ਹੋਰ ਪੰਜਾਬ ਮੁੱਖ ਖ਼ਬਰ

ਮੰਤਰੀ ਮੰਡਲ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ‘ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ’ ਦੀ ਸਥਾਪਨਾ ਨੂੰ ਪ੍ਰਵਾਨਗੀ

ਮੰਤਰੀ ਮੰਡਲ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ‘ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ’ ਦੀ ਸਥਾਪਨਾ ਨੂੰ ਪ੍ਰਵਾਨਗੀ
  • PublishedSeptember 17, 2021

ਪਲਾਕਸ਼ਾ ਯੂਨੀਵਰਸਿਟੀ ਆਰਡੀਨੈਂਸ ਮੁੜ ਲਿਆਉਣ ਦੀ ਮਨਜ਼ੂਰੀ

ਮਾਛੀਵਾੜਾ ਦਾ ਨੈਸ਼ਨਲ ਕਾਲਜ ਫਾਰ ਵੋਮੈਨ ਸਰਕਾਰ ਵੱਲੋਂ ਆਪਣੇ ਹੱਥਾਂ ਵਿਚ ਲੈਣ ਲਈ ਹਰੀ ਝੰਡੀ

ਚੰਡੀਗੜ੍ਹ, 17 ਸਤੰਬਰ।

ਸੂਬੇ ਵਿਚ ਉਦਯੋਗ ਅਧਾਰਿਤ ਅਧਿਆਪਨ, ਹੁਨਰ ਸਿਖਲਾਈ ਅਤੇ ਖੋਜ ਨੂੰ ਹੋਰ ਮਜ਼ਬੂਤ ਕਰਨ ਲਈ ਮੰਤਰੀ ਮੰਡਲ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਬਲਾਚੌਰ ਦੇ ਪਿੰਡ ਰੈਲਮਾਜਰਾ ਵਿਖੇ ਨਿੱਜੀ ਸਵੈ-ਵਿੱਤੀ ‘ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ’ ਦੀ ਸਥਾਪਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਇਹ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਵਰਚੁਅਲ ਮੀਟਿੰਗ ਦੌਰਾਨ ਲਿਆ ਗਿਆ। ਇਹ ਕਦਮ ਇਲਾਕੇ ਨੂੰ ਹੁਨਰ ਅਤੇ ਤਕਨਾਲੋਜੀ ਦੇ ਧੁਰੇ ਵਜੋਂ ਵਿਕਸਤ ਹੋਣ ਵਿਚ ਸਹਾਈ ਹੋਵੇਗਾ। ਇਹ ਯੂਨੀਵਰਸਿਟੀ ਇਸ ਅਕਾਦਮਿਕ ਸੈਸ਼ਨ ਤੋਂ ਕਾਰਜਸ਼ੀਲ ਹੋਵੇਗੀ।

ਮੰਤਰੀ ਮੰਡਲ ਨੇ ‘ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਆਰਡੀਨੈਂਸ-2021’ ਦੇ ਖਰੜੇ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਕਾਨੂੰਨੀ ਮਸ਼ੀਰ ਵੱਲੋਂ ਤਿਆਰ ਕੀਤੇ ਅੰਤਿਮ ਖਰੜੇ ਨੂੰ ਮੰਤਰੀ ਮੰਡਲ ਦੀ ਪ੍ਰਵਾਨਗੀ ਲਏ ਬਗੈਰ ਮੁੱਖ ਮੰਤਰੀ ਨੂੰ ਪ੍ਰਵਾਨਗੀ ਦੇਣ ਲਈ ਅਧਿਕਾਰਤ ਕੀਤਾ ਹੈ।

ਇਸ ਸਵੈ-ਵਿੱਤੀ ‘ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ’ ਨੂੰ ਜ਼ਿਲ੍ਹੇ ਦੇ ਪਿੰਡ ਰੈਲਮਾਜਰਾ ਵਿਖੇ 81 ਏਕੜ ਰਕਬੇ ਵਿਚ ਖੋਜ ਅਤੇ ਹੁਨਰ ਵਿਕਾਸ ਯੂਨੀਵਰਸਿਟੀ ਵਜੋਂ ਵਿਕਸਤ ਕੀਤਾ ਜਾਵੇਗਾ ਅਤੇ ਅਗਲੇ ਪੰਜ ਸਾਲ 1630 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਇਸ ਅਦਾਰੇ ਦਾ ਕੈਂਪਸ ਸਥਾਪਤ ਹੋਣ ਉਤੇ ਸਾਲਾਨਾ 1000-1100 ਵਿਦਿਆਰਥੀ ਦਾਖ਼ਲਾ ਲਿਆ ਕਰਨਗੇ।

ਇਹ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਉਚੇਰੀ ਸਿੱਖਿਆ ਮੁਹੱਈਆ ਕਰਵਾਉਣ ਵਿਚ ਸਹਾਈ ਹੋਵੇਗੀ ਅਤੇ ਉਨ੍ਹਾਂ ਨੂੰ ਆਲਮੀ ਮੁਕਾਬਲੇ ਦੇ ਸਮਰੱਥ ਬਣਾਇਆ ਜਾਵੇਗਾ।ਇਹ ਸੰਸਥਾ ਉਦਯੋਗ ਅਤੇ ਵਿਦੇਸ਼ੀ ਯੂਨੀਵਰਸਿਟੀਆਂ ਦੀ ਭਾਈਵਾਲੀ ਨਾਲ ਉਚੇਰੀ ਸਿੱਖਿਆ ਦੇ ਸਾਰੇ ਵਿਸ਼ਿਆਂ ਵਿਚ ਹਰੇਕ ਪੱਧਰ ਉਤੇ ਅਧਿਆਪਨ, ਸਿੱਖਿਆ, ਖੋਜ ਤੇ ਸਿਖਲਾਈ ਮੁਹੱਈਆ ਕਰਵਾਈ ਜਾਵੇਗੀ ਜਿਨ੍ਹਾਂ ਵਿਚ ਇੰਜਨੀਅਰਿੰਗ, ਮੈਨੇਜਮੈਂਟ, ਕਿੱਤਾਮੁਖੀ ਸਿੱਖਿਆ ਅਤੇ ਹੋਰ ਮੈਡੀਕਲ ਤਕਨਾਲੌਜੀ ਹੁਨਰ ਵਿਚ ਵਿਸ਼ੇਸ਼ ਤੌਰ ਉਤੇ ਤਿਆਰ ਕੀਤੇ ਹੁਨਰ ਵਿਕਾਸ ਪ੍ਰੋਗਰਾਮ ਸ਼ਾਮਲ ਹਨ। ਇਹ ਪ੍ਰੋਗਰਾਮ ਸਨਅਤ ਅਤੇ ਸਮਾਜ ਦੇ ਆਮ ਲੋਕਾਂ ਦੀਆਂ ਲੋੜਾਂ ਅਨੁਸਾਰ ਤਿਆਰ ਕੀਤਾ ਜਾਵੇਗਾ ਜੋ ਯੂਨੀਵਰਸਿਟੀ ਅਤੇ ਸੂਬਾਈ ਅਤੇ ਕੇਂਦਰੀ ਕਾਨੂੰਨ ਦੇ ਤਹਿਤ ਅਤੇ ਸਬੰਧਤ ਰੈਗੂਲੇਟਰੀ ਅਥਾਰਟੀ ਦੀ ਪ੍ਰਵਾਨਗੀ ਹੇਠ ਕਰਨਯੋਗ ਹੋਣ।

ਪੰਜਾਬ ਸਰਕਾਰ ਵੱਲੋਂ ਇਹ ਲਾਜ਼ਮੀ ਬਣਾਇਆ ਗਿਆ ਹੈ ਕਿ ਸਥਾਪਤ ਹੋਣ ਜਾ ਰਹੀ ਇਸ ਯੂਨੀਵਰਸਿਟੀ ਵਿਚ 15 ਫੀਸਦ ਸੀਟਾਂ ਪੰਜਾਬ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਰੂਪ ਵਿਚ ਰਾਖਵੀਆਂ ਹੋਣਗੀਆਂ ਅਤੇ ਪੂਰੀ ਟਿਊਸ਼ਨ ਫੀਸ ਮੁਆਫ/ਮੁਫ਼ਤ ਦਾ ਲਾਭ ਸਮਾਜ ਦੇ ਕਮਜ਼ੋਰ ਵਰਗਾਂ ਦੇ ਕੁੱਲ ਵਿਦਿਆਰਥੀਆਂ ਵਿੱਚੋਂ ਘੱਟੋ-ਘੱਟ ਪੰਜ ਫੀਸਦ ਨੂੰ ਦਿੱਤਾ ਜਾਵੇਗਾ।ਇਹ ਜ਼ਿਕਰਯੋਗ ਹੈ ਕਿ ਰਿਆਤ ਐਜੂਕੇਸ਼ਨਲ ਐਜੂਕੇਸ਼ਨ ਐਂਡ ਰਿਸਚਰਚ ਟਰੱਸਟ, ਪਿੰਡ ਰੈਲਮਾਜਰਾ, ਤਹਿਸੀਲ ਬਲਾਚੌਰ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਪਾਸੋਂ ‘ਲੈਮਰਿਨ ਟੈੱਕ ਸਕਿਲੱਜ਼ ਯੂਨੀਵਰਸਿਟੀ’ ਦੀ ਸਥਾਪਨਾ ਕਰਨ ਲਈ ਵਿਆਪਕ ਪ੍ਰਸਤਾਵ ਮਿਲਣ ਤੋਂ ਬਾਅਦ ਉਚੇਰੀ ਸਿੱਖਿਆ ਵਿਭਾਗ ਨੇ 7 ਜੁਲਾਈ, 2020 ਨੂੰ ਪੰਜਾਬ ਪ੍ਰਾਈਵੇਟ ਪਾਲਿਸੀ-2010 ਦੇ ਉਪਬੰਧਾਂ ਦੇ ਮੁਤਾਬਕ ਪ੍ਰਸਤਾਵ ਨੂੰ ਵਿਚਾਰਦਿਆਂ ਅਤੇ ਲੋੜੀਂਦੀ ਪ੍ਰਕਿਰਿਆ ਨੂੰ ਪ੍ਰਵਾਨ ਕਰਦੇ ਹੋਏ ਸਹਿਮਤੀ ਪੱਤਰ ਜਾਰੀ ਕੀਤਾ ਸੀ।

ਪਲਾਕਸ਼ਾ ਯੂਨੀਵਰਸਿਟੀ, ਪੰਜਾਬ ਆਰਡੀਨੈਂਸ-2021 ਮੁੜ ਲਿਆਉਣ ਦੀ ਮਨਜ਼ੂਰੀ

ਮੰਤਰੀ ਮੰਡਲ ਨੇ ਆਈ.ਟੀ. ਸਿਟੀ ਮੋਹਾਲੀ ਵਿਚ ਸਵੈ-ਵਿੱਤੀ ‘ਪਲਾਕਸ਼ਾ ਯੂਨੀਵਰਸਿਟੀ’ ਦੀ ਸਥਾਪਨਾ ਲਈ ਪਲਾਕਸ਼ਾ ਯੂਨੀਵਰਸਿਟੀ, ਪੰਜਾਬ ਆਰਡੀਨੈਂਸ-2021 ਨੂੰ ਮੁੜ ਲਿਆਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਪਹਿਲਾ ਆਰਡੀਨੈਂਸ 20 ਅਗਸਤ, 2021 ਨੂੰ ਜਾਰੀ ਕੀਤਾ ਗਿਆ ਸੀ ਪਰ ਇਸ ਨੂੰ ਪੰਜਾਬ ਵਿਧਾਨ ਸਭਾ ਦੇ ਪਿਛਲੇ ਇਜਲਾਸ ਵਿਚ ਲਿਆ ਕੇ ਐਕਟ ਵਿਚ ਤਬਦੀਲ ਨਹੀਂ ਕੀਤਾ ਜਾ ਸਕਿਆ। ਕਾਨੂੰਨੀ ਮਸ਼ੀਰ ਦੀ ਸਲਾਹ ਮੁਤਾਬਕ ਇਹ ਆਰਡੀਨੈਂਸ ਵਿਧਾਨ ਸਭਾ ਦਾ ਇਜਲਾਸ ਦੇ ਮੁੜ ਜੁੜਨ ਤੋਂ ਬਾਅਦ ਛੇ ਹਫ਼ਤਿਆਂ ਦੀ ਮਿਆਦ ਦੀ ਸਮਾਪਤੀ ਉਪਰੰਤ ਪੁੱਗ ਜਾਵੇਗਾ। ਇਸ ਨਾਲ ਮੰਤਰੀ ਮੰਡਲ ਨੇ ਮੁੜ ਆਰਡੀਨੈਂਸ ਲਿਆਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਯੂਨੀਵਰਸਿਟੀ ਵਿਚ ਰਾਖਵਾਂਕਰਨ ਨੀਤੀ ਨੂੰ ਲਾਗੂ ਕਰਨ ਲਈ ਆਖਿਆ ਜਦਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਦੇ ਵਾਸੀਆਂ ਨੂੰ ਵੱਖ-ਵੱਖ ਸ਼੍ਰੇਣੀਆਂ ਲਈ ਰੋਜ਼ਗਾਰ ਵਿਚ ਤਰਜੀਹ ਦੇਣ ਦਾ ਸੁਝਾਅ ਰੱਖਿਆ। ਮੁੱਖ ਮੰਤਰੀ ਨੇ ਵਿਭਾਗ ਨੂੰ ਇਹ ਮਸਲੇ ਵਿਚਾਰਨ ਲਈ ਆਖਿਆ।

ਨੈਸ਼ਨਲ ਕਾਲਜ ਫਾਰ ਵੋਮੈਨ, ਮਾਛੀਵਾੜਾ ਨੂੰ ਸਰਕਾਰ ਨੇ ਆਪਣੇ ਹੱਥਾਂ ਵਿਚ ਲਿਆ

ਇਲਾਕੇ ਦੇ ਵਿਦਿਆਰਥੀਆਂ ਨੂੰ ਵਾਜਬ ਦਰਾਂ ਉਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਮੰਤਰੀ ਮੰਡਲ ਨੇ ਲੁਧਿਆਣਾ ਜ਼ਿਲ੍ਹੇ ਦੀ ਤਹਿਸੀਲ ਸਮਰਾਲਾ ਵਿਚ ਪੈਂਦੇ ਨੈਸ਼ਨਲ ਕਾਲਜ ਫਾਰ ਵੋਮੈਨ, ਮਾਛੀਵਾੜਾ ਨੂੰ ਸਰਕਾਰੀ ਕਾਲਜ (ਮਹਿਲਾਵਾਂ), ਮਾਛੀਵਾੜਾ ਵਜੋਂ ਆਪਣੇ ਹੱਥਾਂ ਵਿਚ ਲੈਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਕਦਮ ਸੂਬੇ ਦੀ ਹਰੇਕ ਸਬ-ਡਵੀਜ਼ਨ ਵਿਚ ਇਕ ਸਰਕਾਰੀ ਕਾਲਜ ਨੂੰ ਯਕੀਨੀ ਬਣਾਉਣ ਬਾਰੇ ਸੂਬਾ ਸਰਕਾਰ ਦੇ ਫੈਸਲੇ ਦੀ ਲੀਹ ਮੁਤਾਬਕ ਚੁੱਕਿਆ ਗਿਆ ਹੈ। ਇਹ ਕਦਮ ਸੂਬੇ ਦੇ ਕੁੱਲ ਦਾਖਲਾ ਅਨੁਪਾਤ ਨੂੰ ਵਧਾਉਣ ਵਿਚ ਵੀ ਸਹਾਈ ਹੋਵੇਗਾ।

Written By
The Punjab Wire