ਹੋਰ ਟੁੱਕੜੇ ਹੋਏ ਤਾਂ ਖਤਮ ਹੋ ਜਾਵੇਗਾ ਗੁਰਦਾਸਪੁਰ ਦਾ ਇਤਿਹਾਸਿਕ ਤੇ ਭੂਗੋਲਿਕ ਵਜੂਦ
ਗੁਰਦਾਸਪੁਰ, 7 ਸਤੰਬਰ (ਮੰਨਨ ਸੈਣੀ)।ਗੁਰਦਾਸਪੁਰ ਜ਼ਿਲ੍ਹੇ ਨੂੰ ਟੁਕੜਿਆਂ ਵਿਚ ਵੰਡ ਕੇ ਬਟਾਲਾ ਨੂੰ ਪੰਜਾਬ ਦਾ 24ਵਾਂ ਜ਼ਿਲ੍ਹਾ ਬਣਾਏ ਜਾਣ ਦੀ ਸੰਭਾਵਨਾ ਕਾਰਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਐਸਐਸਐਸ ਬੋਰਡ ਦੇ ਚੇਅਰਮੈਨ ਨੂੰ ਰਮਨ ਬਹਿਲ ਨੂੰ ਸੌਂਪੇ ਮੰਗ ਪੱਤਰ ਸਬੰਧੀ ਜਾਰੀ ਬਿਆਨ ਰਾਹੀਂ ਰਮਨ ਬਹਿਲ ਨੇ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਪਹਿਲਾਂ ਹੀ ਕਈ ਟੋਟੇ ਹੋ ਚੁੱਕੇ ਹਨ, ਅਤੇ ਜੇਕਰ ਹੁਣ ਇਸ ਜ਼ਿਲ੍ਹੇ ਦੀ ਹੋਰ ਵੰਡ ਕੀਤੀ ਗਈ ਤਾਂ ਇਸ ਦਾ ਵੱਡਾ ਨੁਕਸਾਨ ਹੋਵੇਗਾ।
ਬਹਿਲ ਨੇ ਕਿਹਾ ਕਿ ਕਿਸੇ ਸਮੇ ਡਲਹੌਜੀ ਵਰਗੇ ਖੂਬਸੂਰਤ ਸ਼ਹਿਰ ਵੀ ਗੁਰਦਾਸਪੁਰ ਜ਼ਿਲ੍ਹੇ ਦਾ ਹਿੱਸਾ ਸਨ। ਪਰ ਬਾਅਦ ਵਿਚ ਗੁਰਦਾਸਪੁਰ ਜ਼ਿਲ੍ਹਾ ਸਿਰਫ ਦੁਨੇਰੇ ਤੱਕ ਰਹਿ ਗਿਆ। ਉਨਾਂ ਕਿਹਾ ਕਿ ਇਕ ਪਾਕਿਸਤਾਨ ਦੀਆਂ ਸਰਹੱਦਾਂ ਨਾਲ ਲੱਗਦੇ ਇਸ ਇਤਿਹਾਸਕ ਜ਼ਿਲ੍ਹੇ ਦੀ ਆਪਣੀ ਵੱਖਰੀ ਤੇ ਵੱਡੀ ਮਹੱਤਤਾ ਹੈ, ਪਰ ਵੱਖ ਵੱਖ ਸਮੇਂ ਦੀਆਂ ਸਰਕਾਰਾਂ ਨੇ ਜ਼ਿਲ੍ਹੇ ਦੇ ਵਿਸਥਾਰ ਦੀ ਬਜਾਏ ਇਸ ਨੂੰ ਤੋੜਨ ਵਾਲੇ ਫੈਸਲੇ ਕੀਤੇ ਹਨ। ਅਕਾਲੀ ਦਲ ਅਤੇ ਭਾਜਪਾ ਦੀ ਪਿਛਲੀ ਸਰਕਾਰ ਮੌਕੇ ਵੀ ਇਸ ਜ਼ਿਲ੍ਹੇ ਨੂੰ ਤੋੜ ਕੇ ਪਠਾਨਕੋਟ ਜ਼ਿਲ੍ਹਾ ਬਣਾ ਦਿੱਤਾ ਗਿਆ ਸੀ ਅਤੇ ਉਸ ਮੌਕੇ ਦੀ ਲੀਡਰਸ਼ਿਪ ਵੀ ਗੁਰਦਾਸਪੁਰ ਜ਼ਿਲ੍ਹੇ ਨੂੰ ਬਚਾਉਣ ਵਿਚ ਬੁਰੀ ਤਰਾਂ ਅਸਫਲ ਰਹੀ ਸੀ। ਹੁਣ ਮੁੜ ਜਦੋਂ ਗੁਰਦਾਸਪੁਰ ਨੂੰ ਹੋਰ ਹਿਸਿਆਂ ਵਿਚ ਵੰਡ ਕੇ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਹੁਣ ਵੀ ਮੌਜੂਦਾ ਲੀਡਰਸ਼ਿਪ ਇਸ ਮਾਮਲੇ ਵਿਚ ਚੁੱਪ ਅਤੇ ਅਸਫਲ ਰਹੀ ਹੈ।
ਬਹਿਲ ਨੇ ਕਿਹਾ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਜ਼ਿਲ੍ਹੇ ਨੂੰ ਬਚਾਉਣ ਲਈ ਸ਼ੁਰੂ ਕੀਤੇ ਸੰਘਰਸ਼ ਦੀ ਪੂਰਨ ਹਮਾਇਤ ਕਰਦੇ ਹੋਏ ਉਹ ਹੋਰ ਜਥੇਬੰਦੀਆਂ ਅਤੇ ਲੋਕਾਂ ਨੂੰ ਵੀ ਅਪੀਲ ਕਰਦੇ ਹਨ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਜੂਦ ਨੂੰ ਬਚਾਉਣ ਲਈ ਇਕ ਲੋਕ ਰਾਏ ਬਣਾਉਣ। ਉਨਾਂ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਮੌਜੂਦਾ ਢਾਂਚੇ ਵਿਚ ਸਾਰੇ ਵਰਗਾਂ ਤੇ ਧਰਮਾਂ ਦੇ ਲੋਕ ਰਹਿੰਦੇ ਹਨ ਅਤੇ ਨਹਿਰਾਂ ਦੇ ਨੈਟਵਰਕ ਸਮੇਤ ਜ਼ਿਲ੍ਹੇ ਦੀ ਭੂਗੋਲਿਕ ਸਥਿਤੀ ਵੀ ਮਜ਼ਬੂਤ ਹੈ। ਪਰ ਜੇਕਰ ਬਟਾਲਾ ਜ਼ਿਲ੍ਹਾ ਬਣਾ ਦਿੱਤਾ ਗਿਆ ਤਾਂ ਗੁਰਦਾਸਪੁਰ ਜ਼ਿਲ੍ਹੇ ਦਾ ਇਤਿਹਾਸਿਕ, ਧਾਰਮਿਕ ਤੇ ਭੂਗੋਲਿਕ ਵਜੂਦ ਹੀ ਖਤਮ ਹੋ ਜਾਵੇਗਾ। ਉਨਾਂ ਕਿਹਾ ਕਿ ਜਿਹੜੀ ਲੀਡਰਸ਼ਿਪ ਵੱਖ ਵੱਖ ਸਮੇਂ ‘ਤੇ ਇਸ ਜ਼ਿਲ੍ਹੇ ਦੇ ਹੋਏ ਟੁਕੜਿਆਂ ਨੂੰ ਬਚਾਉਣ ਵਿਚ ਅਸਫਲ ਰਹੀ ਹੈ, ਉਸ ਨੂੰ ਆਉਣ ਵਾਲੀਆਂ ਪੀੜੀਆਂ ਕਦੇ ਮੁਆਫ ਨਹੀਂ ਕਰਨਗੀਆਂ। ਇਸ ਮੌਕੇ ਬਹਿਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਖੁਦ ਸੰਜੀਦਗੀ ਦਿਖਾਉਣ ਅਤੇ ਕਿਸੇ ਵੀ ਹਾਲਤ ਵਿਚ ਗੁਰਦਾਸਪੁਰ ਜ਼ਿਲ੍ਹੇ ਦੇ ਹੋਰ ਟੁਕੜੇ ਨਾ ਕਰਨ।