ਚੰਡੀਗੜ੍ਹ, 19 ਨਵੰਬਰ, 2021: ਪੰਜਾਬ ਸਰਕਾਰ ਵੱਲੋ ਸ: ਦੀਪਇੰਦਰ ਸਿੰਘ ਪਟਵਾਲੀਆ ਨੂੰ ਨਵੇਂ ਐਡਵੋਕੇਟ ਜਨਰਲ ਵੱਜੋ ਨਿਯੁਕਤ ਕੀਤਾ ਗਿਆ ਹੈ।
ਉਹ ਸ: ਏ.ਪੀ.ਐਸ. ਦਿਓਲ ਦੀ ਥਾਂ ਲੈਣਗੇ ਜਿਨ੍ਹਾਂ ਨੂੰ ਸ: ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਪਹਿਲਾਂ ਏ.ਜੀ.ਵਜੋਂ ਨਿਯੁਕਤ ਕੀਤਾ ਸੀ ਪਰ ਪ੍ਰਦੇਸ਼ ਕਾਂਗਰਸ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਦੇ ਭਾਰੀ ਵਿਰੋਧ ਦੇ ਚੱਲਦਿਆਂ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪਿਆ ਸੀ ਜੋ ਚੰਨੀ ਸਰਕਾਰ ਨੇ ਮਨਜ਼ੂਰ ਕਰ ਲਿਆ ਸੀ।
ਜ਼ਿਕਰਯੋਗ ਹੈ ਕਿ ਸ: ਪਟਵਾਲੀਆ ਦਾ ਨਾਂਅ ਪਹਿਲਾਂ ਵੀ ਇਸ ਅਹੁਦੇ ਲਈ ਚਰਚਾ ਵਿੱਚ ਆਇਆ ਸੀ ਅਤੇ ਇਕ ਅੱਧ ਦਿਨ ਤਾਂ ਇਹ ਚਰਚਾ ਚੱਲਦੀ ਰਹੀ ਸੀ ਕਿ ਸ:ਪਟਵਾਲੀਆ ਨੂੰ ਨਿਯੁਕਤ ਕੀਤਾ ਜਾ ਰਿਹਾ ਹੈ ਪਰ ਅੰਤ ਸ: ਦਿਓਲ ਦੀ ਨਿਯੁਕਤੀ ਦੇ ਹੁਕਮ ਹੋ ਗਏ ਸਨ। ਸ: ਪਟਵਾਲੀਆ ‘ਸਰਵਿਸ ਮੈਟਰਜ਼’ ਦੇ ਪ੍ਰਸਿੱਧ ਵਕੀਲਾਂ ਵਿੱਚੋਂ ਇਕ ਹਨ।
ਸਮਝਿਆ ਜਾਂਦਾ ਹੈ ਕਿ ਸ: ਪਟਵਾਲੀਆ ਪ੍ਰਦੇਸ਼ ਕਾਂਗਰਸ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਦੇ ਨੇੜੇ ਹਨ। ਉਹ ਸਾਬਕਾ ਡੀ.ਜੀ.ਪੀ. ਸ੍ਰੀ ਮੁਹੰਮਦ ਮੁਸਤਫ਼ਾ ਵੱਲੋਂ ਸਾਬਕਾ ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ ਦੀ ਨਿਯੁਕਤੀ ਨੂੂੰ ਚੁਣੌਤੀ ਦੇਣ ਸੰਬੰਧੀ ਕੇਸ ਵਿੱਚ ਸ੍ਰੀ ਮੁਸਤਫ਼ਾ ਦੇ ਵਕੀਲ ਸਨ।
ਸ: ਪਟਵਾਲੀਆ ਸੁਪਰੀਮ ਕੋਰਟ ਦੇ ਸਾਬਕਾ ਜੱਜ ਸ:ਕੁਲਦੀਪ ਸਿੰਘ ਅਤੇ ਸਿੱਖ਼ਿਆ ਖ਼ੇਤਰ ਦੀ ਪ੍ਰਮੁੱਖ ਸ਼ਖਸ਼ੀਅਤ ਗੁਰਮਿੰਦਰ ਕੌਰ ਦੇ ਬੇਟੇ ਹਨ। ਉਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਸ: ਪੀ.ਐਸ.ਪਟਵਾਲੀਆ ਦੇ ਛੋਟੇ ਭਰਾ ਹਨ। ਯਾਦ ਰਹੇ ਸ:ਪਟਵਾਲੀਆ ਨੇ 2006 ਵਿੱਚ ਹਾਈਕੋਰਟ ਦੇ ਜੱਜ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਤਾਂ ਜੋ ਉਹ ਸੁਪਰੀਮ ਕੋਰਟ ਵਿੱਚ ਸੀਨੀਅਰ ਐਡਵੋਕੇਟ ਵਜੋਂ ਪ੍ਰੈਕਟਿਸ ਕਰ ਸਕਣ।
ਸੇਂਟ ਜੌਨਜ਼ ਸਕੂਲ, ਚੰਡੀਗੜ੍ਹ ਤੋਂ ਪੜ੍ਹੇ ਅਤੇ ਪੰਜਾਬ ਯੂਨੀਵਰਸਿਟੀ ਤੋਂ 1998 ਵਿੱਚ ਐਲ.ਐਲ.ਬੀ. ਕਰ ਕੇ ਵਕੀਲ ਬਣੇ ਸ:ਪਟਵਾਲੀਆ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ 2014 ਵਿੱਚ ਸੀਨੀਅਰ ਵਕੀਲ ਵਜੋਂ ਮਾਨਤਾ ਦਿੱਤੀ ਗਈ ਸੀ।