ਸਾਰੀਆਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਪਾਰਟੀ ਲੀਹਾਂ ਤੋਂ ਉਠ ਕੇ ਫੈਸਲੇ ਖਿਲਾਫ ਮਤੇ ਪਾਸ ਕਰਨ ਅਤੇ ਇਹ ਫੈਸਲਾ ਵਾਪਸ ਲੈਣ ਦੀ ਮੰਗ ਕਰਨ ਦੀ ਕੀਤੀ ਅਪੀਲ
ਕਿਹਾ ਕਿ ਅਕਾਲੀ ਦਲ ਜੇਲ੍ਹ ਭਰੋ ਸਮੇਤ ਕਿਸੇ ਵੀ ਸੰਘਰਸ਼ ਲਈ ਤਿਆਰ
ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਵੱਲੋਂ ਪੰਜਾਬ ਦੇ ਹੱਕ ਕੇਂਦਰ ਅੱਗੇ ਸਮਰਪਣ ਕਰਨ ਦੀ ਕੀਤੀ ਨਿਖੇਧੀ
ਅੰਮ੍ਰਿਤਸਰ, 16 ਅਕਤੂਬਰ : ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਸਾਬਕਾ ਮੁੰਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਵੱਲੋਂ ਕੇਂਦਰੀ ਸੁਰੱਖਿਆ ਬਲਾਂ ਦਾ ਅਧਿਕਾਰ ਖੇਤਰ ਤਕਰੀਬਨ ਅੱਧੇ ਪੰਜਾਬ ਤੱਕ ਵਧਾਉਣ ਦੇ ਫੈਸਲੇ ਦਾ ਵਿਰੋਧ ਕਰਨ ਲਈ ਸਾਰੀਆਂ ਹਮ ਖਿਆਲੀ ਪਾਰਟੀਆਂ ਨੂੰ ਇਕ ਮੰਚ ’ਤੇ ਲੈ ਕੇ ਆਉਣ।
ਉਹਨਾਂ ਨੇ ਸਮੂਹ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਾਰਟੀ ਲੀਹਾਂ ਤੋਂ ਉਪਰ ਉਠ ਕੇ ਇਸ ਫੈਸਲੇ ਖਿਲਾਫ ਮਤੇ ਪਾਉਣ ਤੇ ਇਸਨੁੰ ਤੁਰੰਤ ਵਾਪਸ ਲੈਣ ਦੀ ਅਪੀਲ ਕਰਨ। ਅਕਾਲੀ ਆਗੂ ਨੇ ਇਹ ਵੀ ਐਲਾਨ ਕੀਤਾ ਕਿ ਪਾਰਟੀ ਇਸ ਪੰਜਾਬ ਵਿਰੋਧੀ ਫੈਸਲੇ, ਜੋ ਕਿ ਪੰਜਾਬ ਨੁੰ ਕੇਂਦਰੀ ਰਾਜ ਅਧੀਨ ਲਿਆਉਣ ਦੀ ਸਾਸ਼ਿ ਦਾ ਹਿੱਸਾ ਹੈ, ਨੁੰ ਵਾਪਸ ਲੈਣ ਤੱਕ ਕਿਸੇ ਵੀ ਸੰਘਰਸ਼ ਲਈ ਤਿਆਰ ਹੈ ਭਾਵੇਂ ਉਹ ਜੇਲ੍ਹ ਭਰੋ ਅੰਦੋਲਨ ਹੀ ਕਿਉਂ ਨਾ ਹੋਵੇ।
ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸਰਦਾਰ ਮਜੀਠੀਆ ਨੇ ਚਰਨਜੀਤ ਸਿੰਘ ਚੰਨੀ ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸੂਬੇ ਦੇ ਹੱਕ ਕੇਂਦਰ ਅੱਗੇ ਸਮਰਪਣ ਕਰਨ ਦਾ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਹ ਕੋਈ ਇਤਫਾਕ ਨਹੀਂ ਹੋ ਸਕਦਾ ਕਿ ਲੰਘੀ 5 ਅਕਤੂਬਰ ਨੁੰ ਮੁੱਖ ਮੰਤਰੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਦੇ ਹਨ ਅਤੇ 9 ਦਿਨ ਬਾਅਦ ਪੰਜਾਬ ਵਿਰੋਧੀ ਫੈਸਲਾ ਲੈ ਲਿਆ ਜਾਂਦਾ ਹੈ।
ਮੁੱਖ ਮੰਤਰੀ ਨੁੰ ਪੂਰੀ ਤਰ੍ਹਾਂ ਅਯੋਗ ਕਰਾਰ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੇ ਇਸ ਫੈਸਲੇ ਦਾ ਪੁਰਜ਼ੋਰ ਵਿਰੋਧ ਕਰਨ ਦੀ ਥਾਂ ਸਿਰਫ ਬਿਆਨ ਜਾਰੀ ਕਰ ਕੇ ਆਪਣੇ ਹੱਥ ਸਾਫ ਕਰ ਲਏ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੁੰ ਆਪਣੇ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਹੱਥ ਨਹੀਂ ਹੈ ਕਿਉਂਕਿ ਅਜਿਹਾ ਦੂਜੀ ਵਾਰ ਹੈ ਜਦੋਂ ਉਹਨਾਂ ਸੂਬੇ ਦੇ ਹਿੱਤ ਕੇਂਦਰ ਨੁੰ ਵੇਚੇ ਹੋਣ। ਉਹਨਾਂ ਕਿਹਾ ਕਿ ਪਹਿਲੀ ਵਾਰ ਜੇਲ੍ਹ ਮੰਤਰੀ ਹੁੰਦਿਆਂ ਰੰਧਾਵਾ ਨੇ ਜੇਲ੍ਹਾਂ ਸੀ ਆਰ ਪੀ ਐਫ ਹਵਾਲੇ ਕਰਨ ਦੀ ਦਲੀਲ ਦਿੱਤੀ ਸੀ। ਉਹਨਾਂ ਕਿਹਾ ਕਿ ਹੁਣ ਉਹਨਾਂ ਸਾਬਤ ਕਰ ਦਿੱਤਾ ਹੈ ਕਿ ਉਹ ਅਮਨ ਕਾਨੂੰਨ ਦੀ ਵਿਵਸਥਾ ਬਰਕਰਾਰ ਨਹੀਂ ਰੱਖ ਸਕਦੇ ਤੇ ਨਾ ਹੀ ਸੂਬੇ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾ ਸਕਦੇ ਹਨ।
ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਇਹ ਵੀ ਦੱਸਿਆ ਕਿ ਅਕਾਲੀ ਦਲ ਵੱਲੋਂ ਫੈਸਲੇ ਕੇਂਦਰ ਸਰਕਾਰ ਵੱਲੋਂ ਬਾਰਡਰ ਸਕਿਓਰਿਟੀ ਫੋਰਸ (ਬੀ ਐਸ ਐਫ) ਦਾ ਅਧਿਕਾਰ ਖੇਤਰ ਪਾਕਿਸਤਾਨ ਦੀ ਸਰਹੱਦ ਤੋਂ 50 ਕਿਲੋਮੀਟਰ ਤੱਕ ਵਧਾਉਣ ਨਾਲ ਪ੍ਰਭਾਵਤ ਹੋਣ ਵਾਲੇ 10 ਜ਼ਿਲਿ੍ਹਆਂ ਦੇ ਪਾਰਟੀ ਦੇ ਅਹੁਦੇਦਾਰਾਂ ਤੇ ਜ਼ਮੀਨੀ ਪੱਧਰ ਦੇ ਆਗੂਆਂ ਨਾਲ ਸਲਾਹ ਮਸ਼ਵਰਾ ਕਰ ਕੇ ਲਏ ਗਏ ਹਨ। ਉਹਨਾਂ ਕਿਹਾ ਕਿ ਅਸੀਂ ਆਮ ਪੰਜਾਬੀਆਂ ਦੀਆਂ ਭਾਵਨਾਵਾਂ ਦਾ ਵੀ ਖਿਆਲ ਰੱਖਿਆ ਹੈ ਜਿਹੜੇ ਕੇਂਦਰ ਦੇ ਫੈਸਲੇ ਤੋਂ ਪ੍ਰਭਾਵਤ ਹੋਏ ਹਨ।
ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਇੰਦਰਾ ਗਾਂਧੀ ਵੱਲੋਂ ਲਗਾਈ ਐਮਰਜੰਸੀ ਤੇ ਮੌਜੂਦਾ ਫੈਸਲੇ ਵਿਚ ਕੋਈ ਫਰਕ ਨਹੀਂ ਹੈ। ਉਹਨਾਂ ਕਿਹਾ ਕਿ ਸੂਬੇ ਵਿਚ ਕੇਂਦਰੀ ਰਾਜ ਲਾਗੂ ਕਰਨ ਲਈ ਉਹੀ ਹਾਲਾਤ ਬਣਾਉਣ ਦਾ ਯਤਨ ਕੀਤਾ ਗਿਆ ਹੈ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਨਰੇਂਦਰ ਮੋਦੀ ਨੇ ਯੂ ਪੀ ਏ ਸਰਕਾਰ ਵੱਲੋਂ ਗੁਜਰਾਤ ਵਿਚ ਬੀ ਐਸ ਐਫ ਦਾ ਅਧਿਕਾਰ ਖੇਤਰ ਵਧਾਉਣ ਦਾ ਫੈਸਲੇ ਦਾ ਵਿਰੋਧ ਕਰਦਿਆਂ ਇਸਨੂੰ ਸੰਘਵਾਦ ਵਿਰੋਧੀ ਫੈਸਲਾ ਕਰਾਰ ਦਿੱਤਾ ਸੀ। ਵੁਹਨਾਂ ਕਿਹਾ ਕਿ ਹੁਣ ਸ੍ਰੀ ਮੋਦੀ ਉਹੀ ਫੈਸਲਾ ਸਾਡੇ ਸਿਰ ਮੜ੍ਹ ਰਹੇ ਹਨ ਜੋ ਸੰਘਵਾਦ ਦੇ ਨਾਲ ਨਾਲ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦੇ ਖਿਲਾਫ ਹੈ।
ਇਸ ਦੌਰਾਨ ਇਸ ਮਾਮਲੇ ’ਤੇ ਬੋਲਦਿਆਂ ਸਰਦਾਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਕੌਮਾਂਤਰੀ ਸਰਹੱਦ ’ਤੇ ਕੰਡਿਆਲੀ ਤਾਰ ਦੇ ਨਾਲ ਨਾਲ ਚੌਕਸੀ ਸਖ਼ਤ ਕਰਨ ਦੀ ਥਾਂ ’ਤੇ ਬੀ ਐਸ ਐਫ ਨੁੰ 50 ਕਿਲੋਮੀਟਰ ਅੰਦਰ ਤੱਕ ਤਲਾਸ਼ੀ ਲੈਣ, ਕੁਝ ਵੀ ਜ਼ਬਤ ਕਰਨ ਤੇ ਗ੍ਰਿਫਤਾਰ ਕਰਨ ਦੀ ਤਾਕਤ ਦੇ ਦਿੱਤੀ ਹੈ। ਉਹਨਾਂ ਕਿਹਾ ਕਿ ਸਮਗÇਲੰਗ ਤਾਂ ਕੰਡਿਆਲੀ ਤਾਰ ਦੇ ਪਾਰੋਂ ਹੋ ਰਹੀ ਹੈ ਤੇ ਇਥੇ ਹੀ ਬੀ ਐਸ ਐਫ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਨਿਲ ਜੋਸ਼ੀ, ਵੀਰ ਸਿੰਘ ਲੋਪੋਕੇ, ਲਖਬੀਰ ਸਿੰਘ ਲੋਧੀਨੰਗਲ, ਡਾ. ਦਲਬੀਰ ਸਿੰਘ ਵੇਰਕਾ, ਗੁਰਪ੍ਰਤਾਪ ਟਿੱਕਾ, ਤਲਬੀਰ ਸਿੰਘ ਗਿੱਲ, ਮਨਜੀਤ ਸਿੰਘ ਜਲਾਲਉਸਮਾਂ ਅਤੇ ਰਵੀਕਰਨ ਕਾਹਲੋਂ ਵੀ ਮੌਜੂਦ ਸਨ।