ਮੁੱਖ ਮੰਤਰੀ ਨੇ ਰੱਖਿਆ ਨੀਂਹ ਪੱਥਰ, 413.80 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਾਜੈਕਟ 15 ਮਹੀਨਿਆਂ ਵਿੱਚ ਪੂਰਾ ਹੋਵੇਗਾ
ਭਵਿੱਖ ਵਿਚ ਗੰਨਾ ਉਤਪਾਦਕਾਂ ਨੂੰ 24 ਘੰਟਿਆਂ ਵਿੱਚ ਫਸਲ ਦੀ ਅਦਾਇਗੀ ਮਿਲੇਗੀ- ਉਪ ਮੁੱਖ ਮੰਤਰੀ ਰੰਧਾਵਾ
ਗੁਰਦਾਸਪੁਰ, 20 ਨਵੰਬਰ (ਮੰਨਣ ਸੈਣੀ)।ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸਹਿਕਾਰੀ ਖੰਡ ਮਿੱਲ, ਗੁਰਦਾਸਪੁਰ ਦੀ ਮੌਜੂਦਾ ਸਮਰੱਥਾ 2000 ਟੀ.ਸੀ.ਡੀ. ਤੋਂ ਵਧਾ ਕੇ 5000 ਟੀ.ਸੀ.ਡੀ. ਕਰਨ ਦੇ 413.80 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ।
ਨੀਂਹ ਪੱਥਰ ਰੱਖਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਵਧੀ ਹੋਈ ਸਮਰੱਥਾ ਨਾਲ ਮਿੱਲ ਰੋਜ਼ਾਨਾ 50,000 ਤੋਂ 60,000 ਟਨ ਗੰਨੇ ਦੀ ਪਿੜਾਈ ਕਰੇਗੀ ਅਤੇ ਸੂਬੇ ਦੇ ਗਰਿੱਡ ਨੂੰ 20 ਮੈਗਾਵਾਟ ਬਿਜਲੀ ਸਪਲਾਈ ਵੀ ਕਰੇਗੀ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ 413.80 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਵੇਗਾ ਜਿਸ ਵਿੱਚੋਂ 369 ਕਰੋੜ ਰਪਏ ਪਲਾਂਟ, ਮਸ਼ੀਨਰੀ ਅਤੇ ਨਿਰਮਾਣ ਕਾਰਜਾਂ ਉਤੇ ਖਰਚ ਕੀਤੇ ਜਾਣੇ ਹਨ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਸ ਤੋਂ ਇਲਾਵਾ 120 ਕੇ.ਐਲ.ਪੀ.ਡੀ. ਦੀ ਸਮਰੱਥਾ ਵਾਲਾ ਈਥਾਨੌਲ ਪਲਾਂਟ ਵੀ ਸਥਾਪਿਤ ਕੀਤਾ ਜਾ ਰਿਹਾ ਹੈ ਕਿਉਂਕਿ ਟੈਂਡਰ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।ਮੁੱਖ ਮੰਤਰੀ ਚੰਨੀ ਨੇ ਅੱਗੇ ਕਿਹਾ ਕਿ 5000 ਟੀ.ਸੀ.ਡੀ. ਸਮਰੱਥਾ ਨਾਲ 28 ਮੈਗਾਵਾਟ ਕੋ-ਜਨਰੇਸ਼ਨ ਪ੍ਰੋਜੈਕਟ ਵੀ ਮਿੱਲ ਵਿੱਚ ਲੱਗੇਗਾ। ਉਨ੍ਹਾਂ ਕਿਹਾ ਕਿ ਇਹ ਮਿੱਲ ਨਾ ਸਿਰਫ਼ ਬਿਜਲੀ ਪੈਦਾ ਕਰੇਗੀ ਸਗੋਂ ਸਲਫਰ ਰਹਿਤ ਖੰਡ ਵੀ ਬਣਾਏਗੀ।
ਚੰਨੀ ਨੇ ਵਿਕਾਸ ਦੀ ਗਤੀ ਨੂੰ ਅੱਗੇ ਵਧਾਉਣ ਲਈ ਸਥਾਨਕ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ ਜਿਸ ਨਾਲ ਖੇਤਰ ਵਿੱਚ ਸਰਬਪੱਖੀ ਵਿਕਾਸ ਦਾ ਰਾਹ ਪੱਧਰਾ ਹੋਇਆ ਹੈ।
ਆਪਣੇ ਸੰਬੋਧਨ ਵਿੱਚ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਕੋਲ ਸਹਿਕਾਰਤਾ ਵਿਭਾਗ ਵੀ ਹੈ, ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਗੁਰਦਾਸਪੁਰ ਖੰਡ ਮਿੱਲ ਵੱਲੋਂ ਛੇ ਮਿੱਲਾਂ ਨੂੰ ਗੰਨੇ ਦੀ ਸਪਲਾਈ ਕੀਤੀ ਜਾ ਰਹੀ ਹੈ। ਗੰਨਾ ਉਤਪਾਦਕਾਂ ਅਤੇ ਖੰਡ ਮਿੱਲਾਂ ਦੇ ਹਿੱਤਾਂ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕਰਨ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ‘ਤੇ ਵਰ੍ਹਦਿਆਂ ਰੰਧਾਵਾ ਨੇ ਕਿਹਾ ਕਿ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੀ ਪੰਜਾਬ ਅਤੇ ਸਹਿਕਾਰੀ ਪ੍ਰਣਾਲੀ ਨੂੰ ਤਬਾਹ ਕਰਨ ਦੇ ਨਾਲ-ਨਾਲ ਆਪਣੇ ਸਵਾਰਥੀ ਸਿਆਸੀ ਹਿੱਤਾਂ ਲਈ ਸਿੱਖ ਧਰਮ ਨੂੰ ਢਾਹ ਲਾਉਣ ਲਈ ਵੀ ਜ਼ਿੰਮੇਵਾਰ ਸਨ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ 600 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰੋਜੈਕਟ ਸਥਾਪਤ ਕੀਤਾ ਜਾ ਰਿਹਾ ਹੈ ਅਤੇ ਗੁਰਦਾਸਪੁਰ ਵਿਖੇ 215 ਕਰੋੜ ਰੁਪਏ ਦਾ ਈਥਾਨੌਲ ਪਲਾਂਟ ਦੀ ਮਨਜ਼ੂਰੀ ਵੀ ਪ੍ਰਾਪਤ ਹੋ ਗਈ ਹੈ। ਉਪ ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਸਾਰੇ 87 ਲੈਂਡ ਮੌਰਟਗੇਜ ਬੈਂਕ ਵਿੱਤੀ ਘਾਟੇ ਵਿੱਚ ਸਨ ਜਿਨ੍ਹਾਂ ਨੂੰ ਹੁਣ ਦੀ ਪੰਜਾਬ ਸਰਕਾਰ ਨੇ ਮਜ਼ਬੂਤ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਗੰਨਾ ਕਾਸ਼ਤਕਾਰਾਂ ਨੂੰ ਛੇਤੀ ਹੀ 24 ਘੰਟਿਆਂ ਦੇ ਅੰਦਰ ਅਦਾਇਗੀ ਮਿਲਣ ਲੱਗ ਜਾਵੇਗੀ। ਉਪ ਮੁੱਖ ਮੰਤਰੀ ਨੇ ਸਮੇਂ ਦੀ ਲੋੜ ਅਨੁਸਾਰ ਮਿੱਲਾਂ ਨੂੰ ਅਪਗ੍ਰੇਡ ਕਰਨ ਵੱਲ ਧਿਆਨ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਵੀ ਕੀਤਾ ਕਿਉਂਕਿ 1988 ਤੋਂ ਬਾਅਦ ਕਦੇ ਵੀ 2000 ਟੀ.ਸੀ.ਡੀ. ਦੀ ਸਮਰੱਥਾ ਵਿੱਚ ਵਾਧਾ ਨਹੀਂ ਕੀਤਾ ਗਿਆ। ਮਿੱਲ ਦੀ ਸਥਾਪਨਾ 1980 ਵਿੱਚ 1250 ਟੀਸੀਡੀ ਦੀ ਸ਼ੁਰੂਆਤੀ ਸਮਰੱਥਾ ਨਾਲ ਕੀਤੀ ਗਈ ਸੀ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮਾਲ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਅੱਜ ਦਾ ਇਹ ਮੌਕਾ ਇਲਾਕੇ ਲਈ ਇਤਿਹਾਸਕ ਦਿਨ ਹੈ ਕਿਉਂਕਿ ਇਸ ਸ਼ੂਗਰ ਮਿੱਲ ਦੀ ਸਮਰੱਥਾ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਇਸ ਮੰਤਵ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਵੱਲੋਂ ਖੰਡ ਮਿੱਲ ਦੇ ਵਿਸਥਾਰ ਦਾ ਇਹ ਕ੍ਰਾਂਤੀਕਾਰੀ ਕਦਮ ਆਉਣ ਵਾਲੇ ਸਮੇਂ ਵਿੱਚ ਇਸ ਖੇਤਰ ਲਈ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਦਿਨ ਦੂਰ ਨਹੀਂ ਜਦੋਂ ਗੰਨਾ ਉਤਪਾਦਕਾਂ ਨੂੰ ਮਿੱਲ ਵਿੱਚ ਗੰਨੇ ਖਰੀਦ ਹੋਣ ਤੋਂ 24 ਘੰਟਿਆਂ ਦੇ ਅੰਦਰ-ਅੰਦਰ ਉਨ੍ਹਾਂ ਦੀ ਫਸਲ ਦੀ ਅਦਾਇਗੀ ਮਿਲਣੀ ਸ਼ੁਰੂ ਹੋ ਜਾਵੇਗੀ।
ਇਸ ਮੌਕੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅਤੇ ਜੋਗਿੰਦਰ ਸਿੰਘ ਭੋਆ, ਸ਼ੂਗਰਫੈੱਡ ਦੇ ਚੇਅਰਮੈਨ ਅਮਰੀਕ ਸਿੰਘ ਆਲੀਵਾਲ, ਗੁਰਮੀਤ ਸਿੰਘ ਪਾਹੜਾ, ਕ੍ਰਿਸਚੀਅਨ ਵੈਲਫੇਅਰ ਬੋਰਡ ਡਾ: ਸਲਾਮਤ ਮਸੀਹ, ਅਸ਼ੋਕ ਚੌਧਰੀ, ਨਗਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ,ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ, ਐਸ ਐਸ ਪੀ ਡਾ ਨਾਨਕ ਸਿੰਘ, ਚੇਅਰਮੈਨ ਗੁਰਮੀਤ ਸਿੰਘ ਪਾਹੜਾ, ਡਾ ਸਲਾਮਤ ਮਸੀਹ, ਚੇਅਰਮੈਨ ਕਿਰਸ਼ੀਅਨ ਵੈਲਫੇਅਰ ਬੋਰਡ, ਸੀਨੀਅਰ ਕਾਗਰਸੀ ਆਗੂ ਅਸੋਕ ਚੌਧਰੀ, ਨਗਰ ਕੌਸਲ ਪਰਧਾਨ ਗੁਰਦਾਸਪੁਰ ਐਡਵੋਕੇਟ ਬਲਜੀਤ ਸਿੰਘ ਪਾਹੜਾ, ਤਰਸੇਮ ਮਸੀਹ ਵਾਈਸ ਚੇਅਰਮੈਨ, ਕੇਪੀ ਪਾਹੜਾ, ਕੰਵਲਜੀਤ ਸਿੰਘ ਜੀ ਐਮ ਹੈਡਕੁਆਰਟਰ,ਜੀ ਐਮ ਸ਼ੂਗਰਮਿੱਲ ਗੁਰਦਾਸਪੁਰ ਪੀਕੇ ਭੱਲਾ, ਜੀਐਮ ਨਵਾਂ ਸ਼ਹਿਰ ਜੀਸੀ ਸ਼ੁਕਲਾ, ਮਨਜਿੰਦਰ ਸਿੰਘ ਪਾਹੜਾ ਸੀਏਓ, ਅਰਵਿੰਦਰ ਪਾਲ ਸਿੰਘ ਕੈਰੋਂ, ਸੀਸੀਡੀਏ, ਸੀਆ ਰਾਮ ਗੌਤਮ, ਆਦਿ ਹਾਜ਼ਰ ਸਨ।