ਜ਼ਿਲਾ ਵਾਸੀਆਂ ਦੀਆਂ ਮੁਸ਼ਕਲਾਂ ਸੁਣ ਕੇ ਕੀਤਾ ਜਾਵੇਗਾ ਉਨ੍ਹਾਂ ਦਾ ਹੱਲ
ਜ਼ੂਮ ਐਪ ਰਾਹੀਂ 99154-33700 ਆਈ.ਡੀ. ਦਰਜ ਕਰਕੇ ਮੀਟਿੰਗ ਨੂੰ ਜੁਆਇੰਨ ਕੀਤਾ ਜਾ ਸਕਦਾ ਹੈ
ਬਟਾਲਾ, 22 ਅਕਤੂਬਰ ( ਮੰਨਣ ਸੈਣੀ ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਸ਼ਨੀਵਾਰ ਮਿਤੀ 23 ਅਕਤੂਬਰ 2021 ਨੂੰ ਦੁਪਹਿਰ 12 ਵਜੇ ਜ਼ਿਲਾ ਵਾਸੀਆਂ ਨਾਲ ਜ਼ੂਮ ਐਪ ਰਾਹੀਂ ਆਨ-ਲਾਈਨ ਰਾਬਤਾ ਕਾਇਮ ਕੀਤਾ ਜਾਵੇਗਾ। ਇਸ ਆਨ-ਲਾਈਨ ਮੀਟਿੰਗ ਵਿੱਚ ਜ਼ਿਲੇ ਦਾ ਕੋਈ ਵੀ ਵਸਨੀਕ ਭਾਗ ਲੈ ਕੇ ਆਪਣੀ ਸਮੱਸਿਆ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆ ਸਕਦਾ ਹੈ।
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਜ਼ੂਮ ਮੀਟਿੰਗ ਵਿੱਚ ਉਨਾਂ ਸਮੇਤ ਜ਼ਿਲੇ ਦੇ ਸਾਰੇ ਅਧਿਕਾਰੀ ਭਾਗ ਲੈਣਗੇ ਜੋ ਕਿ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਉਨਾਂ ਦਾ ਹੱਲ ਕਰਨਗੇ। ਉਨਾਂ ਕਿਹਾ ਕਿ ਇਸ ਜ਼ੂਮ ਮੀਟਿੰਗ ਵਿੱਚ ਬਟਾਲਾ, ਗੁਰਦਾਸਪੁਰ, ਕਾਦੀਆਂ, ਸ੍ਰੀ ਹਰਗੋਬਿੰਦਪੁਰ, ਫ਼ਤਹਿਗੜ ਚੂੜੀਆਂ, ਧਾਰੀਵਾਲ, ਦੀਨਾ ਨਗਰ, ਡੇਰਾ ਬਾਬਾ ਨਾਨਕ, ਕਲਾਨੌਰ, ਕਾਹਨੂਵਾਨ ਸਮੇਤ ਜ਼ਿਲੇ ਦੇ ਪਿੰਡਾਂ ਦੇ ਨਾਗਰਿਕ ਵੀ ਭਾਗ ਲੈ ਸਕਦੇ ਹਨ। ਉਨਾਂ ਦੱਸਿਆ ਕਿ ਮੀਟਿੰਗ ਵਿੱਚ ਭਾਗ ਲੈਣ ਲਈ ਆਪਣੇ ਮੋਬਾਇਲ ਉੱਪਰ ਜ਼ੂਮ ਐਪ ਨੂੰ ਡਾਊਨਲੋਡ ਕੀਤਾ ਜਾਵੇ ਅਤੇ ਉਸਤੋਂ ਬਾਅਦ ਜ਼ੂਮ ਆਈ.ਡੀ. 99154-33700 ਦਰਜ ਕਰਕੇ ਮੀਟਿੰਗ ਨੂੰ ਜੁਆਇੰਨ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੀਟਿੰਗ ਦੌਰਾਨ ਆਪਣੇ ਇਲਾਕੇ ਦੀ ਸਫ਼ਾਈ, ਸੀਵਰੇਜ, ਛੱਪੜਾਂ ਦੀ ਸਫ਼ਾਈ, ਗਲੀਆਂ, ਨਾਲੀਆਂ ਸੜਕਾਂ ਆਦਿ ਦੀਆਂ ਸਮੱਸਿਆਵਾਂ ਸਮੇਤ ਜਨਤਾ ਨਾਲ ਸਬੰਧਤ ਕਿਸੇ ਵੀ ਸਮੱਸਿਆ ਬਾਰੇ ਆਪਣੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ ਅਤੇ ਮੀਟਿੰਗ ਵਿੱਚ ਸ਼ਾਮਲ ਅਧਿਕਾਰੀ ਉਸ ਸ਼ਿਕਾਇਤ ਨੂੰ ਸੁਣ ਕੇ ਉਸਦੇ ਹੱਲ ਸਬੰਧੀ ਕਾਰਵਾਈ ਕਰਨਗੇ। ਉਨਾਂ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨਾਂ ਨੂੰ ਕੋਈ ਸ਼ਿਕਾਇਤ ਜਾਂ ਸਮੱਸਿਆ ਹੈ ਤਾਂ ਉਹ ਜ਼ੂਮ ਮੀਟਿੰਗ ਰਾਹੀਂ ਜ਼ਿਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਜਰੂਰ ਲਿਆਉਣ।