ਮੁੱਖ ਖ਼ਬਰ

ਸੁਨੀਲ ਜਾਖੜ ਵੱਲੋਂ ਮੁੱਖ ਮੰਤਰੀ ਅਤੇ ਪੀਪੀਸੀਸੀ ਪ੍ਰਧਾਨ ਨੂੰ ਲਖਮੀਰਪੁਰ ਖੇੜੀ ਜਾਣ ਦੀ ਅਪੀਲ

ਸੁਨੀਲ ਜਾਖੜ ਵੱਲੋਂ ਮੁੱਖ ਮੰਤਰੀ ਅਤੇ ਪੀਪੀਸੀਸੀ ਪ੍ਰਧਾਨ ਨੂੰ ਲਖਮੀਰਪੁਰ ਖੇੜੀ ਜਾਣ ਦੀ ਅਪੀਲ
  • PublishedOctober 4, 2021

ਕਿਹਾ, ਕਿਸਾਨ ਵੀਰਾਂ ਦੇ ਹੋਏ ਕਤਲਾਂ ਖਿਲਾਫ ਅਵਾਜ ਬੁਲੰਦ ਕਰਨ ਲਈ ਪੰਜਾਬ ਦੀਆਂ ਪਾਰਟੀਆਂ ਕਿਸਾਨਾਂ ਦੇ ਨਾਲ ਖੜ੍ਹਨ

ਚੰਡੀਗੜ੍ਹ, 4 ਅਕਤੂਬਰ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਸੂਬਾ ਕਾਂਗਰਸ ਪ੍ਰਧਾਨ ਨੂੰ ਅਪੀਲ ਕੀਤੀ ਹੈ ਕਿ ਉਹ ਲਖਮੀਰਪੁਰ ਖੇੜੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੋਏ ਕਤਲਾਂ ਖਿਲਾਫ ਅਵਾਜ ਬੁਲੰਦ ਕਰਨ ਲਈ ਪੰਜਾਬ ਦੀਆਂ ਹੋਰ ਸਿਆਸੀ ਪਾਰਟੀਆਂ ਨੂੰ ਨਾਲ ਲੈ ਕੇ ਲਖਮੀਰਖੇੜੀ ਜਾਣ।ਨਾਲ ਹੀ ਉਨ੍ਹਾਂ ਨੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਔਖੇ ਸਮੇਂ ਵਿਚ ਸੰਯਮ ਬਣਾਏ ਰੱਖਣ ਕਿਉਂਕਿ ਭਾਜਪਾ ਸਰਕਾਰ ਅੰਦੋਲਣ ਨੂੰ ਅਸਫਲ ਕਰਨ ਲਈ ਭੜਕਾਹਟ ਪੈਦਾ ਕਰ ਰਹੀ ਹੈ।

ਜਾਖੜ ਨੇ ਕਿਹਾ ਕਿ ਇਹ ਵੇਲਾ ਸਾਰੇ ਸਿਆਸੀ ਵਖਰੇਵੇਂ ਭੁਲਾ ਕੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਨਾਲ ਖੜਨ ਦਾ ਹੈ ਤਾਂ ਜ਼ੋ ਭਾਜਪਾ ਸਰਕਾਰ ਦੀਆਂ ਜਾਲਮਾਨਾ ਕਾਰਵਾਈਆਂ ਨੂੰ ਰੋਕਿਆ ਜਾ ਸਕੇ।ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ ਹੀ ਸੀ ਜਿੱਥੋਂ ਦੇ ਲੋਕਾਂ ਨੇ ਕੇਂਦਰ ਸਰਕਾਰ ਦੁਆਰਾ ਲਿਆਂਦੇ ਕਾਲੇ ਕਾਨੂੰਨਾਂ ਖਿਲਾਫ ਸਭ ਤੋਂ ਪਹਿਲਾਂ ਅਵਾਜ ਬੁਲੰਦ ਕੀਤੀ ਸੀ। ਇਸ ਲਈ ਹੁਣ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਅਸੀਂ ਕਿਸਾਨਾਂ ਦਾ ਡੱਟ ਕੇ ਸਾਥ ਦੇਈਏ। ਸ੍ਰੀ ਜਾਖੜ ਨੇ ਕਿਹਾ ਕਿ ਬੇਸ਼ਕ ਸਾਡੀ ਕੇਂਦਰੀ ਲੀਡਰਸਿ਼ਪ ਲਖਮੀਰਪੁਰ ਖੇੜੀ ਜਾ ਰਹੀ ਹੈ ਪਰ ਪੰਜਾਬ ਦੀ ਲੀਡਰਸਿ਼ਪ ਦੀ ਵੀ ਜਿੰਮੇਵਾਰੀ ਬਣਦੀ ਹੈ ਕਿ ਉਹ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੂੰ ਨਾਲ ਲੈਕੇ ਕਿਸਾਨਾਂ ਨਾਲ ਖੜੇ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਸੈਂਕੜੇ ਕਿਸਾਨ ਇਸ ਅੰਦੋਲਣ ਦੌਰਾਨ ਆਪਣੀ ਸ਼ਹਾਦਤ ਦੇ ਚੁੱਕੇ ਹਨ ਪਰ ਭਾਜਪਾ ਸਰਕਾਰ ਪੂਰੀ ਤਰਾਂ ਨਾਲ ਪੂੰਜੀਪਤੀਆਂ ਦੇ ਹੱਥਾਂ ਵਿਚ ਖੇਡ ਰਹੀ ਹੈ। ਉਨ੍ਹਾਂ ਨੇ ਲਖੀਮਪੁਰ ਦੀ ਘਟਨਾ ਦੇ ਸੱਚ ਤੇ ਪਰਦਾ ਪਾਉਣ ਲਈ ਭਾਜਪਾ ਸਰਕਾਰ ਵੱਲੋਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਉਥੇ ਨਾ ਜਾਣ ਲਈ ਵਰਤੇ ਜਾ ਰਹੇ ਹੱਥਕੰਢਿਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਲੋਕਤੰਤਰ ਵਿਚ ਹਰ ਇਕ ਨੂੰ ਆਪਣਾ ਵਿਰੋਧ ਦਰਜ ਕਰਵਾਉਣ ਦਾ ਅਧਿਕਾਰ ਹੈ।

ਜਾਖੜ ਨੈ ਕਿਹਾ ਕਿ ਲਖੀਮਪੁਰ ਵਿਚ ਜਿਸ ਤਰਾਂ ਭਾਜਪਾ ਦੇ ਆਗੂਆਂ ਨੇ ਕਿਸਾਨਾਂ ਤੇ ਵਾਹਨ ਚੜਾ ਕੇ ਉਨ੍ਹਾਂ ਨੂੰ ਮਾਰਨ ਦਾ ਕੁਕਰਮ ਕੀਤਾ ਹੈ ਇਸ ਘਟਨਾ ਨੇ ਪੂਰੇ ਦੇਸ਼ ਨੂੰ ਸੋ਼ਕ ਵਿਚ ਪਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਨੇ ਭਾਜਪਾ ਦੇ ਸਾ਼ਸਨ ਦੇ ਅੰਤ ਦੀ ਨੀਂਹ ਰੱਖ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਕੱਲ ਹਰਿਆਣਾ ਦੇ ਮੁੱਖ ਮੰਤਰੀ ਨੇ ਉਕਸਾਵੇ ਵਾਲਾ ਬਿਆਨ ਦੇ ਕੇ ਭਾਜਪਾ ਦੀ ਕਿਸਾਨਾਂ ਪ੍ਰਤੀ ਨੀਤੀ ਸਪੱਸ਼ਟ ਕਰ ਦਿੱਤੀ ਸੀ। ਸ੍ਰੀ ਜਾਖੜ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਕਾਰਪੋਰੇਟਾਂ ਦੀ ਬੰਧਕ ਬਣ ਕੇ ਕੰਮ ਕਰ ਰਹੀ ਹੈ ਅਤੇ ਆਪਣੇ ਅਵਾਮ ਦੀ ਗੱਲ ਨਾ ਸੁਣ ਕੇ ਕੇਵਲ ਪੂੰਜੀਪਤੀਆਂ ਦੇ ਹਿੱਤ ਪੂਰ ਰਹੀ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਚੰਗਾ ਹੋਵੇ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਭਾਜਪਾ ਕਿਸਾਨਾਂ ਦੀ ਮੰਗ ਮੰਨ ਕੇ ਤਿੰਨੋ ਕਾਲੇ ਕਾਨੂੰਨ ਰੱਦ ਕਰ ਦੇਣ। ਉਨ੍ਹਾਂ ਨੇ ਕਿਹਾ ਕਿ ਸਰਕਾਰ ਲੋਕਾਂ ਲਈ ਹੁੰਦੀ ਹੈ ਇਸ ਲਈ ਕੇਂਦਰ ਸਰਕਾਰ ਨੂੰ ਲੋਕਾਂ ਦੀ ਅਵਾਜ ਸੁਣਨੀ ਚਾਹੀਦੀ ਹੈ।

Written By
The Punjab Wire