ਪੰਜਾਬ ‘ਚ IB ਨੇ ਜਾਰੀ ਕੀਤਾ ਅਲਰਟ, RSS ਦੀਆਂ ਬ੍ਰਾਂਚਾਂ ਤੇ ਹਿੰਦੂ ਆਗੂਆਂ ‘ਤੇ ਹੋ ਸਕਦੇ ਹੈ ਅੱਤਵਾਦੀ ਹਮਲਾ
ਪਾਕਿਸਤਾਨੀ ਖੁਫ਼ਿਆ ਏਜੰਸੀ ਆਈਐੱਸਆਈ ਪੰਜਾਬ ‘ਚ ਵੱਡੇ ਅੱਤਵਾਦੀ ਹਮਲੇ ਦੀ ਫ਼ਿਰਾਕ ‘ਚ ਹੈ। ਉਹਨਾਂ ਦੇ ਨਿਸ਼ਾਨੇ ਤੇ ਖਾਸਕਰ ਆਰਐੱਸਐੱਸ ਦੀਆਂ ਬ੍ਰਾਂਚਾਂ ਤੇ ਹਿੰਦੂ ਆਗੂਆਂ ਨੂੰ ਟਾਰਗੈੱਟ ਕੀਤਾ ਜਾ ਸਕਦਾ ਹੈ। ਇਸ ਸੰਬੰਧੀ ਆਈਬੀ ਨੇ ਪੰਜਾਬ ਸਰਕਾਰ ਨੂੰ ਜਾਣਕਾਰੀ ਦਿੱਤੀ ਹੈ ਜਿਸ ਤੋਂ ਬਾਅਦ ਸੂਬੇ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਡਿਪਟੀ ਸੀਐੱਮ ਸੁਖਜਿੰਦਰ ਸਿੰਘ ਰੰਧਾਵਾ ਨੇ ਤਮਾਮ ਅਧਿਕਾਰੀਆਂ ਨੂੰ ਗਸ਼ਤ ਵਧਾਉਣ, ਰਾਤ ਵੇਲੇ ਗਸ਼ਤ ਵਿਚ ਇਕ ਤਿਹਾਈ ਅਧਿਕਾਰੀਆਂ ਨੂੰ ਮੈਦਾਨ ‘ਚ ਉਤਰਨ ਦੇ ਹੁਕਮ ਦਿੱਤੇ ਹਨ। ਹਾਲ ਹੀ ‘ਚ 21 ਨਵੰਬਰ ਨੂੰ ਦੇਰ ਰਾਤ ਪਠਾਨਕੋਟ ‘ਚ ਫ਼ੌਜੀ ਕੈਂਪ ਨੇੜੇ ਮੋਟਰਸਾਈਕਲ ਸਵਾਰਾਂ ਨੇ ਗ੍ਰਨੇਡ ਨਾਲ ਹਮਲਾ ਕੀਤਾ। ਉਂਝ ਇਸ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ। ਇਸ ਦੇ ਪਿੱਛੇ ਆਈਐੱਸਆਈ ਦਾ ਹੱਥ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। 15 ਅਗਸਤ ਤੋਂ ਬਾਅਦ ਤੋਂ ਹੁਣ ਤਕ 25 ਵਾਰ ਤੋਂ ਜ਼ਿਆਦਾ ਡ੍ਰੋਨ ਭਾਰਤੀ ਸਰਹੱਦ ‘ਚ ਦਾਖ਼ਲ ਹੋ ਚੁੱਕੇ ਹਨ। ਹਥਿਆਰ, ਹੈਰੋਇਨ ਤੇ ਟਿਫਨ ਬੰਬ ਭਿਜਵਾਏ ਜਾ ਰਹੇ ਹਨ।
ਤਿੰਨ ਦਿਨ ਪਹਿਲਾਂ ਜ਼ੀਰਾ ਵਿਧਾਨ ਸਭਾ ਹਲਕਾ ਦੇ ਪਿੰਡ ਸੇਖਵਾਂ ਦੇ ਖੇਤ ‘ਚੋਂ ਇਕ ਹੈਂਡ ਗ੍ਰਨੇਟ ਮਿਲਿਆ। ਆਈਬੀ ਦੇ ਸੂਤਰਾਂ ਮੁਤਾਬਕ ਪੰਜਾਬ ‘ਚ ਸਰਹੱਦੋਂ ਪਾਰ ਟਿਫਨ ਬੰਬ ਤੇ ਗ੍ਰਨੇਡ ਆਈਐੱਸਆਈ ਵੱਲ ਭੇਜੇ ਗਏ ਹਨ ਜਿਨ੍ਹਾਂ ਨਾਲ ਵੱਡਾ ਅੱਤਵਾਦੀ ਹਮਲਾ ਕੀਤਾ ਜਾ ਸਕਦਾ ਹੈ। ਆਈਬੀ ਵੱਲੋਂ ਪੰਜਾਬ ਦੇ ਹਿੰਦੂ ਆਗੂਆਂ ਤੇ ਆਰਐੱਸਐੱਸ ਦੀਆਂ ਬ੍ਰਾਂਚਾਂ ‘ਤੇ ਸਖ਼ਤ ਚੌਕਸੀ ਕਰਨ ਲਈ ਕਿਹਾ ਗਿਆ ਹੈ।