ਪਿੰਡ ਦੀ ਪੰਚਾਇਤ ਨੇ ਛੱਪੜ ਦੇ ਸੁੰਦਰੀਕਰਨ ਲਈ ਕੀਤਾ ਸ਼ਾਨਦਾਰ ਉਪਰਾਲਾ
ਗੁਰਦਾਸਪੁਰ, 7 ਸਤੰਬਰ ( ਮੰਨਣ ਸੈਣੀ )।ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ‘ਮਗਨਰੇਗਾ’ ਸਕੀਮ ਤਹਿਤ ਪਿੰਡਾਂ ਦੀ ਵਿਕਾਸ ਪੱਖੋ ਕਾਇਆ ਕਲਪ ਕੀਤੀ ਜਾ ਰਹੀ ਹੈ ਅਤੇ ਜ਼ਿਲੇ ਅੰਦਰ 69 ਪਿੰਡਾਂ ਅੰਦਰ ਥਾਪਰ ਮਾਡਲ ਤਹਿਤ ਛੱਪੜਾਂ ਦਾ ਨਵੀਨੀਕਰਨ ਕੀਤਾ ਜਾ ਚੁੱਕਾ ਹੈ। ਦੱਸਣਯੋਗ ਹੈ ਕਿ ਗੁਰਦਾਸਪੁਰ ਜ਼ਿਲ੍ਹਾ ਮਗਨਰੇਗਾ ਤਹਿਤ ਵਿਕਾਸ ਕੰਮ ਕਰਵਾਉਣ ਵਿਚ ਪੰਜਾਬ ਵਿਚ ਪਹਿਲੇ ਨੰਬਰ ’ਤੇ ਹੈ ਅਤੇ ਜ਼ਿਲੇ ਅੰਦਰ ‘ਮਗਨਰੇਗਾ’ ਸਕੀਮ ਤਹਿਤ ਵਿਕਾਸ ਕੰਮ ਪੂਰੀ ਤੇਜ਼ੀ ਨਾਲ ਕੀਤੇ ਜਾ ਰਹੇ ਹਨ।
ਮਗਨਰੇਗਾ ਸਕੀਮ ਤਹਿਤ ਪਿੰਡ ਅਲਾਵਲਪੁਰ, ਬਲਾਕ ਕਲਾਨੋਰ, ਗੁਰਦਾਸਪੁਰ ਵਿਖੇ ਥਾਪਰ ਮਾਡਲ ਤਹਿਤ ਛੱਪੜ ਦਾ ਨਵੀਨੀਕਰਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਹਰਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਇਸ ਛੱਪੜ ਦਾ ਬਹੁਤ ਮੰਦਾ ਹਾਲ ਸੀ। ਛੱਪੜ ਦਾ ਪਾਣੀ ਓਵਰਫਲੋ ਹੋ ਕੇ ਘਰਾਂ ਵਿਚ ਵੜ੍ਹ ਜਾਂਦਾ ਸੀ ਤੇ ਲੋਕ ਬਹੁਤ ਪ੍ਰੇਸ਼ਾਨ ਸਨ ਪਰ ਛੱਪੜ ਮਗਨਰੇਗਾ ਸਕੀਮ ਤਹਿਤ ਥਾਪਰ ਮਾਡਲ ਤਹਿਤ ਵਿਕਸਿਤ ਕੀਤੇ ਜਾਣ ਨਾਲ ਲੋਕਾਂ ਨੂੰ ਸੁੱਖ ਦਾ ਸਾਹ ਲਿਆ ਹੈ। ਪਿੰਡ ਦੇ ਸੀਵਰੇਜ ਵਾਲੇ ਪਾਣੀ ਨੂੰ ਛੱਪੜ ਦੇ ਨੇੜੇ ਬਣੇ ਖੂਹਾਂ ਵਿਚ ਫਿਲਟਰ ਕਰਕੇ ਅੱਗੇ ਛੱਪੜ ਵਿਚ ਪਾਇਆ ਜਾਂਦਾ ਹੈ ਅਤੇ ਛੱਪੜ ਦੇ ਪਾਣੀ ਨੂੰ ਅੱਗੇ ਖੇਤੀ ਕੰਮਾਂ ਲਈ ਵਰਤਿਆ ਜਾਂਦਾ ਹੈ। ਉਨਾਂ ਦੱਸਿਆ ਕਿ ਛੱਪੜ ਦੇ ਨਵੀਨੀਕਰਨ ਉੱਪਰ ਕਰੀਬ 12 ਲੱਖ 25 ਹਜ਼ਾਰ ਰੁਪਏ ਖਰਚ ਕੀਤੇ ਗਏ ਹਨ।
ਸਰਪੰਚ ਹਰਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਛੱਪੜ ਦੇ ਆਲੇ-ਦੁਆਲੇ ਖੂਬਸੂਰਤ ਗਮਲੇ ਲਗਾਏ ਗਏ ਹਨ, ਸਟਰੀਟ ਲਾਈਟਸ ਲਗਾਈਆਂ ਗਈਆਂ ਹਨ ਅਤੇ ਲੋਕਾਂ ਦੇ ਬੈਠਣ ਲਈ ਬੈਂਚ ਵੀ ਲਗਾਏ ਗਏ ਹਨ। ਪਿੰਡ ਵਾਸੀ ਸਵੇਰੇ-ਸ਼ਾਮ ਸੈਰ ਕਰਦੇ ਹਨ, ਖੂਬਸੂਰਤ ਛੱਪੜ ਦੀ ਉਸਾਰੀ ਨਾਲ ਪਿੰਡ ਵਾਸੀ ਬਹੁਤ ਖੁਸ਼ ਹਨ ਅਤੇ ਪਿੰਡ ਦੀ ਖੂਬਸੂਰਤੀ ਨੂੰ ਚਾਰ ਚੰਨ ਲੱਗ ਗਏ ਹਨ।