Close

Recent Posts

ਹੋਰ ਗੁਰਦਾਸਪੁਰ ਪੰਜਾਬ ਵਿਸ਼ੇਸ਼

ਗੁਰਮੁਖਿ ਵੀਆਹਣਿ ਆਇਆ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਹੁਰਿਆਂ ਦੀ ਧਰਤੀ ਬਟਾਲਾ ਸ਼ਹਿਰ

ਗੁਰਮੁਖਿ ਵੀਆਹਣਿ ਆਇਆ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਹੁਰਿਆਂ ਦੀ ਧਰਤੀ ਬਟਾਲਾ ਸ਼ਹਿਰ
  • PublishedSeptember 12, 2021

ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਭੈਣ ਨਾਨਕੀ ਜੀ ਕੋਲ ਸੁਲਤਾਨਪੁਰ ਲੋਧੀ ਵਿਖੇ ਰਹਿ ਰਹੇ ਸਨ। ਭਾਈਆ ਜੈਰਾਮ ਜੀ ਨੇ ਗੁਰੂ ਜੀ ਨੂੰ ਨਵਾਬ ਦੌਲਤ ਖਾਨ ਲੋਧੀ ਕੋਲ ਮੋਦੀ ਰਖਾ ਦਿੱਤਾ ਤਾਂ ਉਨ੍ਹਾਂ ਨੇ ਮੋਦੀਖਾਨੇ ਵਿੱਚ ਸਭ ਨੂੰ ਤੇਰਾਂ-ਤੇਰਾਂ ਤੋਲ ਕੇ ਰਹਿਮਤਾਂ ਦਾ ਮੀਂਹ ਵਰਸਾ ਦਿੱਤਾ। ਸੁਲਤਾਨਪੁਰ ਲੋਧੀ ਦੇ ਨਾਲ ਸਾਰੇ ਇਲਾਕੇ ਵਿੱਚ ਨਵਾਬ ਦੇ ਨਵੇਂ ਮੋਦੀ ਦੀ ਦਿਆਲਤਾ ਦੀਆਂ ਗੱਲਾਂ ਹੋਣ ਲੱਗ ਪਈਆਂ। ਕੁਝ ਦੋਖੀਆਂ ਨੇ ਨਵਾਬ ਕੋਲ ਇਹ ਸ਼ਿਕਾਇਤ ਕਰ ਦਿੱਤੀ ਕਿ ਮੋਦੀ ਨੇ ਤਾਂ ਸਾਰਾ ਮੋਦੀਖਾਨਾ ਹੀ ਲੁਟਾ ਦਿੱਤਾ ਹੈ। ਨਵਾਬ ਦੌਲਤ ਖਾਨ ਲੋਧੀ ਨੇ ਜਦੋਂ ਗੁਰੂ ਜੀ ਤੋਂ ਮੋਦੀਖਾਨੇ ਦਾ ਸਾਰਾ ਹਿਸਾਬ ਲਿਆ ਤਾਂ ਗੁਰੂ ਸਾਹਿਬ ਦੇ 321 ਰੁਪਏ ਨਵਾਬ ਵੱਲ ਵੱਧ ਗਏ। ਇਸ ਤਰਾਂ ਗੁਰੂ ਜੀ ਸੁਲਤਾਨਪੁਰ ਲੋਧੀ ਵਿਖੇ ਮੋਦੀ ਖਾਨਾ ਚਲਾ ਕੇ ਸੰਸਾਰੀ ਲੋਕਾਂ ਨੂੰ ਧਰਮ ਦੀ ਕਿਰਤ ਕਰਨ ਦਾ ਉਪਦੇਸ਼ ਦਿੱਤਾ।

ਨਾਨਕ ਨੂੰ ਕੰਮ ਕਰਦਿਆਂ ਦੇਖ ਕੇ ਭੈਣ ਨਾਨਕੀ ਅਤੇ ਮਾਤਾ ਪਿਤਾ ਗੁਰੂ ਜੀ ਦੇ ਵਿਆਹ ਬਾਰੇ ਸੋਚਣ ਲੱਗੇ। ਭਾਈਆ ਜੈਰਾਮ ਜੀ ਨੇ ਨਾਨਕ ਦੇ ਵਿਆਹ ਬਾਰੇ ਪੱਖੋਕੇ ਰੰਧਾਵੇ ਦੇ ਜੱਟ ਅਜਿੱਤੇ ਰੰਧਾਵੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੂੰ ਆਪਣੇ ਪਟਵਾਰੀ ਮੂਲ ਚੰਦ ਚੋਣੇ ਦੀ ਧੀ ਸੁਲੱਖਣੀ ਦਾ ਖਿਆਲ ਆ ਗਿਆ। ਮੂਲ ਚੰਦ ਖੱਤਰੀ ਏਨੀ ਦਿਨੀਂ ਬਟਾਲਾ ਸ਼ਹਿਰ ਵਿਖੇ ਰਹਿੰਦੇ ਸਨ। ਦੋਵਾਂ ਪਰਿਵਾਰਾਂ ਵਿੱਚ ਵਿਆਹ ਦੀ ਗੱਲ ਤਹਿ ਹੋ ਗਈ ਅਤੇ ਮੂਲ ਚੰਦ ਜੀ ਨੇ ਸਾਹਾ ਸੁਧਾਇਆ ਅਤੇ ਭਾਈਆ ਜੈਰਾਮ ਜੀ ਨਾਲ ਵਿਆਹ ਦਾ ਸਮਾਂ ਨਿਸ਼ਚਿਤ ਕਰ ਲਿਆ। ਵਿਆਹ ਪੱਕਾ ਹੋਣ ’ਤੇ ਤਲਵੰਡੀ ਰਾਇ ਭੋਇ (ਨਨਕਾਣਾ ਸਾਹਿਬ) ਵਿਖੇ ਮਹਿਤਾ ਕਲਿਆਣ ਦਾਸ ਦੇ ਘਰ ਬਹੁਤ ਖੁਸ਼ੀਆਂ ਮਨਾਈਆਂ ਗਈਆਂ ਅਤੇ ਬੜਾ ਦਾਨ ਦਿੱਤਾ ਗਿਆ। ਏਧਰ ਸੁਲਤਾਨਪੁਰ ਲੋਧੀ ਵਿਖੇ ਵੀ ਭੈਣ ਨਾਨਕੀ ਨੇ ਗੁਰੂ ਸਾਹਿਬ ਦੀ ਕੁੜਮਾਈ ਉੱਪਰ ਬਹੁਤ ਚਾਅ ਕੀਤੇ।

ਸੰਨ 1487 ਦਾ ਸਮਾਂ ਸੀ। ਤਲਵੰਡੀ ਪਿੰਡ ਵਿੱਚ ਮਹਿਤਾ ਕਲਿਆਣ ਦਾਸ ਦੇ ਘਰ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਜਦੋਂ ਗੁਰੂ ਜੀ ਦੇ ਵਿਆਹ ਦੀ ਸੂਚਨਾ ਰਾਇ ਬੁਲਾਰ ਨੂੰ ਮਿਲੀ ਤਾਂ ਉਨ੍ਹਾਂ ਵੀ ਬਹੁਤ ਖੁਸ਼ੀ ਕੀਤੀ ਅਤੇ ਮਹਿਤਾ ਕਾਲੂ ਅਤੇ ਮਾਤਾ ਤ੍ਰਿਪਤਾ ਜੀ ਨੂੰ ਵਧਾਈਆਂ ਦਿੱਤੀਆਂ। ਗੁਰੂ ਜੀ ਦੀ ਬਰਾਤ ਦੀਆਂ ਤਿਆਰੀਆਂ ਹੋਣ ਲੱਗੀਆਂ। ਗੁਰੂ ਜੀ ਉਸ ਸਮੇਂ ਸੁਲਤਾਨਪੁਰ ਲੋਧੀ ਆਪਣੀ ਭੈਣ ਨਾਨਕੀ ਕੋਲ ਸਨ ਅਤੇ ਉਨ੍ਹਾਂ ਦੀ ਬਰਾਤ ਵੀ ਸੁਲਤਾਨਪੁਰ ਲੋਧੀ ਤੋਂ ਹੀ ਬਟਾਲਾ ਸ਼ਹਿਰ ਲਈ ਜਾਣੀ ਸੀ।

ਮਹਿਤਾ ਕਾਲੂ ਜੀ ਤੇ ਉਨ੍ਹਾਂ ਦੇ ਰਿਸ਼ਤੇਦਾਰ ਤੇ ਸ਼ਰੀਕੇ ਵਾਲੇ ਤਲਵੰਡੀ ਤੋਂ ਸੁਲਤਾਨਪੁਰ ਲੋਧੀ ਜਾਣ ਦੀਆਂ ਤਿਆਰੀਆਂ ਕਰਨ ਲੱਗੇ। ਰਾਇ ਬੁਲਾਰ ਜੀ ਨੇ ਆਪਣਾ ਸਾਰਾ ਰਾਜਸੀ ਸਾਜ਼ੋ-ਸਮਾਨ ਗੁਰੂ ਜੀ ਦੀ ਸ਼ਾਦੀ ਵਾਸਤੇ ਮਹਿਤਾ ਕਾਲੂ ਜੀ ਨੂੰ ਪੇਸ਼ ਕਰ ਦਿੱਤਾ। ਜਦੋਂ ਗੁਰੂ ਜੀ ਦੇ ਮਾਤਾ ਪਿਤਾ, ਰਿਸ਼ਤੇਦਾਰ ਅਤੇ ਚਾਚੇ ਤਾਏ ਸੁਲਤਾਨਪੁਰ ਲੋਧੀ ਪਹੁੰਚ ਗਏ ਤਾਂ ਓਥੇ ਵੀ ਬਰਾਤ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ।

ਸੁਲਤਾਨਪੁਰ ਲੋਧੀ ਦੇ ਨਵਾਬ ਦੌਲਤ ਖਾਨ ਲੋਧੀ ਨੂੰ ਜਦੋਂ ਪਤਾ ਲੱਗਾ ਕਿ ਉਨ੍ਹਾਂ ਦੇ ਮੋਦੀ ਨਾਨਕ ਦਾ ਵਿਆਹ ਹੋਣ ਲੱਗਾ ਹੈ ਤਾਂ ਉਨ੍ਹਾਂ ਵੀ ਬੜੀ ਖੁਸ਼ੀ ਕੀਤੀ। ਨਵਾਬ ਨੇ ਜੈ ਰਾਮ ਜੀ ਨੂੰ ਨਾਨਕ ਜੀ ਦੇ ਵਿਆਹ ਕਾਰਜ ਲਈ ਹਾਥੀ, ਘੋੜੇ, ਰੱਥ, ਤੰਬੂ, ਕਨਾਤਾਂ ਸਮੇਤ ਸਭ ਸ਼ਾਹੀ ਸਮਾਨ ਲੈਜਾਣ ਲਈ ਕਿਹਾ।

ਮਾਤਾ ਤ੍ਰਿਪਤਾ ਅਤੇ ਭੈਣ ਨਾਨਕੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬਹੁਤ ਸੁੰਦਰ ਤਿੱਲੇ ਦੇ ਜੜਾਊ ਬਸਤਰ ਪਹਿਨਾਏ। ਗਹਿਣਿਆਂ ਨਾਲ ਸੱਜ ਧੱਜ ਕੇ ਦੂਲਹੇ ਨੂੰ ਸਿਹਰਾ ਸਜਾਇਆ ਗਿਆ। ਗੁਰੂ ਸਾਹਿਬ ਦੀ ਜੰਜ ਬੜੀ ਸ਼ਾਨੋ-ਸ਼ੌਕਤ ਨਾਲ ਹਾਥੀ ਘੋੜਿਆਂ, ਪਾਲਕੀਆਂ, ਰੱਥਾਂ ਉੱਤੇ ਸੁਲਤਾਨਪੁਰ ਲੋਧੀ ਤੋਂ ਚੜ੍ਹੀ। ਬਰਾਤ ਦੇ ਅੱਗੇ-ਅੱਗੇ ਝੰਡੀਆਂ ਝੂਲਣ, ਢੋਲ ਨਗਾਰੇ, ਡੱਫਾਂ, ਬੰਸਰੀਆਂ ਅਤੇ ਸ਼ਹਿਨਾਈਆਂ ਵੱਜਣ। ਦਰਿਆ ਬਿਆਸ ਪਾਰ ਕੇ ਬਰਾਤ ਪਿੰਡ ਖਡੂਰ ਆ ਠਹਿਰੀ। ਬਰਾਤ ਨੂੰ ਰਸਤੇ ਵਿੱਚ ਦੋ ਦਿਨ ਲੱਗੇ। ਰਸਤੇ ਵਿੱਚ ਜੋ ਵੀ ਪਿੰਡ ਆਏ ਸਭਨੀ ਥਾਂਈ ਬਹੁਤ ਦਾਨ ਕੀਤਾ ਗਿਆ।

ਗੁਰੂ ਜੀ ਦੀ ਬਰਾਤ ਵਿੱਚ ਉਨ੍ਹਾਂ ਦੇ ਮਾਤਾ ਪਿਤਾ ਤੋਂ ਇਲਾਵਾ ਸਾਰੇ ਰਿਸ਼ਤੇਦਾਰ ਅਤੇ ਸਕੇ ਸਬੰਧੀ ਸ਼ਾਮਲ ਸਨ। ਭਾਈਆ ਜੈ ਰਾਮ ਜੀ ਨਵਾਬ ਦੌਲਤ ਖਾਨ ਲੋਧੀ ਦੇ ਕੁਝ ਜਰੂਰੀ ਕੰਮਾਂ ਕਾਰਨ ਗੁਰੂ ਜੀ ਦੀ ਬਰਾਤੇ ਨਹੀਂ ਆ ਸਕੇ। ਭਾਈਆ ਜੈ ਰਾਮ ਜੀ ਨੇ ਵਿਸ਼ੇਸ਼ ਸੁਨੇਹਾ ਭੇਜ ਕੇ ਸਾਰਿਆਂ ਤੋਂ ਮੁਆਫੀ ਮੰਗ ਲਈ ਸੀ ਕਿ ਉਹ ਕੁਝ ਬਹੁਤ ਜਰੂਰੀ ਰੁਝੇਵਿਆਂ ਕਾਰਨ ਉਹ ਬਰਾਤ ਵਿੱਚ ਨਹੀਂ ਆ ਸਕੇ। ਭਾਈਆ ਜੈ ਰਾਮ ਜੀ ਦੀ ਇਸ ਬੇਨਤੀ ਨੂੰ ਸਵੀਕਾਰ ਕਰ ਲਿਆ ਗਿਆ।

ਜਦੋਂ ਗੁਰੂ ਜੀ ਦੀ ਬਰਾਤ ਬਟਾਲਾ ਸ਼ਹਿਰ ਪਹੁੰਚੀ ਤਾਂ ਸਭ ਤੋਂ ਪਹਿਲਾਂ ਬਰਾਤ ਨੇ ਸ਼ਹਿਰੋਂ ਬਾਹਰਵਾਰ ਇੱਕ ਬਾਗ ਵਿੱਚ ਉਤਾਰਾ ਕੀਤਾ। ਮਹਿਤਾ ਕਾਲੂ ਜੀ ਨੇ ਨਿੱਧੇ ਬ੍ਰਾਹਮਣ ਰਾਹੀਂ ਭਾਈ ਮੂਲ ਚੰਦ ਜੀ ਅਤੇ ਅਜਿੱਤੇ ਰੰਧਾਵੇ ਨੂੰ ਸੁਨੇਹਾ ਭੇਜਿਆ ਕਿ ਬਰਾਤ ਪਹੁੰਚ ਚੁੱਕੀ ਹੈ। ਮੂਲ ਚੰਦ ਖੱਤਰੀ ਜੀ, ਅਜਿੱਤਾ ਰੰਧਾਵਾ ਸਮੇਤ ਮੋਹਤਬਰ ਵਿਅਕਤੀ ਬਰਾਤ ਦੇ ਸਵਾਗਤ ਲਈ ਸ਼ਹਿਰੋਂ ਬਾਹਰਵਾਰ ਗਏ ਤਾਂ ਜੋ ਸਤਿਕਾਰ ਸਹਿਤ ਬਰਾਤ ਨੂੰ ਲਿਆਂਦਾ ਜਾ ਸਕੇ।
ਗੁਰੂ ਜੀ ਦੀ ਬਰਾਤ ਹਾਥੀ ਦਰਵਾਜੇ ਰਾਹੀਂ ਬਟਾਲਾ ਸ਼ਹਿਰ ਵਿੱਚ ਦਾਖਲ ਹੋਈ। ਸ਼ਾਹੀ ਠਾਠ ਨਾਲ ਬਰਾਤ ਦਾ ਸਵਾਗਤ ਕੀਤਾ ਗਿਆ। ਬਰਾਤ ਦੇ ਢੁਕਾ ਸਮੇਂ ਆਤਸ਼ਬਾਜ਼ੀ ਕੀਤੀ ਗਈ ਅਤੇ ਮਹਿਤਾ ਕਲਿਆਣ ਦਾਸ ਜੀ ਨੇ ਗੁਰੂ ਜੀ ਉਪਰੋਂ ਟਕਿਆਂ ਦੀ ਵਰਖਾ ਕੀਤੀ ਗਈ। ਲੋਕਾਂ ਨੇ ਆਪਣੇ ਕੋਠਿਆਂ ਉੱਪਰ ਚੜ੍ਹ-ਚੜ੍ਹ ਕੇ ਬਰਾਤ ਨੂੰ ਦੇਖਿਆ।

ਜਦੋਂ ਬਟਾਲਾ ਸ਼ਹਿਰ ਵਿੱਚ ਮੂਲਾ ਖੱਤਰੀ ਦੇ ਘਰ ਤੋਂ ਥੋੜੀ ਦੂਰ ਬਰਾਤ ਦਾ ਢੁਕਾ ਕੀਤਾ ਗਿਆ ਤਾਂ ਗੁਰੂ ਨਾਨਕ ਦੇਵ ਜੀ ਘੋੜੀ ਤੋਂ ਉਤਰ ਕੇ ਗਲੀ ਦੇ ਨਾਲ ਹੀ ਇੱਕ ਕੱਚੀ ਕੰਧ ਨਜ਼ਦੀਕ ਰੁਕ ਗਏ। ਸੋਹਣੇ ਸੁਨੱਖੇ ਇਲਾਹੀ ਨੂਰ ਵਾਲੇ ਦੁਲਹੇ ਨੂੰ ਦੇਖਣ ਲਈ ਸਾਰਾ ਬਟਾਲਾ ਸ਼ਹਿਰ ਹੀ ਢੁਕ ਗਿਆ ਸੀ। ਹਰ ਕੋਈ ਦੁਲਹੇ ਦਾ ਨੂਰਾਨੀ ਚਿਹਰਾ ਦੇਖ ਕੇ ਧੰਨ-ਧੰਨ ਹੋ ਰਿਹਾ ਸੀ। ਇਸੇ ਦੌਰਾਨ ਸ਼ਹਿਰ ਦੀ ਇੱਕ ਮਾਈ ਨੇ ਅੱਗੇ ਹੋ ਗੁਰੂ ਜੀ ਨੂੰ ਕਿਹਾ ਕਿ ‘ਪੁੱਤਰ ਜੀ ਇਹ ਕੰਧ ਕੱਚੀ ਹੈ, ਕਿਤੇ ਡਿੱਗ ਨਾ ਪਵੇ, ਸੋ ਇਸ ਤੋਂ ਪਰਾਂ ਹੋ ਜਾਵੋ’। ਗੁਰੂ ਜੀ ਨੇ ਉਸ ਮਾਤਾ ਨੂੰ ਸਹਿਤ ਸੁਭਾਅ ਹੀ ਕਹਿ ਦਿੱਤਾ ਕਿ ਮਾਤਾ ਜੀ ਇਹ ਕੰਧ ਜੁਗਾਂ-ਜੁਗਾਂ ਤੱਕ ਨਹੀਂ ਡਿੱਗੇਗੀ, ਇਹ ਤਾਂ ਸਾਡੇ ਵਿਆਹ ਦੀ ਨਿਸ਼ਾਨੀ ਵਜੋਂ ਹਮੇਸ਼ਾਂ ਕਾਇਮ ਰਹੇਗੀ। ਉਹ ਕੰਧ ਅੱਜ ਵੀ ਕਾਇਮ ਹੈ ਅਤੇ ਗੁਰੂ ਸਾਹਿਬ ਦੇ ਵਿਆਹ ਦੀ ਨਿਸ਼ਾਨੀ ਵਜੋਂ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਜੋਂ ਜਾਣੀ ਜਾਂਦੀ ਹੈ।

ਇਸ ਤੋਂ ਬਾਅਦ ਗੁਰੂ ਜੀ ਦੀ ਬਰਾਤ ਮੂਲ ਚੰਦ ਖੱਤਰੀ ਜੀ ਦੇ ਘਰ ਚਲੀ ਗਈ, ਜਿਥੇ ਪੂਰੇ ਚਾਵਾਂ ਨਾਲ ਬਰਾਤ ਦਾ ਸਵਾਗਤ ਕੀਤਾ ਗਿਆ। ਗੁਰੂ ਜੀ ਦਾ ਮਾਤਾ ਸੁਲੱਖਣੀ ਜੀ ਨਾਲ ਵਿਆਹ ਮੂਲ ਚੰਦ ਖੱਤਰੀ ਦੇ ਘਰ ਹੋਇਆ, ਜਿਸਨੂੰ ਅੱਜ ਕੱਲ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅੰਮ੍ਰਿਤ ਵੇਲੇ ਗੁਰੂ ਸਾਹਿਬ ਦੇ ਵਿਆਹ ਦੀਆਂ ਰਸਮਾਂ ਕੀਤੀਆਂ ਗਈਆਂ।

ਗੁਰੂ ਜੀ ਦੀ ਬਰਾਤ ਤਿੰਨ ਦਿਨ ਬਟਾਲਾ ਸ਼ਹਿਰ ਵਿਖੇ ਰੁਕੀ ਅਤੇ ਇਸ ਦੌਰਾਨ ਸਾਰੇ ਬਟਾਲਾ ਵਾਸੀਆਂ ਨੇ ਬਰਾਤ ਦੀ ਪੂਰੀ ਟਹਿਲ ਸੇਵਾ ਕੀਤੀ। ਚੌਥੇ ਦਿਨ ਬਰਾਤ ਸੁਲਤਾਨਪੁਰ ਲੋਧੀ ਨੂੰ ਰਵਾਨਾ ਹੋਈ। ਜਦੋਂ ਮਾਤਾ ਸੁਲੱਖਣੀ ਜੀ ਦੀ ਡੋਲੀ ਬਟਾਲਾ ਸ਼ਹਿਰ ਤੋਂ ਵਿਦਾ ਹੋਣ ਲੱਗੀ ਤਾਂ ਉਨ੍ਹਾਂ ਦੀ ਮਾਤਾ ਚੰਦੋਰਾਣੀ ਅਤੇ ਸਖੀਆਂ ਨੇ ਬੜਾ ਵਿਰਲਾਪ ਕੀਤਾ। ਮਾਤਾ ਸੁਲੱਖਣੀ ਜੀ ਆਪਣੀ ਮਾਂ ਅਤੇ ਸਖੀਆਂ ਦੇ ਗਲ ਲੱਗ-ਲੱਗ ਕੇ ਰੋਏ। ਅਖੀਰ ਸਾਰਿਆਂ ਨੇ ਬੜੇ ਪਿਆਰ ਨਾਲ ਆਪਣੀ ਧੀ ਸੁਲੱਖਣੀ ਦੀ ਡੋਲੀ ਨੂੰ ਵਿਦਾ ਕੀਤਾ।

ਬਰਾਤ ਕੁਝ ਦਿਨ ਸੁਲਤਾਨਪੁਰ ਲੋਧੀ ਰੁਕੀ ਅਤੇ ਫਿਰ ਗੁਰੂ ਜੀ ਮਾਤਾ ਸੁਲੱਖਣੀ ਜੀ ਦੀ ਡੋਲੀ ਲੈ ਕੇ ਆਪਣੇ ਪਿੰਡ ਤਲਵੰਡੀ ਰਾਇ-ਭੋਇ (ਨਨਕਾਣਾ ਸਾਹਿਬ) ਨੂੰ ਰਵਾਨਾ ਹੋ ਗਏ। ਤਲਵੰਡੀ ਪਹੁੰਚਣ ’ਤੇ ਰਾਇ ਬੁਲਾਰ ਸਮੇਤ ਸਮੂਹ ਪਿੰਡ ਵਾਸੀਆਂ ਬਰਾਤ ਦਾ ਨਿੱਘਾ ਸਵਾਗਤ ਕੀਤਾ ਅਤੇ ਖੂਬ ਖੁਸ਼ੀਆਂ ਮਨਾਈਆਂ।

ਇਸ ਤਰਾਂ ਬਟਾਲਾ ਸ਼ਹਿਰ ਵਿਖੇ ਸ੍ਰੀ ਗੁਰੂ ਨਾਨਕ ਸਾਹਿਬ ਦਾ ਵਿਆਹ ਹੋਣ ਕਾਰਨ ਇਸ ਸ਼ਹਿਰ ਦਾ ਨਾਮ ਗੁਰੂ ਸਾਹਿਬ ਦੇ ਨਾਮ ਨਾਲ ਜੁੜ ਗਿਆ। ਗੁਰੂ ਸਾਹਿਬ ਦੇ ਪਾਵਨ ਚਰਨ ਬਟਾਲੇ ਦੀ ਧਰਤੀ ਉੱਪਰ ਪੈਣ ਕਾਰਨ ਇਹ ਧਰਤੀ ਪੂਜਣਯੋਗ ਹੈ। ਅੱਜ ਵੀ ਸੰਗਤਾਂ ਬਟਾਲਾ ਸ਼ਹਿਰ ਵਿਖੇ ਹਰ ਸਾਲ ਗੁਰੂ ਸਾਹਿਬ ਦਾ ਵਿਆਹ ਪੁਰਬ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦੀਆਂ ਹਨ। ਵਿਆਹ ਪੁਰਬ ਮੌਕੇ ਸਾਰਾ ਬਟਾਲਾ ਸ਼ਹਿਰ ਰੂਹਾਨੀ ਰੰਗ ਵਿੱਚ ਰੰਗਿਆ ਜਾਂਦਾ ਹੈ ਅਤੇ ਜਦੋਂ ਸੁਲਤਾਨਪੁਰ ਲੋਧੀ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਗੁਰੂ ਜੀ ਦੀ ਬਰਾਤ ਬਟਾਲਾ ਸ਼ਹਿਰ ਵਿਖੇ ਪਹੁੰਚਦੀ ਹੈ ਤਾਂ ਇਵੇਂ ਲੱਗਦਾ ਹੈ ਕਿ ਸੰਨ 1487 ਦਾ ਸਮਾਂ ਵਾਪਸ ਪਰਤ ਆਇਆ ਹੋਵੇ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਪੂਰੀ ਦੁਨੀਆਂ ਵਿੱਚ ਨਾਨਕ ਨਾਮ ਲੇਵਾ ਸੰਗਤ ਵਿੱਚ ਸ਼ਰਧਾ ਅਤੇ ਉਤਸ਼ਾਹ ਹੈ ਅਤੇ ਬਟਾਲਾ ਸ਼ਹਿਰ ਦੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਅਤੇ ਸ੍ਰੀ ਕੰਧ ਸਾਹਿਬ ਵਿਖੇ ਸੰਗਤਾਂ ਨਤਮਸਤਕ ਹੋ ਕੇ ਆਪਣੀ ਹਾਜ਼ਰੀ ਲਗਵਾ ਰਹੀਆਂ ਹਨ। ਸੋ ਸਾਰੀਆਂ ਸੰਗਤਾਂ ਨੂੰ ਦਾਸ ਵਲੋਂ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੀ ਲੱਖ-ਲੱਖ ਵਧਾਈ ਹੋਵੇ।

  • ਇੰਦਰਜੀਤ ਸਿੰਘ ਹਰਪੁਰਾ,
    ਬਟਾਲਾ (ਗੁਰਦਾਸਪੁਰ)
    ਪੰਜਾਬ।
    98155-77574
Written By
The Punjab Wire