ਕਾਂਗਰਸੀਆਂ ਦੀ ਕੁਰਸੀ ਦੀ ਲੜਾਈ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ: ਹਰਪਾਲ ਸਿੰਘ ਚੀਮਾ

ਕਾਂਗਰਸ ਦਾ ਅਕਾਲੀ-ਭਾਜਪਾ ਨਾਲੋਂ ਵੀ ਬੁਰਾ ਹਸ਼ਰ ਕਰਨਗੇ ਪੰਜਾਬ ਦੇ ਲੋਕ : ਆਪ

-ਮਾਫ਼ੀਆ ਰਾਜ ‘ਚ ਬਰਾਬਰ ਦੇ ਹਿੱਸੇਦਾਰ ਰਹੇ ਹਨ ਕਾਂਗਰਸੀ ਮੰਤਰੀ ਤੇ ਵਿਧਾਇਕ

ਚੰਡੀਗੜ੍ਹ, 18 ਸਤੰਬਰ। ਸੱਤਾਧਾਰੀ ਕਾਂਗਰਸ ਵਿੱਚ ਲੰਮੇ ਸਮੇਂ ਤੋਂ ਜਾਰੀ ‘ਕੁਰਸੀ’ ਦੀ ਲੜਾਈ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਰ ‘ਤੇ ਤਲਖ਼ ਟਿੱਪਣੀ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਦੇ ਇਸ ਗ੍ਰਹਿ ਯੁੱਧ ਨੇ ਪੰਜਾਬ ਅਤੇ ਪੰਜਾਬੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ। ਜਿਸ ਕਾਰਨ  ਪੰਜਾਬ ਦੀ ਜਨਤਾ ‘ਚ ਕਾਂਗਰਸ ਪ੍ਰਤੀ ਬਹੁਤ ਜ਼ਿਆਦਾ ਗੁੱਸਾ ਹੈ। ਕਾਂਗਰਸ ਭਾਵੇਂ ਜਿੰਨੇ ਮਰਜੀ ਚਿਹਰੇ ਕਿਉਂ ਨਾ ਬਦਲ ਲਵੇ, ਆਉਂਦੀਆਂ ਚੋਣਾ ਵਿੱਚ ਪੰਜਾਬ ਦੇ ਲੋਕ ਕਾਂਗਰਸ ਦਾ ਅਕਾਲੀ- ਭਾਜਪਾ ਨਾਲੋਂ ਵੀ ਬੁਰਾ ਹਸ਼ਰ ਕਰਨਗੇ।

ਸ਼ਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਦਿੱਤੇ ਗਏ ਅਸਤੀਫ਼ੇ ਅਤੇ ਨਵੇਂ ਮੁੱਖ ਮੰਤਰੀ ਦੀ ਚੋਣ ਬਾਰੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਿਹਾ, ”ਅਲੀ ਬਾਬਾ ਬਦਲੇ ਜਾਣ ਨਾਲ ਬਾਕੀ ਚੋਰ ਦੁੱਧ ਧੋਤੇ ਨਹੀਂ ਹੋ ਜਾਣਗੇ। ਸਾਢੇ ਚਾਰ ਸਾਲਾਂ ਤੋਂ ਜਾਰੀ ਮਾਫ਼ੀਆ ਰਾਜ ਦੇ ਹਮਾਮ ਵਿੱਚ ਸਭ ਕਾਂਗਰਸੀ ਨੰਗੇ ਹਨ। ਕਾਂਗਰਸ ਜਿਹੜਾ ਵੀ ਚਿਹਰੇ (ਮੁੱਖ ਮੰਤਰੀ) ਬਦਲ ਲਵੇ, ਪਰ ਆਪਣੀ ਝੂਠੀ, ਭ੍ਰਿਸ਼ਟਾਚਾਰੀ ਅਤੇ ਮੌਕਾ ਪ੍ਰਸਤੀ ਵਾਲੀ ਫ਼ਿਤਰਤ ਨਹੀਂ ਬਦਲ ਸਕਦੀ।”

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਕੈਪਟਨ ਅਤੇ ਉਸਦੇ ਵਿਧਾਇਕਾਂ ਤੇ ਵਜ਼ੀਰਾਂ ਨੇ ਪੰਜਾਬ ਦੀ ਖੁਸ਼ਹਾਲੀ ਬਾਰੇ ਕਦੇ ਨਹੀਂ ਸੋਚਿਆ, ਸਿਰਫ਼ ਆਪਣੀਆਂ ਤਿਜ਼ੌਰੀਆਂ ਭਰਨ ‘ਤੇ ਲੱਗੇ ਰਹੇ। ਜੇਕਰ ਪੰਜਾਬ ਅਤੇ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦੇ ਏਜੰਡੇ ‘ਤੇ ਹੁੰਦੇ ਤਾਂ ਕਾਂਗਰਸ ਨੂੰ ਆਹ ਦਿਨ ਦੇਖਣ ਦੀ ਨੌਬਤ ਹੀ ਨਾ ਆਉਂਦੀ, ਕਿਉਂਕਿ ਲੜਾਈ ਸਿਰਫ਼ ਮੁੱਖ ਮੰਤਰੀ ਦੀ ਕੁਰਸੀ ਦੀ ਨਹੀਂ, ਸਗੋਂ ਮਾਫੀਆ ਸਰਗਨੇ ਦੇ ਰੁਤਬੇ ‘ਤੇ ਕਬਜ਼ਾ ਕਰਨ ਦੀ ਜੰਗ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਦਲਾਂ ਦੇ 10 ਸਾਲਾਂ ਮਾਫ਼ੀਆ ਰਾਜ ਤੋਂ ਦੁਖੀ ਹੋ ਕੇ ਲੋਕਾਂ ਨੇ ਬੜੀ ਉਮੀਦ ਨਾਲ ਕੈਪਟਨ ਅਤੇ ਕਾਂਗਰਸ ਉਤੇ ਜਿੰਨਾ ਜ਼ਿਆਦਾ ਵਿਸ਼ਵਾਸ਼ ਕੀਤਾ ਸੀ, ਇਨਾਂ ਸਾਢੇ ਚਾਰ ਸਾਲਾਂ ‘ਚ ਓਨੀ ਹੀ ਜ਼ਿਆਦਾ ਨਿਰਾਸਤਾ ਮਿਲੀ ਲੋਕਾਂ ਨੂੰ ਮਿਲੀ। ਕਾਂਗਰਸੀ ਗ੍ਰਹਿਯੁੱਧ ਨੇ ਪੰਜਾਬ ਅਤੇ ਲੋਕਾਂ ਦੇ ਸਾਰੇ ਅਹਿਮ ਮੁੱਦੇ ਪਿੱਛੇ ਸੁੱਟ ਦਿੱਤੇ। ਇਹੋ ਵਜ੍ਹਾ ਹੈ ਕਿ ਅੱਜ ਲੋਕ ਕਾਂਗਰਸ ਨੂੰ ਬਾਦਲ-ਭਾਜਪਾ ਵਾਂਗ ਨਫ਼ਰਤ ਕਰਨ ਲੱਗੇ ਹਨ। ਚੀਮਾ ਮੁਤਾਬਕ ਆਪਣੀਆਂ ਨਲਾਇਕੀਆਂ ਅਤੇ ਬਦਨੀਤੀਆਂ ਕਾਰਨ ਕਾਂਗਰਸ ਅੱਜ ਡੁੱਬ ਰਿਹਾ ‘ਟਾਇਟੈਨਿਕ ਜ਼ਹਾਜ’ ਬਣ ਗਿਆ ਹੈ, ਜਿਸ ਨੂੰ ਕੋਈ ਵੀ ‘ਕਪਤਾਨ’ ਹੁਣ ਹਮੇਸ਼ਾਂ ਲਈ ਡੁਬਣੋਂ ਨਹੀਂ ਬਚਾਅ ਸਕਦਾ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਵਿੱਚ ਵਰਤਮਾਨ ਫੇਰਬਦਲ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਆਖ਼ਰੀ ਕੋਸ਼ਿਸ਼ ਹੈ ਕਿ ਸਾਢੇ ਚਾਰ ਸਾਲਾਂ ਦੀਆਂ ਨਕਾਮੀਆਂ ਅਤੇ ਮਾਫ਼ੀਆ ਰਾਜ ਦੀ ਲੁੱਟ- ਖਸੁੱਟ ਦਾ ਠੀਕਰਾ ਸਿਰਫ਼ ਕੈਪਟਨ ਅਮਰਿੰਦਰ ਸਿੰਘ ਭੰਨ ਕੇ ਬਾਕੀ ਪਾਰਟੀ ਨੂੰ ਪਾਕ-ਪਵਿੱਤਰ  ਬਣਾ ਲਿਆ ਜਾਵੇ, ਪ੍ਰੰਤੂ ਪੰਜਾਬ ਦੀ ਜਨਤਾ ਸਿਆਸੀ ਤੌਰ ‘ਤੇ ਬੇਹੱਦ ਜਾਗਰੂਕ ਹੋ ਚੁੱਕੀ ਹੈ। ਇਸ ਲਈ ਜਨਤਾ ਕਾਂਗਰਸ ਦੇ ਇਸ ਹਾਈ ਡਰਾਮੇ ਦਾ ਸ਼ਿਕਾਰ ਨਹੀਂ ਹੋਵੇਗੀ।

Print Friendly, PDF & Email
www.thepunjabwire.com
error: Content is protected !!