ਲੋਕਾਂ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਕੀਤੇ ਸਾਢੇ ਪੰਜ ਰੁਪਏ ਦੇ ਐਲਾਨ ਦੇ ਬਾਵਜੂਦ ਰੇਤਾ ਹਾਲੇ ਵੀ 20 ਰੁਪਏ ਫੁੱਟ ਵਿਕ ਰਿਹੈ
ਮੁਕੇਰੀਆਂ, 13 ਨਵੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ-ਬਸਪਾ ਗਠਜੋੜ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਵਚਨਬੱਧ ਹੈ ਤੇ ਇਕ ਵਾਰ ਸੱਤਾ ਵਿਚ ਆਉਣ ’ਤੇ ਉਹ ਐਕਟ ਪਾਸ ਕਰ ਕੇ ਖੰਡ ਮਿੱਲਾਂ ਲਈ ਗੰਨਾ ਉਤਪਾਦਕਾਂ ਦੇ ਬਕਾਏ ਨਿਰਧਾਰਿਤ ਸਮੇਂ ਦੇ ਅੰਦਰ ਅੰਦਰ ਦੇਣੇ ਲਾਜ਼ਮੀ ਕਰੇਗਾ।
ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਇਸ ਹਲਕੇ ਵਿਚ ਕਈ ਜਨਤਕ ਮੀਟਿੰਗਾਂ ਨੁੰ ਸੰਬੋਧਨ ਕੀਤਾ, ਨੇ ਕਿਹਾ ਕਿ ਉਹਨਾਂ ਨੂੰ ਵਿਆਪਕ ਸ਼ਿਕਾਇਤਾਂ ਮਿਲੀਆਂ ਹਨ ਕਿ ਖੰਡ ਮਿੱਲਾਂ ਤਕਰੀਬਨ ਇਕ-ਇਕ ਸਾਲ ਤੱਕ ਗੰਨਾ ਉਤਪਾਦਕਾਂ ਨੂੰ ਉਹਨਾਂ ਦੇ ਬਕਾਏ ਅਦਾ ਨਹੀਂ ਕਰਦੀਆਂ। ਉਹਨਾਂ ਕਿਹਾ ਕਿ ਇਹ ਪ੍ਰਵਾਨਯੋਗ ਨਹੀਂ ਹੈ। ਉਹਨਾਂ ਕਿਹਾ ਕਿ ਨਵੇਂ ਐਕਟ ਵਿਚ ਇਹ ਵਿਵਸਥਾ ਹੋਵੇਗੀ ਕਿ ਜੇਕਰ ਉਹਨਾਂ ਨੇ ਗੰਨਾ ਪਿੜਾਈ ਦੇ ਸੀਜ਼ਨ ਦੇ ਨਿਰਧਿਾਰਤ ਸਮੇਂ ਦੇ ਅੰਦਰ ਅੰਦਰ ਕਿਸਾਨਾਂ ਨੁੰ ਬਕਾਏ ਅਦਾ ਨਾ ਕੀਤੇ ਤਾਂ ਫਿਰ ਖੰਡ ਮਿੱਲ ਮਾਲਕਾਂ ਦੇ ਖਿਲਾਫ ਕੇਸ ਵੀ ਦਰਜ ਕੀਤਾ ਜਾ ਸਕੇਗਾ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਖਿਆ ਕਿ ਉਹ ਗੰਨਾ ਉਤਪਾਦਕਾਂ ਨੁੰ 360 ਰੁਪਏ ਦਾ ਸਰਕਾਰੀ ਭਾਅ ਮਿਲਣਾ ਯਕੀਨੀ ਬਣਾਉਣ ਵਾਸਤੇ ਸੂਬਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਸਰਕਾਰੀ ਭਾਅ ਦੇ ਐਲਾਨ ਦੇ ਬਾਵਜੂਦ ਖੰਡ ਮਿੱਲਾਂ ਇਸ ਕੀਮਤ ’ਤੇ ਗੰਨੇ ਦੇ ਬਾਂਡ ਨਹੀਂ ਭਰ ਰਹੀਆਂ। ਉਹਨਾਂ ਕਿਹਾ ਕਿ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਭਾਅ ਸਿਰਫ ਕਾਗਜ਼ਾਂ ਤੱਕ ਸੀਮਤ ਨਾ ਰਹੇ।
ਮੁਕੇਰੀਆਂ, ਜਿਥੇ ਅਕਾਲੀ ਦਲ ਦੇ ਪ੍ਰਧਾਨ ਨੇ ਪਾਰਟੀ ਦੇ ਉਮੀਦਵਾਰ ਸਰਬਜੋਤ ਸਾਬੀ ਦੇ ਹੱਕ ਵਿਚ ਪ੍ਰਚਾਰ ਕੀਤਾ, ਵਿਖੇ ਲੋਕਾਂ ਨੇ ਹਲਕੇ ਵਿਚ ਵੱਡੀ ਪੱਧਰ ’ਤੇ ਨਜਾਇਜ਼ ਮਾਇਨਿੰਗ ਖਿਲਾਫ ਸ਼ਿਕਾਇਤ ਕੀਤੀ। ਸਰਦਾਰ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਮੌਜੂਦਾ ਗੰਢਤੁੱਪ ਬਾਰੇ ਪਤਾ ਹੈ ਤੇ ਉਹਨਾਂ ਨੇ ਇਸ ਸਾਲ ਜੁਲਾਈ ਵਿਚ ਇਲਾਕੇ ਦੇ ਦੌਰੇ ਸਮੇਂ ਆਪ ਇਹ ਵੇਖਿਆ ਸੀ। ਲੋਕਾਂ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਰੇਤਾ ਸਾਢੇ ਪੰਜ ਰੁਪਏ ਪ੍ਰਤੀ ਫੁੱਟ ਮਿਲਣ ਦੇ ਦਾਅਵੇ ਦੀ ਥਾਂ ’ਤੇ ਅਸਲ ਵਿਚ ਇਹ 20 ਰੁਪਏ ਫੁੱਟ ਤੋਂ ਵੀ ਜ਼ਿਆਦਾ ਮਹਿੰਗਾ ਮਿਲ ਰਿਹਾ ਹੈ। ਸਰਦਾਰ ਬਾਦਲ ਨੇ ਭਰੋਸਾ ਦੁਆਇਆ ਕਿ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਦਨ ’ਤੇ ਸੂਬੇ ਵਿਚੋਂ ਗੈਰ ਕਾਨੂੰਨੀ ਮਾਇਨਿੰਗ ਖਤਮ ਕੀਤੀ ਜਾਵੇਗੀ ਅਤੇ ਰੇਤਾਂ ਘੱਟ ਕੀਮਤਾਂ ’ਤੇ ਲੋਕਾਂ ਨੂੰ ਉਪਲਬਧ ਕਰਵਾਇਆ ਜਾਵੇਗਾ।
ਸਰਦਾਰ ਬਾਦਲ ਨੇ ਕਾਂਗਰਸ ਸਰਕਾਰ ਵੱਲੋਂ ਸਾਰੇ ਝੋਨੇ ਦੀ ਸਰਕਾਰੀ ਏਜੰਸੀਆਂ ਵੱਲੋਂ ਖਰੀਦ ਮੁਕੰਮਲ ਕੀਤੇ ਬਗੈਰ ਹੀ ਮੰਡੀਆਂ ਬੰਦ ਕਰਨ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਸ ਕਿਸਾਨ ਵਿਰੋਧੀ ਫੈਸਲੇ ਕਾਰਨ ਲੱਖਾਂ ਟਨ ਝੋਨੇ ਖਰੀਦਿਆ ਨਹੀਂ ਜਾ ਸਕੇਗਾ ਤੇ ਉਹਨਾਂ ਕਿਹਾ ਕਿ ਚੰਨੀ ਸਰਕਾਰ ਕੇਂਦਰ ਸਰਕਾਰ ਦੇ ਏਜੰਡੇ ’ਤੇ ਚਲ ਰਹੀ ਹੈ ਤੇ ਕੇਂਦਰ ਸਰਕਾਰ ਝੋਨੇ ਦੀ ਖਰੀਦ ਵਿਚ ਵੱਡੀ ਕਟੌਤੀ ਕਰਨਾ ਚਾਹੁੰਦੀ ਹੈ। ਉਹਨਾਂ ਨੇ ਸਰਕਾਰ ਵੱਲੋਂ ਕਿਸਾਨਾਂ ਨੂੰ ਡੀ ਏ ਪੀ ਢੁਕਵੀਂ ਸਪਲਾਈ ਪ੍ਰਦਾਨ ਕਰਨ ਵਿਚ ਨਾਕਾਮ ਰਹਿਣ ਤੇ ਇਸਦੀ ਕਾਲਾ ਬਾਜ਼ਾਰੀ ਰੋਕ ਵਿਚ ਨਾਕਾਮ ਰਹਿਣ ਦੀ ਵੀ ਨਿਖੇਧੀ ਕੀਤੀ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਸਰਕਾਰ ਕਮਜ਼ੋਰ ਵਰਗਾਂ ਦੀ ਹਾਲਤ ਸੁਧਾਰਨ ਲਈ ਵੀ ਵਚਨਬੱਧ ਹੈ ਤੇ ਜੋ ਮਹਿਲਾਵਾਂ ਪਰਿਵਾਰ ਦੀ ਅਗਵਾਈ ਕਰਦੀਆਂ ਹਨ, ਉਹਨਾਂ ਨੁੰ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਹਰ ਮਹੀਨੇ 2000 ਰੁਪਏ ਦੀ ਗ੍ਰਾਂਟ ਦਿੱਤੀ ਜਾਇਆ ਕਰੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਵਿਦਿਆਰਥੀ ਸਟੂਡੈਂਟ ਲੋਨ ਲੈ ਸਕਣਗੇ ਜਿਸਨੂੰ ਸੂਬਾ ਸਰਕਾਰ ਭਰੇਗੀ ਅਤੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਲਈ ਪ੍ਰੋਫੈਸ਼ਨਲ ਕਾਲਜਾਂ ਵਿਚ 33 ਫੀਸਦੀ ਰਾਖਵਾਂਕਰਨ ਕੀਤਾ ਜਵਾੇਗਾ। ਉਹਨਾਂ ਕਿਹਾ ਕਿ ਅਸੀਂ ਇਹ ਵੀ ਯਕੀਨੀ ਬਣਾਵਾਂਗੇ ਕਿ ਉਦਯੋਗਿਕ ਇਕਾਈਆਂ ਵਿਚ 75 ਫੀਸਦੀ ਨੌਕਰੀਆਂ ਪੰਜਾਬੀਆਂ ਲਈ ਰਾਖਵੀਂਆਂ ਹੋਣ।
ਮੁਕੇਰੀਆਂ ਵਿਧਾਨ ਸਭਾ ਹਲਕੇ ਦਾ ਦੌਰਾ ਸ਼ੁਰੂ ਕਰਨ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਸੈਂਕੜੇ ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਨਿੱਘਾ ਸਵਾਗਤ ਕੀਤਾ ਜੋ ਉਹਨਾਂ ਦੇ ਅੱਗੇ ਰੋਡ ਸ਼ੋਅ ਲੈ ਕੇ ਸ਼ਹਿਰ ਵਿਚ ਦਾਖਲ ਹੋਇਆ। ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਵਿਚੋਂ ਲੰਘਦੇ ਸਮੇਂ ਸ਼ਹਿਰ ਦੇ ਲੋਕਾਂ ਤੋਂ ਰੋਡ ਸ਼ੋਅ ਨੁੰ ਭਰਵਾਂ ਹੁੰਗਾਰਾ ਮਿਲਿਆ।
ਮਹਾਰਾਦਾ ਪ੍ਰਤਾਪ ਸਿੰਘ ਨੁੰ ਸ਼ਰਧਾ ਦੇ ਫੁੱਲ ਭੇਂਟ ਕਰਨ ਤੋਂ ਬਾਅਦ ਸਰਦਾਰ ਬਾਦਲ ਨੇ ਮਹਾਨ ਜਰਨੈਲ ਦਾ ਵੱਡਾ ਬੁੱਤ ਲਾਉਣ ਦਾ ਵੀ ਐਲਾਨ ਕੀਤਾ। ਹਲਕੇ ਵਿਚ ਸਮਾਜ ਦੇ ਵੱਖ ਵੱਖ ਵਰਗਾਂ ਦੇ ਲੋਕਾਂ ਨਾਲ ਗੱਲਬਾਤ ਕਰਨ ਤੋਂ ਇਲਾਵਾ ਸਰਦਾਰ ਬਾਦਲ ਨੇ ਕਲੋਟਾ ਮੰਦਿਰ ਵਿਖੇ ਮੱਥਾ ਟੇਕਿਆ ਤੇ ਖਿਲਚੀਆਂ, ਚਨੌਰ, ਪੰਕੂ, ਹਾਜੀਪੁਰ ਤੇ ਮਹਿਤਪੁਰ ਵਿਚ ਜਨਤਕ ਮੀਟਿੰਗਾਂ ਨੁੰ ਸੰਬੋਧਨ ਕੀਤਾ।