Close

Recent Posts

ਪੰਜਾਬ ਮੁੱਖ ਖ਼ਬਰ ਰਾਜਨੀਤੀ

ਪ੍ਰੋ. ਚੰਦੂਮਾਜਰਾ ਦੀ ਅਗਵਾਈ ਹੇਠ ਅਕਾਲੀ ਦਲ ਦੇ ਵਫਦ ਵੱਲੋਂ ਗੁੜਗਾਓਂ ਦੇ ਹਸਪਤਾਲ ’ਚ ਦਾਖਲ ਕਿਸਾਨ ਆਗੂ ਤੇਜਿੰਦਰ ਸਿੰਘ ਵਿਰਕ ਨਾਲ ਮੁਲਾਕਾਤ

ਪ੍ਰੋ. ਚੰਦੂਮਾਜਰਾ ਦੀ ਅਗਵਾਈ ਹੇਠ ਅਕਾਲੀ ਦਲ ਦੇ ਵਫਦ ਵੱਲੋਂ ਗੁੜਗਾਓਂ ਦੇ ਹਸਪਤਾਲ ’ਚ ਦਾਖਲ ਕਿਸਾਨ ਆਗੂ ਤੇਜਿੰਦਰ ਸਿੰਘ ਵਿਰਕ ਨਾਲ ਮੁਲਾਕਾਤ
  • PublishedOctober 5, 2021

ਵਿਰਕ ਦੀ ਹਾਲਤ ਸਥਿਰ, ਜਲਦੀ ਹੀ ਸਰਗਰਮ ਹੋਣਗੇ : ਮਨਜਿੰਦਰ ਸਿੰਘ ਸਿਰਸਾ

ਸੁਖਬੀਰ ਸਿੰਘ ਬਾਦਲ ਵੱਲੋਂ ਵਿਰਕ ਦੇ ਇਲਾਜ ਦਾ ਖਰਚਾ ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਵੱਲੋਂ ਚੁੱਕਣ ਦਾ ਐਲਾਨ

ਅਕਾਲੀ ਦਲ ਦੇ ਪ੍ਰਧਾਨ ਨੇ ਵੀ ਕੀਤੀ ਵਿਰਕ ਨਾਲ ਗੱਲਬਾਤ

ਚੰਡੀਗੜ੍ਹ, 5 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਐਮ ਪੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਅੱਜ ਅਕਾਲੀ ਦਲ ਦੇ ਉਚ ਪੱਧਰੀ ਵਫਦ ਵੱਲੋਂ ਯੂ ਪੀ ਦੇ ਤਰਾਈ ਇਲਾਕੇ ਦੇ ਕਿਸਾਨ ਆਗੂ ਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਤੇਜਿੰਦਰ ਸਿੰਘ ਵਿਰਕ ਦਾ ਗੁੜਗਾਓਂ ਦੇ ਮੇਦਾਂਤਾ ਹਸਪਤਾਲ ਜਾ ਕੇ ਹਾਲ ਚਾਲ ਪੁੱਛਿਆ ਗਿਆ ਤੇ ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਵਿਰਕ ਦੇ ਇਲਾਜ ’ਤੇ ਹੋਏ ਖਰਚ ਦੀ ਜ਼ਿੰਮੇਵਾਰੀ ਦਿੱਲੀ ਗੁਰਦੁਆਰਾ ਕਮੇਟੀ, ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਚੁੱਕੇਗਾ। ਵਫਦ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਅਕਾਲੀ ਦਲ ਦੇ ਕੌਮੀ ਬੁਲਾਰੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਵੀ ਸ਼ਾਮਲ ਸਨ।

ਮੀਟਿੰਗ ਮਗਰੋਂ ਗੱਲਬਾਤ ਕਰਦਿਆਂ ਪ੍ਰੋ. ਚੰਦੂਮਾਜਰਾ ਤੇ ਸਰਦਾਰ ਸਿਰਸਾ ਨੇ ਦੱਸਿਆ ਕਿ ਲਖੀਮਪੁਰ ਖੀਰੀ ਵਿਚ ਕਿਸਾਨਾਂ ’ਤੇ ਹੋਏ ਹਮਲੇ ਦਾ ਨਿਸ਼ਾਨਾ ਤੇਜਿੰਦਰ ਸਿੰਘ ਵਿਰਕ ਸਨ ਤੇ ਇਸ ਹਮਲੇ ਦੀਆਂ ਵਾਇਰਲ ਵੀਡੀਓ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ। ਉਹਨਾਂ ਦੱਸਿਆ ਕਿ ਵਿਰਕ ਨੂੰ 20 ਮੀਟਰ ਤੱਕ ਗੱਡੀ ਹੇਠ ਘੜੀਸਿਆ ਗਿਆ ਤੇ ਉਹ ਗੰਭੀਰ ਜ਼ਖ਼ਮੀ ਹੋ ਗਏ ਸਨ। ਉਹਨਾਂ ਦੱਸਿਆ ਕਿ 4 ਘੰਟੇ ਤੱਕ ਚੱਲਿਆ ਅਪਰੇਸ਼ਨ ਸਫਲ ਰਿਹਾ ਹੈ ਤੇ ਵਿਰਕ ਦੀ ਸਿਹਤ ਹੁਣ ਸਥਿਰ ਹੈ। ਉਹਨਾਂ ਆਸ ਪ੍ਰਗਟ ਕੀਤੀ ਕਿ ਸਰਦਾਰ ਵਿਰਕ ਜਲਦੀ ਹੀ ਮੁੜ ਤੋਂ ਕਿਸਾਨ ਸੰਘਰਸ਼ ਦਾ ਹਿੱਸਾ ਹੋਣਗੇ।

ਇਸ ਮੌਕੇ ਪ੍ਰੋ. ਚੰਦੂਮਾਜਰਾ ਤੇ ਸਰਦਾਰ ਸਿਰਸਾ ਨੇ ਕਿਹਾ ਕਿ ਇਸ ਸਾਰੇ ਮਾਮਲੇ ਨੁੰ ਫਿਰਕੂ ਰੰਗਤ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ਤੇ ਅਸੀਂ ਸਾਰਿਆਂ ਨੇ ਸ਼ਾਂਤੀ ਤੇ ਸੰਜਮ ਨਾਲ ਇਹ ਲੜਾਈ ਲੜਨੀ ਹੈ ਜੋ ਕਿਸਾਨੀ ਦੀ ਤੇ ਦੇਸ਼ ਦੀ ਲੜਾਈ ਹੈ।
ਇਸ ਮੌਕੇ ਵਫਦ ਨੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਵੀ ਸਰਦਾਰ ਤੇਜਿੰਦਰ ਸਿੰਘ ਵਿਰਕ ਨਾਲ ਫੋਨ ’ਤੇ ਗੱਲਬਾਤ ਕਰਵਾਈ। ਸਰਦਾਰ ਬਾਦਲ ਨੇ

ਸਰਦਾਰ ਵਿਰਕ ਦੇ ਛੇਤੀ ਤੰਦਰੁਸਤ ਹੋ ਕੇ ਕਿਸਾਨੀ ਦੀ ਸੇਵਾ ਵਿਚ ਜੁੱਟਣ ਦੀ ਅਰਦਾਸ ਕੀਤੀ।ਇਸ ਮੌਕੇ ਸਰਦਾਰ ਬਾਦਲ ਨੇ ਐਲਾਨ ਕੀਤਾ ਕਿ ਕਿਉਂਕਿ ਸਰਦਾਰ ਵਿਰਕ ਇਸ ਵੇਲੇ ਕੌਮ ਅਤੇ ਦੇਸ਼ ਦੀ ਲੜਾਈ ਲੜ ਰਹੇ ਹਨ, ਇਸ ਲਈ ਉਹਨਾਂ ਦੇ ਇਲਾਜ ਦਾ ਸਾਰਾ ਖਰਚ ਦਿੱਲੀ ਗੁਰਦੁਆਰਾ ਕਮੇਟੀ, ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਆਪ ਚੁੱਕਣਗੇ।
ਇਸ ਮੌਕੇ ਸਰਦਾਰ ਤੇਜਿੰਦਰ ਸਿੰਘ ਵਿਰਕ ਨੇ ਆਪਣੇ ਸਾਥੀ ਕਿਸਾਨਾਂ ਨੁੰ ਅਪੀਲ ਕੀਤੀ ਕਿ ਉਹ ਸ਼ਾਂਤੀ ਤੇ ਸੰਜਮ ਕਾਇਮ ਰੱਖਣ ਤੇ ਕਿਹਾ ਕਿ ਆਪਾਂ ਸਾਰਿਆਂ ਨੇ ਰਲ ਕੇ ਇਹ ਲੜਾਈ ਜਿੱਤਣੀ ਹੈ। ਉਹਨਾਂ ਕਿਹਾ ਕ ਮੈਂ ਹੁਣ ਠੀਕ ਹਾਂ ਤੇ ਇਹ ਸਭ ਸਾਥੀਆਂ ਦੀਆਂ ਦੁਆਵਾਂ ਤੇ ਪਰਮਾਤਮਾ ਦੀ ਮਿਹਰ ਸਦਕਾ ਹੀ ਸੰਭਵ ਹੋਇਆ ਹੈ। ਉਹਨਾਂ ਆਸ ਪ੍ਰਗਟ ਕੀਤੀ ਕਿ ਉਹ ਜਲਦੀ ਹੀ ਅੰਦੋਲਨ ਲਈ ਸਰਗਰਮ ਹੋਣਗੇ।

Written By
The Punjab Wire