ਲੋਕਾਂ ਦੀਆਂ ਸਮੱਸਿਆਵਾਂ ਦੇ ਤੁਰੰਤ ਹੱਲ ਲਈ ਜ਼ਿਲ੍ਹਾ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼
ਪਿਛਲੀ ਮੀਟਿੰਗ ਦੌਰਾਨ ਲੋਕਾਂ ਵੱਲੋਂ ਉਠਾਏ ਮੁੱਦਿਆਂ ਉੱਪਰ ਕੀਤੀ ਕਾਰਵਾਈ ਦੀ ਰਿਪੋਰਟ ਵੀ ਨਸ਼ਰ ਕੀਤੀ
ਬਟਾਲਾ, 16 ਅਕਤੂਬਰ ( ਮੰਨਣ ਸੈਣੀ )। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫ਼ਾਕ ਵੱਲੋਂ ਜ਼ਿਲ੍ਹਾ ਵਾਸੀਆਂ ਨਾਲ ਸਿੱਧਾ ਰਾਬਤਾ ਕਾਇਮ ਕਰਦਿਆਂ ਅੱਜ ਇੱਕ ਵਾਰ ਫਿਰ ਜ਼ੂਮ ਐਪ ਜਰੀਏ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਇਸ ਆਨ-ਲਾਈਨ ਮੀਟਿੰਗ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਤੋਂ ਲੋਕਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਸਭ ਤੋਂ ਪਹਿਲਾਂ ਪਿਛਲੀ ਮੀਟਿੰਗ ਦੌਰਾਨ ਲੋਕਾਂ ਵੱਲੋਂ ਉਠਾਏ ਮੁੱਦਿਆਂ ਉੱਪਰ ਕੀਤੀ ਕਾਰਵਾਈ ਦੀ ਰਿਪੋਰਟ ਲਈ ਗਈ।
ਜ਼ੂਮ ਮੀਟਿੰਗ ਦੌਰਾਨ ਜ਼ਿਲਾ ਵਾਸੀਆਂ ਨੇ ਸ਼ਹਿਰਾਂ ਦੀ ਸਫ਼ਾਈ, ਕੂੜੇ ਦਾ ਨਿਪਟਾਰਾ, ਸਟਰੀਟ ਲਾਈਟਾਂ, ਸੀਵਰੇਜ ਦੀ ਨਿਕਾਸੀ, ਸੜਕਾਂ ਦੀ ਮੁਰੰਮਤ, ਚੱਲ ਰਹੇ ਵਿਕਾਸ ਕਾਰਜਾਂ ਵਿੱਚ ਦੇਰੀ, ਪਿੰਡਾਂ ਵਿੱਚ ਛੱਪੜਾਂ ਦੀ ਸਫਾਈ ਸਮੇਤ ਹੋਰ ਵੀ ਲੋਕ ਮਸਲੇ ਉਠਾਏ। ਬਟਾਲਾ ਦੇ ਖਜ਼ੂਰੀ ਗੇਟ ਇਲਾਕੇ ਦੇ ਨਿਵਾਸੀ ਦਿਨੇਸ਼ ਖੋਸਲਾ ਨੇ ਆਪਣੇ ਇਲਾਕੇ ਵਿੱਚ ਗਲੀਆਂ ਦੀ ਰਿਪੇਅਰ ਅਤੇ ਸਫਾਈ ਵਿਵਸਥਾ ਵੱਲ ਅਧਿਕਾਰੀਆਂ ਦਾ ਧਿਆਨ ਦਿਵਾਇਆ। ਫਤਹਿਗੜ੍ਹ ਚੂੜੀਆਂ ਦੇ ਕੌਂਸਲਰ ਰਾਜੀਵ ਸੋਨੀ ਨੇ ਸ਼ਹਿਰ ਵਿੱਚ ਸਫਾਈ ਵਿਵਸਥਾ ਦਰੁਸਤ ਕਰਨ ਅਤੇ ਡੇਂਗੂ ਤੋਂ ਬਚਾਅ ਲਈ ਕਦਮ ਚੁੱਕਣ ਲਈ ਕਿਹਾ। ਇਸੇ ਹੀ ਸ਼ਹਿਰ ਦੀ ਇੱਕ ਅਧਿਆਪਕਾ ਨੇ ਸ਼ਹਿਰ ਵਿੱਚ ਸਫਾਈ ਵਿਵਸਥਾ ਸਬੰਧੀ ਆਪਣੀ ਸ਼ਿਕਾਇਤ ਦਰਜ ਕਰਵਾਈ। ਕੁਲਵਿੰਦਰ ਸਿੰਘ ਬਟਾਲਾ ਨੇ ਆਪਣੇ ਇਲਾਕੇ ਵਿੱਚ ਸਫਾਈ ਨਾ ਹੋਣ ਦੀ ਸ਼ਿਕਾਇਤ ਕੀਤੀ। ਇਸੇ ਤਰਾਂ ਹੋਰ ਵੀ ਨਾਗਰਿਕਾਂ ਨੇ ਸਫਾਈ ਅਤੇ ਸੀਵਰੇਜ ਸਬੰਧੀ ਜਿਆਦਾ ਸ਼ਿਕਾਇਤਾਂ ਕੀਤੀਆਂ।
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਹਰ ਸ਼ਿਕਾਇਤ ਕਰਤਾ ਦੀ ਗੱਲ ਨੂੰ ਪੂਰੇ ਧਿਆਨ ਸੁਣਿਆ ਅਤੇ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਲੋਕਾਂ ਵੱਲੋਂ ਉਠਾਏ ਮਸਲਿਆਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇ। ਉਨਾਂ ਨਾਲ ਹੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਦੀਆਂ ਸ਼ਿਕਾਇਤਾਂ ਉੱਪਰ ਕਾਰਵਾਈ ਕਰਕੇ ਅਗਲੀ ਮੀਟਿੰਗ ਤੋਂ ਪਹਿਲਾਂ ਉਨਾਂ ਜਾਣੂ ਕਰਵਾਇਆ ਜਾਵੇ ਅਤੇ ਨਾਲ ਹੀ ਅਗਲੀ ਮੀਟਿੰਗ ਵਿੱਚ ਸ਼ਿਕਾਇਤ ਕਰਤਾ ਨੂੰ ਵੀ ਕੀਤੀ ਗਈ ਕਾਰਵਾਈ ਬਾਰੇ ਦੱਸਿਆ ਜਾਵੇ। ਉਨਾਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਦੀਆਂ ਮੁਸ਼ਕਲਾਂ ਸੁਣਨ ਲਈ ਅਗਲੇ ਸ਼ਨੀਵਾਰ ਨੂੰ ਵੀ ਇਹ ਜ਼ੂਮ ਮੀਟਿੰਗ ਹੋਵੇਗੀ ਅਤੇ ਜ਼ਿਲੇ ਦਾ ਕੋਈ ਵੀ ਨਾਗਰਿਕ ਇਸ ਮੀਟਿੰਗ ਨੂੰ ਜੁਆਇੰਨ ਕਰਕੇ ਆਪਣੀ ਸ਼ਿਕਾਇਤ ਜਾਂ ਮੁਸ਼ਕਲ ਦੱਸ ਸਕਦਾ ਹੈ।