ਫੀਡਬੈਕ ਫਾਊਂਡੇਸ਼ਨ ਨੇ ਬਟਾਲਾ ਸ਼ਹਿਰ ਵਿੱਚ ਕੂੜੇ ਦੇ ਪ੍ਰਬੰਧਨ ਦੀ ਸਿਖਲਾਈ ਲਈ ਵਰਕਸ਼ਾਪ ਲਗਾਈ
ਬਟਾਲਾ, 7 ਸਤੰਬਰ ( ਮੰਨਨ ਸੈਣੀ )। ਇਤਿਹਾਸਕ ਸ਼ਹਿਰ ਬਟਾਲਾ ਨੂੰ ਸਫ਼ਾਈ ਪੱਖੋਂ ਬਿਹਤਰ ਬਣਾਉਣ ਦੇ ਯਤਨਾਂ ਤਹਿਤ ਪੰਜਾਬ ਸਰਕਾਰ ਵੱਲੋਂ ਦੇਸ਼ ਦੀ ਸਭ ਤੋਂ ਮੋਹਰੀ ਸੰਸਥਾ ਫੀਡਬੈਕ ਫਾਊਂਡੇਸ਼ਨ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ ਜੋ ਬਟਾਲਾ ਵਾਸੀਆਂ ਨੂੰ ਕੂੜੇ ਦੇ ਪ੍ਰਬੰਧਨ ਦੇ ਗੁਰ ਦੱਸੇਗੀ। ਫੀਡਬੈਕ ਫਾਊਂਡੇਸ਼ਨ ਵੱਲੋਂ ਬਟਾਲਾ ਸ਼ਹਿਰ ਦੇ ਵਾਰਡ ਨੰਬਰ 14 ਤੋਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਸ਼ਹਿਰ ਵਾਸੀਆਂ ਨਾਲ ਰਾਬਤਾ ਕਰਦਿਆਂ ਉਨ੍ਹਾਂ ਨੂੰ ਸਫ਼ਾਈ ਦਾ ਮਾਡਲ ਸਮਝਾਉਣ ਅਤੇ ਉਨ੍ਹਾਂ ਦੀ ਸੋਚ ਵਿੱਚ ਪਰਿਵਰਤਨ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ।
ਅੱਜ ਸਥਾਨਕ ਬਟਾਲਾ ਕਲੱਬ ਵਿੱਚ ਫੀਡਬੈਕ ਫਾਊਂਡੇਸ਼ਨ ਵੱਲੋਂ ਇੱਕ ਵਰਕਸ਼ਾਪ ਲਗਾਈ ਗਈ ਜਿਸ ਵਿੱਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ, ਏ.ਡੀ.ਸੀ. ਸ਼ਹਿਰੀ ਵਿਕਾਸ ਸ੍ਰੀ ਅਮਿਤ ਮਹਾਜਨ, ਅਜੇ ਸਿਨਹਾ ਸੀ.ਈ.ਓ ਫੀਡਬੈਕ ਫਾਊਂਡੇਸ਼ਨ, ਡਾ. ਪੂਰਨ ਸਿੰਘ ਡਾਇਰੈਕਟਰ ਸਵੱਚ ਭਾਰਤ ਮਿਸ਼ਨ ਪੰਜਾਬ, ਡਾ. ਨਰੇਸ਼, ਲਖਵਿੰਦਰ ਸਿੰਘ ਫੀਡਬੈਕ ਫਾਊਂਡੇਸ਼ਨ ਬਟਾਲਾ ਇੰਚਾਰਜ, ਕੌਂਸਲਰ ਗੁਰਪ੍ਰੀਤ ਸਿੰਘ ਸ਼ਾਨਾ, ਸੁਖਦੇਵ ਸਿੰਘ ਬਾਜਵਾ, ਨਗਰ ਨਿਗਮ ਬਟਾਲਾ ਦੇ ਅਧਿਕਾਰੀ ਅਤੇ ਨਗਰ ਕੌਂਸ਼ਲਾਂ ਦੇ ਈ.ਓਜ਼ ਹਾਜ਼ਰ ਸਨ।
ਵਰਕਸ਼ਾਪ ਦੌਰਾਨ ਆਪਣੇ ਵਿਚਾਰ ਪੇਸ਼ ਕਰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਬਟਾਲਾ ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਦੇ ਹੱਲ ਲਈ ਦੇਸ਼ ਦੀ ਸਭ ਤੋਂ ਵਧੀਆ ਏਜੰਸੀ ਫੀਡਬੈਕ ਫਾਊਂਡੇਸ਼ਨ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ ਜਿਸ ਵੱਲੋਂ ਸ਼ਹਿਰ ਵਾਸੀਆਂ ਅਤੇ ਨਗਰ ਨਿਗਮ ਨੂੰ ਕੂੜੇ ਦੇ ਪ੍ਰਬੰਧਨ ਬਾਰੇ ਸਿਖਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਫੀਡਬੈਕ ਫਾਊਂਡੇਸ਼ਨ ਨੇ ਦੇਸ਼ ਦੇ ਕਈ ਸ਼ਹਿਰਾਂ ਵਿੱਚ ਕੰਮ ਕੀਤਾ ਹੈ ਅਤੇ ਓਥੋਂ ਦੇ ਲੋਕਾਂ ਨੂੰ ਕੂੜੇ ਦੀ ਸੈਗਰੀਗੇਸ਼ਨ ਅਤੇ ਉਸਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕਰਨਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਨੂੰ ਇਸ ਲੀਡਿੰਗ ਸੰਸਥਾ ਦੇ ਤਜ਼ਰਬੇ ਦਾ ਜਰੂਰ ਲਾਭ ਮਿਲੇਗਾ।
ਇਸ ਮੌਕੇ ਡਾ. ਪੂਰਨ ਸਿੰਘ ਡਾਇਰੈਕਟਰ ਸਵੱਚ ਭਾਰਤ ਮਿਸ਼ਨ ਪੰਜਾਬ ਨੇ ਕਿਹਾ ਕਿ ਅਗਲੇ 6 ਮਹੀਨੇ ਵਿੱਚ ਬਟਾਲਾ ਸ਼ਹਿਰ ਨੂੰ ਢੰਪ ਮੁਕਤ ਕਰਨ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਫੀਡਬੈਕ ਫਾਊਂਡੇਸ਼ਨ ਦੇ ਸਹਿਯੋਗ ਨਾਲ ਸਾਰੇ ਸ਼ਹਿਰ ਵਿੱਚੋਂ ਕੂੜੇ ਦੀ ਡੋਰ-ਟੂ-ਡੋਰ ਕੁਲੈਕਸ਼ਨ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਲੋਕਾਂ ਨੂੰ ਆਪਣੇ ਕੂੜੇ ਦੇ ਪ੍ਰਬੰਧਨ ਬਾਰੇ ਦੱਸਿਆ ਜਾਵੇਗਾ।
ਸੀ.ਈ.ਓ ਫੀਡਬੈਕ ਫਾਊਂਡੇਸ਼ਨ ਦੇ ਸੀ.ਈ.ਓ. ਸ੍ਰੀ ਅਜੇ ਸਿਨਹਾ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਕੂੜੇ ਦਾ ਪ੍ਰਬੰਧਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਮੈਨੇਜ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਫੀਡਬੈਕ ਫਾਊਂਡੇਸ਼ਨ ਵੱਲੋਂ ਬਟਾਲਾ ਸ਼ਹਿਰ ਦੀ ਸਫ਼ਾਈ ਦਾ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਅਗਲੇ ਕੁਝ ਮਹੀਨਿਆਂ ਤੱਕ ਬਟਾਲਾ ਸ਼ਹਿਰ ਵਿੱਚ ਇਸਦੇ ਨਤੀਜੇ ਦੇਖਣ ਨੂੰ ਮਿਲਣਗੇ।