ਡਿਪਟੀ ਕਮਿਸ਼ਨਰ ਵਲੋਂ ਵਿਆਹ ਪੁਰਬ ਤੋਂ ਪਹਿਲਾਂ ਅਧਿਕਾਰੀਆਂ ਨੂੰ ਤਿਆਰੀਆਂ ਮੁਕੰਮਲ ਕਰਨ ਦੇ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ
ਗੁਰਦਾਸਪੁਰ, 8 ਸਤੰਬਰ ( ਮੰਨਨ ਸੈਣੀ )। ਬਟਾਲਾ ਵਿਖੇ 13 ਸਤੰਬਰ ਨੂੰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਮਾਗਮ ਦੌਰਾਨ ਸੰਗਤਾਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕਰਨ ਲਈ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਸਥਾਨਕ ਪੰਚਾਇਤ ਵਿਖੇ ਸਿਵਲ, ਪੁਲਿਸ ਤੇ ਗੁਰਦੁਆਰਾ ਸਾਹਿਬ ਜੀ ਦੇ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਵਿਆਹ ਪੁਰਬ ਤੋਂ ਪਹਿਲਾਂ ਸਾਰੀਆਂ ਤਿਆਰੀਆਂ ਮੁਕੰਮਲ ਕਰਨ ਦੇ ਸਖ਼ਤ ਦਿਸ਼ਾ-ਨਿਰਦੇਸ਼ ਦਿੱਤੇ ਤਾਂ ਜੋ ਸੰਗਤਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਇਸ ਮੌਕੇ ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ (ਜ), ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਜਗਵਿੰਦਰਜੀਤ ਸਿੰਘ ਗਰੇਵਾਲ , ਕਮਿਸ਼ਨਰ ਨਗਰ ਨਿਗਮ ਬਟਾਲਾ, ਬਲਵਿੰਦਰ ਸਿੰਘ ਐਸ.ਡੀ.ਐਮ ਗੁਰਦਾਸਪੁਰ, ਸ੍ਰੀਮਤੀ ਸ਼ਾਇਰੀ ਮਲਹੋਤਰਾ ਐਸ.ਡੀ.ਐਮ ਬਟਾਲਾ, ਪਵਨ ਕੁਮਾਰ ਪੰਮਾ, ਚੇਅਰਮੈਨ ਨਗਰ ਸੁਧਾਰ ਟਰੱਸਟ ਬਟਾਲਾ, ਗੁਰਤਿੰਦਰ ਪਾਲ ਸਿੰਘ ਭਾਟੀਆ ਮੈਨੇਜਰ ਗੁਰਦੁਆਰਾ ਸ੍ਰੀ ਕੰਧ ਸਾਹਿਬ, ਦਵਿੰਦਰ ਸਿੰਘ ਮੈਨੇਜਰ ਗੁਰਦੁਆਰਾ ਸਤਿਕਾਰੀਆਂ ਅਤੇ ਡੇਹਰਾ ਸਾਹਿਬ, ਡਾ ਹਰਭਜਨ ਸਿਵਲ ਸਰਜਨ, ਐਕਸੀਅਨ ਬਲਦੇਵ ਸਿੰਘ ਅਤੇ ਹਰਜੋਤ ਸਿੰਘ ਆਦਿ ਮੋਜੂਦ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਸੀਂ ਬਹੁਤ ਵਡਭਾਗੇ ਹਾਂ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਦੀ ਚਰਨ ਛੋਹ ਧਰਤੀ ਬਟਾਲਾ ਵਿਖੇ ਵਿਆਹ ਪੁਰਬ ਸਮਾਗਮ ਕਰਵਾਏ ਜਾ ਰਹੇ ਹਨ ਅਤੇ ਅਸੀ ਇਸ ਮਹਾਨ ਸਮਾਗਮ ਦਾ ਹਿੱਸਾ ਬਣ ਰਹੇ ਹਾਂ। ਉਨਾਂ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਵਿਆਹ ਪੁਰਬ ਸਮਾਗਮ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਪੁਹੰਚਦੀਆਂ ਹਨ ਅਤੇ ਉਨਾਂ ਦੀ ਸਹੂਲਤ ਲਈ ਕੋਈ ਕਸਰ ਬਾਕੀ ਨਹੀਂ ਰਹਿਣੀ ਚਾਹੀਦੀ ਹੈ।
ਡਿਪਟੀ ਕਮਿਸ਼ਨਰ ਨੇ ਬਟਾਲਾ ਸ਼ਹਿਰ ਵਿਖੇ ਸਫਾਈ ਦੇ ਸਮੁੱਚੇ ਪ੍ਰਬੰਧਾਂ ਲਈ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਮੁੱਚੇ ਬਟਾਲਾ ਸ਼ਹਿਰ ਅਤੇ ਖਾਸਕਰਕੇ ਗੁਰਦੁਆਰਾ ਸ੍ਰੀ ਕੰਧ ਸਾਹਿਬ, ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਅਤੇ ਗੁਰਦੁਆਰਾ ਡੇਹਰਾ ਸਾਹਿਬ ਅਤੇ ਨਗਰ ਕੀਰਤਨ ਦੇ ਰੂਟ ਵਾਲੇ ਸਥਾਨਾਂ/ਸੜਕਾਂ ਦੀ ਸੁਚਾਰੂ ਢੰਗ ਸਾਫ-ਸਫਾਈ ਕਰਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਕੂੜੇ ਦੇ ਢੇਰਾਂ ਨੂੰ ਤੁਰੰਤ ਚੁੱਕਣ ਦੇ ਪ੍ਰਬੰਧ ਕੀਤੇ ਜਾਣ। ਸ਼ਹਿਰ ਅੰਦਰ ਸਜਾਵਟੀ ਗੇਟ ਅਤੇ ਝੰਡੇ ਵੀ ਲਗਾਏ ਜਾਣ।
ਉਨਾਂ ਪੀ.ਡਬਲਿਊ.ਡੀ. ਸੀਵਰੇਜ ਬੋਰਡ ਅਤੇ ਮੰਡੀ ਬੋਰਡ ਦੇ ਅਧਿਕਾਰੀਆਂਨੂੰ ਕਿਹਾ ਕਿ ਉਹ ਨਗਰ ਕੀਰਤਨ ਦੇ ਰੂਟ ਦੀਆਂ ਸਮੁੱਚੀਆਂ ਸੜਕਾਂ ਦੇ ਨਿਰਮਾਣ ਅਤੇ ਰਿਪੇਅਰ ਕਰਨ ਨੂੰ ਯਕੀਨੀ ਬਣਾਉਣ ਤਾਂ ਜੋ ਸੰਗਤਾਂ ਨੂੰ ਆਵਾਜਾਈ ਦੌਰਾਨ ਕੋਈ ਮੁਸ਼ਕਿਲ ਪੇਸ਼ ਨਾ ਆਵੇ ਅਤੇ ਜੋ ਕੰਮ ਚੱਲ ਰਹੇ ਹਨ, ਉਨਾਂ ਮੁਕੰਮਲ ਕੀਤਾ ਜਾਵੇ। ਉਨਾਂ ਸੀਵਰੇਜ/ ਮੈਨਹੋਲ ਉੱਪਰ ਢੱਕਣ ਲਗਾਉਣ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਾਰੇ ਸ਼ਹਿਰ ਅੰਦਰ ਮੈਨਹੋਲਾਂ ਉੱਪਰ ਢੱਕਣ ਲੱਗੇ ਹੋਣ ਨੂੰ ਯਕੀਨੀ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਵਾਟਰ ਸਪਲਾਈ ਅਤੇ ਸ਼ੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਆਰਜ਼ੀ ਤੌਰ ’ਤੇ ਟਾਇਲਟਸ ਲਗਾਉਣ ਦੀ ਹਦਾਇਤ ਕਰਦਿਆਂ ਕਿਹਾ ਕਿ ਉਹ ਢੁੱਕਵੀਆਂ ਥਾਵਾਂ ਦੀ ਸ਼ਨਾਖਤ ਕਰਕੇ ਇਸ ਕੰਮ ਨੂੰ ਨੇਪਰੇ ਚਾੜ੍ਹਿਆ ਜਾਵੇ। ਉਨਾਂ ਪਾਵਰਕਾਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਨਗਰ ਕੀਰਤਨ ਦੇ ਰੂਟ ਦੇ ਸਥਾਨਾਂ/ਸੜਕਾਂ ਵਿਚ ਬਿਜਲੀ ਦੀਆਂ ਤਾਰਾਂ ਨੂੰ ਸੁਚੱਜੇ ਤਰੀਕੇ ਨਾਲ ਸਹੀ ਕੀਤਾ ਜਾਵੇ ਅਤੇ ਢਿੱਲੀਆਂ ਤਾਰਾਂ ਨੂੰ ਤੁਰੰਤ ਠੀਕ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਰੁੱਖਿਆ ਪ੍ਰਬੰਧਾਂ ਨੂੰ ਪੁਖਤਾ ਕਰਨ ਵਿਚ ਕੋਈ ਢਿੱਲਮੱਠ ਨਾ ਵਰਤੀ ਜਾਵੇ। ਨਗਰ ਕੀਰਤਨ ਦੌਰਾਨ ਸੁਰੱਖਿਆ ਵਿਵਸਥਾ ਸੁਚਾਰੂ ਢੰਗ ਨਾਲ ਕੀਤੀ ਜਾਵੇ ਅਤੇ ਖਾਸਕਰਕੇ ਸੰਗਤਾਂ ਦੀ ਸਹੂਲਤ ਲਈ ਆਵਾਜਾਈ ਨੂੰ ਸੁਖਾਲਾ ਬਣਾਉਣ ਵਿਚ ਕੋਈ ਕਮੀਂ ਨਾ ਰਹਿਣ ਦਿੱਤੀ ਜਾਵੇ।
ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸੰਗਤਾਂ ਦੀ ਆਮਦ ਨੂੰ ਵੇਖਦੇ ਹੋਏ ਵਾਧੂ ਮੈਡੀਕਲ ਟੀਮਾਂ ਅਤੇ ਕੰਟਰੋਲ ਰੂਮ ਸਥਾਪਤ ਕਰਨ ਅਤੇ ਵਾਧੂ ਐਬੂਲੰਸਾਂ ਦਾ ਪ੍ਰਬੰਧ ਕਰਕੇ ਰੱਖਿਆ ਜਾਵੇ। ਸੰਗਤਾਂ ਲਈ ਮਾਸਕ ਅਤੇ ਸ਼ੈਨੀਟਾਇਜ਼ਰ ਦੀ ਸਹੂਲਤ ਵੀ ਉਪਲਬੱਧ ਕਰਵਾਈ ਜਾਵੇ। ਨਾਲ ਹੀ ਉਨਾਂ ਕਿਹਾ ਦੁੱਧ, ਦਹੀ ਅਤੇ ਮਠਿਆਈ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਜਾਵੇ ਤਾਂ ਜੋ ਸੰਗਤਾਂ ਦੀ ਵੱਡੀ ਆਮਦ ਨੂੰ ਮੁੱਖ ਰੱਖਦਿਆਂ ਦੁਕਾਨਦਾਰਾਂ ਵਲੋਂ ਖਾਣ ਵਾਲੀਆਂ ਚੀਜਾਂ ਵਿਚ ਕੋਈ ਮਿਲਾਵਟ ਨਾ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਮੈਨੇਜਰ ਰੋਡਵੇਜ਼ ਬਟਾਲਾ, ਫਾਇਰ ਬਿ੍ਰਗੇਡ ਸਮੇਤ ਵੱਖ-ਵੱਖ ਵਿਭਾਗਾਂ ਨੂੰ ਵਿਆਹ ਪੁਰਬ ਤੋਂ ਪਹਿਲਾਂ ਸਾਰੀਆਂ ਤਿਆਰੀਆਂ ਮੁਕੰਮਲ ਕਰਨ ਦੀ ਹਦਾਇਤ ਕੀਤੀ।
ਇਸ ਮੌਕੇ ਸ੍ਰੀ ਗੁਰਤਿੰਦਰ ਸਿੰਘ ਭਾਟੀਆ ਮੈਨੇਜਰ ਸ੍ਰੀ ਕੰਧ ਸਾਹਿਬ ਨੇ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਕਿ ਨਗਰ ਕੀਰਤਨ ਵਾਲੇ ਰੂਟ ਦੀਆਂ ਕੁਝ ਸੜਕਾਂ ’ਤੇ ਕੰਮ ਹੋਣਾ ਅਜੇ ਬਾਕੀ ਹੈ, ਜਿਵੇਂ ਪੁਲਿਸ ਲਾਈਨ ਰੋਡ, ਮਾਡਲ ਟਾਊਨ, ਕਾਦੀਆਂ ਵਾਲਾ ਫਾਟਕ ਰੋਡ, ਸਿੰਬਲ ਚੌਂਕ, ਨਗਰ ਸੁਧਾਰ ਟਰੱਸਟ ਵਾਲੀ ਰੋਡ, ਗਾਂਧੀ ਚੌਂਕ ਵਾਲੀ ਸੜਕ, ਠਠਿਆਰੀ ਗੇਟ, ਨਹਿਰੂ ਗੇਟ ਆਦਿ ਸੜਕਾਂ ਦੀ ਹਾਲਤ ਕਾਫੀ ਖਰਾਬ ਹੈ, ਇਸ ਨੂੰ ਠੀਕ ਕੀਤਾ ਜਾਵੇ। ਇਸ ਤੋਂ ਇਲਾਵਾ ਕੁਝ ਥਾਵਾਂ ’ਤੇ ਕੂੜੇ ਦੇ ਢੇਰ ਵੀ ਲੱਗੇ ਹਨ ਅਤੇ ਨਵੇਂ ਬਣੇ ਹੰਸਲੀ ਦੇ ਪੁਲ ਅਤੇ ਕਾਦੀਆਂ ਰੋਡ’ਤੇ ਮਿੱਟੀ ਦੇ ਢੇਰ ਚੁਕਵਾਏ ਜਾਣ। ਜਿਸ ਸਬੰਧ ਵਿਚ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖ਼ਤ ਆਦੇਸ ਦਿੰਦਿਆਂ ਕਿਹਾ ਕਿ ਉਹ ਅਗਲੇ ਦੋ ਦਿਨਾਂ ਤਕ ਉਪਰੋਕਤ ਸਮੱਸਿਆਵਾਂ ਨੂੰ ਦੂਰ ਕਰਨ ਨੂੰ ਯਕੀਨੀ ਬਣਾਇਆ ਜਾਵੇ।