ਗੁਰਦਾਸਪੁਰ, 29 ਜੁਲਾਈ ( ਮੰਨਨ ਸੈਣੀ )। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵਲੋ ਛੋਟਾ ਘੱਲੂਘਾਰਾ ਸਮਾਰਕ , ਕਾਹਨੂੰਵਾਨ ਵਿਖੇ ਬਣਾਈ ਗਈ ਵੀਡੀਓ ਗੈਲਰੀ ਦਰਸ਼ਕਾਂ ਨੂੰ ਅਰਪਣ ਕੀਤੀ ਗਈ। ਕਰੀਬ 5 ਲੱਖ 62 ਹਜ਼ਾਰ ਰੁਪਏ ਦੀ ਲਾਗਤ ਨਾਲ ਉਸਾਰੀ ਗਈ ਵੀਡੀਓ ਗੈਲਰੀ ਵਿਚ ਸ਼ਾਨਦਾਰ ਪ੍ਰੋਜੈਕਟਰ, ਬੈਠਣ ਲਈ ਸੋਫੇ ਤੇ ਏ.ਸੀ ਆਦਿ ਦੀ ਵਿਵਸਥਾ ਕੀਤੀ ਗਈ ਹੈ। ਇਸ ਮੌਕੇ ਸਮੂਹ ਅਧਿਕਾਰੀਆਂ ਨੇ ‘ਛੋਟਾ ਘੱਲੂਘਾਰਾ, ਕਾਹਨੂੰਵਾਨ ਛੰਬ’ ’ਤੇ ਅਧਾਰਿਤ ਵੀਡੀਓ ਫਿਲਮ ਵੀ ਵੇਖੀ।
ਇਸ ਮੌਕੇ ਅਧਿਾਕਰੀਆਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਮਹਾਨ ਤੇ ਪਵਿੱਤਰ ਧਰਤੀ ਛੋਟਾ ਘੱਲੂਘਾਰਾ ਵਿਖੇ ਸੈਲਾਨੀ ਵੱਧ ਤੋਂ ਵੱਧ ਆਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਸਮਾਰਕ ਦੇ ਸੁੰਦਰੀਕਰਨ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਇਥੇ ਸ਼ਹੀਦਾਂ ਨੂੰ ਸਮਰਪਿਤ ਗੈਲਰੀ ਦੀ ਉਸਾਰੀ ਵੀ ਜਲਦ ਕਰਵਾਈ ਜਾਵੇਗੀ, ਤਾਂ ਜੋ ਨੋਜਵਾਨ ਪੀੜ੍ਹੀ ਆਪਣੇ ਅਮੀਰ ਵਿਰਸੇ ਨਾਲ ਜੁੜੀ ਰਹਿ ਸਕੇ। ਉਨਾਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਮਾਰਕ ਵਿਚ ‘ਵਾਤਾਵਰਣ ਪਾਰਕ’ ਦੀ ਉਸਾਰੀ ਕਰਨ ਲਈ ਜਲਦ ਯੋਜਨਾ ਤਿਆਰ ਕਰਨ ਤਾਂ ਜੋ ਇਥੇ ਕੰਮ ਸ਼ੁਰੂ ਕੀਤਾ ਜਾ ਸਕੇ।
ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਛੋਟਾ ਘੱਲੂਘਾਰਾ ਸਮਾਰਕ ਵਿਖੇ ਵਿਕਾਸ ਕੰਮ ਤੰਜੀ ਨਾਲ ਕਰਵਾਏ ਗਏ ਹਨ, ਜਿਸ ਤਹਿਤ ਇਥੇ ਸ੍ਰੀ ਹਰਮੰਦਿਰ ਸਾਹਿਬ ਤੋਂ ਸਵੇਰ ਅਤੇ ਸ਼ਾਮ ਨੂੰ ਗੁਰਬਾਣੀ ਦਾ ਲਾਈਵ ਕੀਰਤਨ ਸ਼ੁਰੂ ਕਰਨ ਲਈ ਸਮਾਰਕ ਵਿਚ ਓਪਨ ਸਾਊਂਡ ਸਿਸਟਮ ਲਗਾਇਆ ਗਿਆ ਹੈ ਅਤੇ ਇਸ ਤੋਂ ਇਲਾਵਾ ਸਮਾਰਕ ਦੀ ਸੁੰਦਰਤਾ ਲਈ ਵਿਸ਼ੇਸ਼ ਉਪਰਾਲੇ ਵਿੱਢੇ ਗਏ ਹਨ।
ਇਸ ਮੌਕੇ ਰਾਹੁਲ ਵਧੀਕ ਡਿਪਟੀ ਕਮਿਸ਼ਨਰ (ਜ), ਤੇਜਿੰਦਰਪਾਲ ਸਿੰਘ ਸੰਧੂ ਜਨਰਲ ਸਕੱਤਰ, ਜ਼ਿਲਾ ਹੈਰੀਟੇਜ ਸੁਸਾਇਟੀ (ਸਾਬਕਾ ਵਧੀਕ ਡਿਪਟੀ ਕਮਿਸਨਰ ਗੁਰਦਾਸਪੁਰ), ਜਰਨੈਲ ਸਿੰਘ ਬਾਠ ਡਵੀਜ਼ਨਲ ਜੰਗਲਾਤ ਅਫਸਰ, ਹਰਚਰਨ ਸਿੰਘ ਕੰਗ ਜ਼ਿਲ੍ਹਾ ਭੂਮੀ ਰੱਖਿਆ ਅਫਸਰ, ਪ੍ਰੋ. ਰਾਜ ਕੁਮਾਰ ਸ਼ਰਮਾ ਸਕੱਤਰ, ਤੇਜਿੰਦਰ ਸਿੰਘ ਬਾਜਵਾ ਡਿਪਟੀ ਡਾਇਰੈਕਟਰ ਬਾਗਬਾਨੀ ਜ਼ਿਲ੍ਹਾ ਹੈਰੀਟੇਜ ਸੁਸਾਇਟੀ, ਨਿਰਮਲ ਸਿੰਘ ਐਸ.ਡੀ.ਓ ਪੀ.ਡਬਲਿਊ.ਡੀ, ਹਰਮਨਪ੍ਰੀਤ ਸਿੰਘ ਜਾਇੰਟ ਸਕੱਤਰ ਜ਼ਿਲ੍ਹਾ ਹੈਰੀਟੇਜ ਸੁਸਾਇਟੀ, ਰਾਜੀਵ ਕੁਮਾਰ ਸਕੱਤਰ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਤੇ ਦਮਨਜੀਤ ਸਿੰਘ ਰਿਸ਼ਪੈਨਿਸ਼ਟ –ਕਮ-ਗਾਈਡ ਛੋਟਾ ਘੱਲੂਘਾਰਾ ਮੈਮੋਰੀਅਲ ਹਾਜ਼ਰ ਸਨ।