ਚੰਡੀਗੜ, 5 ਅਕਤੂਬਰ:- ਪੰਜਾਬ ਰਾਜ ਨੇ ਅੱਜ ਕੋਵਿਡ ਸਬੰਧੀ ਟੀਕਾਕਰਨ ਵਿੱਚ 2 ਕਰੋੜ ਖੁਰਾਕਾਂ ਲਗਾਉਣ ਦਾ ਅੰਕੜਾ ਪਾਰ ਕਰ ਲਿਆ ਹੈ। ਉਕਤ ਜਾਣਕਾਰੀ ਪੰਜਾਬ ਰਾਜ ਦੇ ਉਪ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਵੱਲੋਂ ਦਿੱਤੀ ਗਈ।
ਸ੍ਰੀ ਸੋਨੀ ਨੇ ਦੱਸਿਆ ਕਿ ਸੂਬੇ ਵਿੱਚ ਹੁਣ ਤੱਕ 1.48 ਕਰੋੜ ਲੋਕਾਂ ਨੂੰ ਕੋਵਿਡ ਸਬੰਧੀ ਟੀਕਾਕਰਨ ਦੀ ਪਹਿਲੀ ਖੁਰਾਕ ਲਗਾਈ ਗਈ ਹੈ ਜਦਕਿ 52 ਲੱਖ ਲੋਕਾਂ ਨੂੰ ਦੋਵੇਂ ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ।
ਉਹਨਾਂ ਦੱਸਿਆ ਕਿ ਅੱਜ ਦੇ ਦਿਨ ਸੂਬੇ ਭਰ ਵਿੱਚ 2.16 ਲੱਖ ਲੋਕਾਂ ਦਾ ਟੀਕਾਕਰਨ ਕੀਤਾ ਗਿਆ ਹੈ। ਉਹਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਦੇ ਟੀਕਾਕਰਨ ਵਿੱਚ ਲੁਧਿਆਣਾ, ਜਲੰਧਰ, ਅੰਮਿ੍ਰਤਸਰ, ਹੁਸ਼ਿਆਰਪੁਰ, ਪਟਿਆਲਾ ਸਿਖਰਲੇ ਪੰਜ ਜਿਲੇ ਹਨ।
ਉਪ ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਕੋਵਾਸ਼ੀਲਡ ਦੀਆਂ 1.77 ਕਰੋੜ ਖੁਰਾਕਾਂ ਅਤੇ ਕੋਵੈਕਸੀਨ ਦੀਆਂ 23 ਲੱਖ ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ। ਉਹਨਾਂ ਇਹ ਵੀ ਦੱਸਿਆ ਕਿ 18-44 ਉਮਰ ਵਰਗ ਵਿੱਚ 1.07 ਕਰੋੜ ਲੋਕਾਂ ਨੂੰ ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ ਹੈ ਜਦਕਿ 45-60 ਸਾਲ ਉਮਰ ਵਰਗ ਵਿੱਚ 55 ਲੱਖ ਅਤੇ 60 ਸਾਲ ਤੋਂ ਉਪਰਲੇ ਉਮਰ ਵਰਗ ਦੇ 38 ਲੱਖ ਲੋਕਾਂ ਨੂੰ ਕੋਵਿਡ ਟੀਕਾਕਰਨ ਦੀਆਂ ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ। ਸ੍ਰੀ ਸੋਨੀ ਨੇ ਇਸ ਟੀਚੇ ਨੂੰ ਹਾਸਲ ਕਰਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਫੀਲਡ ਵਰਕਰਾਂ ਦੀ ਭਰਪੂਰ ਸਲਾਘਾ ਕੀਤੀ।