ਹੋਰ ਦੇਸ਼ ਪੰਜਾਬ ਮੁੱਖ ਖ਼ਬਰ

ਮੁੱਖ ਮੰਤਰੀ ਚੰਨੀ ਨੇ ਵਿਧਾਨ ਸਭਾ ‘ਚ ਅਕਾਲੀਆਂ ਨੂੰ ਆੜੇ ਹੱਥੀਂ ਲਿਆ

ਮੁੱਖ ਮੰਤਰੀ ਚੰਨੀ ਨੇ ਵਿਧਾਨ ਸਭਾ ‘ਚ ਅਕਾਲੀਆਂ ਨੂੰ ਆੜੇ ਹੱਥੀਂ ਲਿਆ
  • PublishedNovember 11, 2021

ਅਕਾਲੀਆਂ ਨੇ ਭਾਜਪਾ ਨਾਲ ਮਿਲ ਕੇ ਦੇਸ਼ ਦੇ ਸੰਘੀ ਢਾਂਚੇ ਨੂੰ ਖੇਰੂੰ-ਖੇਰੂੰ ਕੀਤਾ: ਚੰਨੀ

ਕੇਂਦਰ ਸਰਕਾਰ ਨੂੰ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਵਾਰ-ਵਾਰ ਅਪੀਲ ਕੀਤੀ

ਚੰਡੀਗੜ੍ਹ, 11 ਨਵੰਬਰ: ਅਕਾਲੀ ਦਲ ‘ਤੇ ਨਿਸ਼ਾਨਾ ਸੇਧਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸੂਬਿਆਂ ਨੂੰ ਵਧੇਰੇ ਹੱਕ ਦੇਣ, ਚੰਡੀਗੜ੍ਹ ਨੂੰ ਪੰਜਾਬ ਹਵਾਲੇ ਕਰਨ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਵਰਗੇ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਹਮੇਸ਼ਾ ਸਿਆਸਤ ਦੇ ਸੌੜੇ ਨਜ਼ਰੀਏ ਤੋਂ ਦੇਖਿਆ ਹੈ।
15ਵੀਂ ਪੰਜਾਬ ਵਿਧਾਨ ਸਭਾ ਦੇ 16ਵੇਂ ਇਜਲਾਸ ਮੌਕੇ ਆਪਣੇ ਭਾਸ਼ਣ ਦੌਰਾਨ ਮੁੱਖ ਮੰਤਰੀ ਨੇ ਅਕਾਲੀਆਂ ‘ਤੇ ਵਰ੍ਹਦਿਆਂ ਕਿਹਾ ਕਿ ਉਹ ਇੱਕ ਜ਼ਰੀਆ ਹਨ ਜਿਸ ਰਾਹੀਂ ਆਰ.ਐਸ.ਐਸ., ਜੋ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਨਾਲ ਖੇਡਦਾ ਰਿਹਾ ਹੈ, ਸੂਬੇ ਵਿਚ ਆਪਣੀ ਪਕੜ ਬਣਾਉਣ ਵਿਚ ਕਾਮਯਾਬ ਹੋਇਆ। ਚੰਨੀ ਨੇ ਪੰਜਾਬ ‘ਤੇ ਅਜਿਹੇ ਫੈਸਲੇ ਥੋਪਣ ਲਈ ਅਕਾਲੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ, “ਜਦੋਂ ਆਰ.ਐਸ.ਐਸ. ਅਤੇ ਇਸ ਦੇ ਸਿਆਸੀ ਵਿੰਗ ਭਾਜਪਾ ਨੇ ਧਾਰਾ 370 ਨੂੰ ਰੱਦ ਕਰਕੇ ਦੇਸ਼ ਦੇ ਸੰਘੀ ਢਾਂਚੇ ਨੂੰ ਢਾਹ ਲਾਈ ਤਾਂ ਅਕਾਲੀਆਂ ਨੇ ਨਾ ਸਿਰਫ਼ ਭਾਜਪਾ ਦਾ ਪੱਖ ਲਿਆ, ਸਗੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਇਸ ਕਦਮ ਦੇ ਹੱਕ ਵਿੱਚ ਬੋਲਿਆ ਅਤੇ ਇੱਥੋਂ ਤੱਕ ਕੇ ਇਸ ਗੈਰ-ਜਮਹੂਰੀ ਕਦਮ ਖਿਲਾਫ ਵੋਟ ਵੀ ਨਹੀਂ ਪਾਈ।”

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ‘ਤੇ ਉਨ੍ਹਾਂ ਪ੍ਰਤੀ ਕੀਤੀ ਗਈ ਆਲੋਚਨਾ ਦਾ ਠੋਕਵਾਂ ਜਵਾਬ ਦਿੰਦਿਆਂ ਚੰਨੀ ਨੇ ਦੱਸਿਆ ਕਿ ਦੋਵਾਂ ਸ਼ਖਸ਼ੀਅਤਾਂ ਨਾਲ ਉਨ੍ਹਾਂ ਦੀ ਮੁਲਾਕਾਤ ਇਕ ਸ਼ਿਸ਼ਟਾਚਾਰ ਮੁਲਾਕਾਤ ਸੀ। “ਸ਼ਾਇਦ ਅਕਾਲੀ ਇਸ ਗੱਲ ਨੂੰ ਭੁੱਲ ਗਏ ਹਨ ਕਿ ਮੈਂ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ ‘ਤੇ ਜ਼ੋਰ ਦਿੱਤਾ ਹੈ ਅਤੇ ਇਸ ਦੇ ਨਾਲ-ਨਾਲ ਤਿੰਨ ਕਾਲੇ ਖੇਤੀ ਕਾਨੂੰਨਾਂ , ਜੋ ਖੇਤੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਵਾਲੇ ਖੇਤੀ ਸੈਕਟਰ ਨੂੰ ਢਾਹ ਲਾਅ ਰਹੇ ਹਨ, ਨੂੰ ਵਾਪਸ ਲੈਣ ਲਈ ਵਾਰ-ਵਾਰ ਬੇਨਤੀ ਕੀਤੀ ਹੈ।”

ਮੁੱਖ ਮੰਤਰੀ ਨੇ ਸਦਨ ਨੂੰ ਅੱਗੇ ਦੱਸਿਆ ਕਿ ਸੁਰੱਖਿਆ ਮੁੱਦਿਆਂ ‘ਤੇ ਕੇਂਦਰ ਸਰਕਾਰ ਨਾਲ ਮੀਟਿੰਗਾਂ ਦੌਰਾਨ ਉਨ੍ਹਾਂ ਨੇ ਹਮੇਸ਼ਾ ਇਹ ਇਕਸਾਰ ਸਟੈਂਡ ਲਿਆ ਹੈ ਕਿ ਕੌਮਾਂਤਰੀ ਸਰਹੱਦਾਂ ਨੂੰ ਸੀਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਨਸ਼ੇ ਪੰਜਾਬ ਵਿਚ ਦਾਖਲ ਨਾ ਹੋ ਸਕਣ। ਮੈਂ ਕਦੇ ਵੀ ਉਨ੍ਹਾਂ ਨੂੰ ਰਾਜ ਵਿੱਚ ਬੀਐਸਐਫ ਦਾ ਅਧਿਕਾਰ ਖੇਤਰ ਵਧਾਉਣ ਲਈ ਨਹੀਂ ਕਿਹਾ ਜਿਸ ਬਾਰੇ ਮੇਰੇ ‘ਤੇ ਝੂਠੇ ਦੋਸ਼ ਲਗਾਏ ਜਾ ਰਹੇ ਹਨ। ਮੈਂ ਭਾਰਤ ਸਰਕਾਰ ਦੇ ਇਸ ਕਦਮ ਦਾ ਸਖ਼ਤ ਵਿਰੋਧ ਕਰਦਾ ਹਾਂ।
ਉਨ੍ਹਾਂ ਅਕਾਲੀਆਂ ਨੂੰ ਸੱਤਾ ਦੇ ਭੁੱਖੇ ਲੋਕ ਕਰਾਰ ਦਿੱਤਾ ਜੋ ਲੋਕਾਂ ਦੇ ਮਸਲਿਆਂ ਦੇ ਨਾਂ ‘ਤੇ ਰੌਲਾ ਪਾਉਂਦੇ ਰਹਿੰਦੇ ਹਨ ਪਰ ਸੱਤਾ ‘ਚ ਆਉਣ ‘ਤੇ ਹਮੇਸ਼ਾ ਅੱਖਾਂ ਬੰਦ ਕਰ ਲੈਂਦੇ ਹਨ। ਅਕਾਲੀ ਦਲ ਨੂੰ ਵਰਤ ਕੇ ਸੁੱਟਣ ਦੀ ਨੀਤੀ ਅਪਣਾਉਣ ਵਾਲੀ ਪਾਰਟੀ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੇ ਸੱਤਾ ਵਿੱਚ ਆਉਣ ਲਈ ਬਸਪਾ ਨਾਲ ਹੱਥ ਮਿਲਾਇਆ ਅਤੇ ਕੇਂਦਰ ਵਿੱਚ ਭਾਜਪਾ ਦੇ ਸੱਤਾ ਵਿੱਚ ਆਉਣ ‘ਤੇ ਬਸਪਾ ਨੂੰ ਛੱਡ ਦਿੱਤਾ।

Written By
The Punjab Wire