ਗੁਰਦਾਸਪੁਰ, 20 ਨਵੰਬਰ (ਮੰਨਣ ਸੈਣੀ)। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ ਉਹ ਇਕੋ ਚੈਨਲ ਦੀ ਇਜਾਰੇਦਾਰੀ ਨੂੰ ਖਤਮ ਕਰਨ ਦੇ ਮਕਸਦ ਨਾਲ ਦੂਜੇ ਚੈਨਲਾਂ ਨੂੰ ਵੀ ਪੀ.ਟੀ.ਸੀ. ਨੈੱਟਵਰਕ ਵਾਂਗ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ ਕਰਨ ਦੀ ਆਗਿਆ ਦੇਣ ਦੇ ਪ੍ਰਸਤਾਵ ਨੂੰ ਲੈ ਕੇ ਛੇਤੀ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲਣਗੇ ਕਿਉਂ ਜੋ ਪੀਟੀਸੀ ਨੈੱਟਵਰਕ ਨੂੰ ਪਹਿਲਾਂ ਹੀ ਇਸ ਲਈ ਵਿਸ਼ੇਸ਼ ਤੌਰ ‘ਤੇ ਇਜਾਜ਼ਤ ਦਿੱਤੀ ਗਈ ਹੈ।
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਪਹਿਲਕਦਮੀ ਸਾਰੇ ਚੈਨਲਾਂ ਨੂੰ ਬਰਾਬਰੀ ਪ੍ਰਦਾਨ ਕਰਨ ਦੇ ਨਾਲ-ਨਾਲ ਦੇਸ਼-ਵਿਦੇਸ਼ ਦੇ ਲੱਖਾਂ ਸ਼ਰਧਾਲੂਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਸਰਵਣ ਕਰਨ ਦਾ ਵੀ ਮੌਕਾ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਸਾਡੇ ਮਹਾਨ ਗੁਰੂ ਸਾਹਿਬਾਨ ਨੇ ਪਹਿਲਾਂ ਹੀ ਮਨੁੱਖਤਾ ਦੀ ਬਰਾਬਰੀ ਦਾ ਸਦੀਵੀ ਸੰਦੇਸ਼ ਦਿੱਤਾ ਹੈ ਤਾਂ ਫਿਰ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ ਕਰਨ ਦੀ ਇਜਾਜ਼ਤ ਕੇਵਲ ਇੱਕ ਚੈਨਲ ਨੂੰ ਕਿਉਂ ਦਿੱਤੀ ਜਾਂਦੀ ਹੈ।