ ਹਰੇਕ ਵੋਟ ਦੇ ਮੁੱਲ ਬਾਰੇ ਨਵੇਂ ਸਿਰਜਣਾਤਮਕ ਵਿਚਾਰ ਪ੍ਰਾਪਤ ਕਰਨ ਲਈ ਇੱਕ ਆਨਲਾਈਨ ਪੋਸਟਰ ਡਿਜ਼ਾਈਨ ਮੁਕਾਬਲਾ ਵੀ ਸ਼ੁਰੂ ਕੀਤਾ। ਚੋਟੀ ਦੇ ਤਿੰਨ ਪੋਸਟਰਾਂ ਨੂੰ ਕ੍ਰਮਵਾਰ 10,000 ਰੁਪਏ, 7500 ਰੁਪਏ ਅਤੇ 5000 ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ ਅਤੇ 2000 ਦੇ ਦਸ ਕੰਸੋਲੇਸ਼ਨ ਇਨਾਮ ਦਿੱਤੇ ਜਾਣਗੇ। ਇਹ ਮੁਕਾਬਲਾ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ਸਮੇਤ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਕਰਵਾਇਆ ਜਾਵੇਗਾ।
ਬਾਅਦ ਵਿੱਚ, ਕਮਿਸ਼ਨ ਨੇ ਇੱਕ ਕੇਏਪੀ ਸਰਵੇਖਣ ਰਿਪੋਰਟ, ਸਵੀਪ ਯੋਜਨਾ, ਈਪੀਆਈਸੀ ਕਿੱਟ, ਈਵੀਐਮ-ਵੀਵੀਪੀਏਟੀ ਪੋਸਟਰ ਅਤੇ ਵੋਟਰ ਗਾਈਡ ਜਾਰੀ ਕੀਤੀ।
ਸਵੀਪ ਯੋਜਨਾ ਕੇਏਪੀ ਸਰਵੇਖਣ ਦੇ ਨਤੀਜਿਆਂ ਦੇ ਆਧਾਰ ‘ਤੇ ਤਿਆਰ ਕੀਤੀ ਗਈ ਸੀ, ਜਿਸ ਵਿੱਚ ਪੰਜਾਬ ਭਰ ਵਿੱਚ ਲਗਭਗ 2400 ਉੱਤਰਦਾਤਾ ਸ਼ਾਮਲ ਹਨ ਅਤੇ ਵੋਟਿੰਗ ਦੇ ਸਬੰਧ ਵਿੱਚ ਵੋਟਰਾਂ ਦੇ ਗਿਆਨ ਅਤੇ ਅਭਿਆਸਾਂ ਦੇ ਵਿਸ਼ਲੇਸ਼ਣ ਰਾਹੀਂ ਇਸ ਦਾ ਆਯੋਜਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਕਰਵਾਇਆ ਗਿਆ ਸੀ। ਇਹ ਪਹਿਲੀ ਵਾਰ ਹੈ ਕਿ ਨਵੇਂ ਰਜਿਸਟਰਡ ਵੋਟਰਾਂ ਦੇ ਅਨੁਭਵ ਨੂੰ ਯਾਦਗਾਰੀ ਬਣਾਉਣ ਲਈ ਕਮਿਸ਼ਨ ਵੱਲੋਂ ਇੱਕ ਕਿੱਟ ਦਿੱਤੀ ਜਾ ਰਹੀ ਹੈ ਜਿਸ ਵਿੱਚ ਈਪੀਆਈਸੀ ਕਾਰਡ, ਵੋਟਰ ਵਚਨਬੱਧਤਾ, ਵੋਟਰ ਗਾਈਡ ਅਤੇ ਡੀਈਓ ਤੋਂ ਇੱਕ ਵਿਅਕਤੀਗਤ ਪੱਤਰ ਸ਼ਾਮਲ ਹਨ। ਵੋਟਰ ਗਾਈਡ ਇੱਕ ਪਾਕੇਟ ਬੁੱਕਲੈਟ ਹੈ, ਜੋ ਹਰ ਘਰ ਵਿੱਚ ਵੰਡਿਆ ਜਾਣਾ ਹੈ, ਜਿਸ ਵਿੱਚ ਵੋਟਰ ਲਈ ਰਜਿਸਟ੍ਰੇਸ਼ਨ, ਵੋਟ ਪਾਉਣ ਦੇ ਅਧਿਕਾਰ, ਉਮੀਦਵਾਰਾਂ ਦੇ ਈਵੀਐਮ/ਵੀਵੀਪੀਏਟੀ ਸਬੰਧੀ ਅਪਰਾਧਿਕ ਪਿਛੋਕੜ, ਬੂਥ ਨੰਬਰ, ਬੀਐਲਓ ਮੋਬਾਈਲ ਨੰਬਰ ਆਦਿ ਬਾਰੇ ਸਾਰੀ ਲੋੜੀਂਦੀ ਜਾਣਕਾਰੀ ਹੁੰਦੀ ਹੈ।
ਈਵੀਐਮ/ਵੀਵੀਪੀਏਟੀ ‘ਤੇ ਅੱਜ ਇੱਕ ਵਿਸ਼ੇਸ਼ ਪੋਸਟਰ ਲਾਂਚ ਕੀਤਾ ਗਿਆ ਜੋ ਕਿ ਸੂਬੇ ਭਰ ਵਿੱਚ ਸਾਰੀਆਂ ਭੀੜ ਵਾਲੀਆਂ ਥਾਵਾਂ ਅਤੇ ਪੋਲਿੰਗ ਬੂਥਾਂ ‘ਤੇ ਲਗਾਇਆ ਜਾਵੇਗਾ।