ਗੁਰਦਾਸਪੁਰ, 24 ਜੁਲਾਈ ( ਮੰਨਨ ਸੈਣੀ )। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਜ਼ਿਲੇ ਅੰਦਰ ਅੱਜ ਇਕੋ ਦਿਨ 15,939 ਕੋਵਿਡ ਵਿਰੋਧੀ ਵੈਕਸੀਨ ਲਗਾਈ ਗਈ। ਜ਼ਿਲਾ ਵਾਸੀਆਂ ਨੇ ਵੈਕਸੀਨ ਲਗਾਉਣ ਵਿਚ ਪੂਰਾ ਸਹਿਯੋਗ ਦਿੱਤਾ।
ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਵਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਤੋਂ ਬਚਾਅ ਲਈ ਵੈਕਸੀਨ ਲਗਾਉਣਾ ਬਹੁਤ ਜਰੂਰੀ ਹੈ ਅਤੇ ਇਸ ਪ੍ਰਤੀ ਲੋਕ ਦਿਨੋ ਦਿਨ ਸੰਜੀਦਾ ਹੋ ਰਹੇ ਹਨ, ਜੋ ਵਧੀਆ ਸੰਕੇਤ ਹੈ। ਉਨਾਂ ਦੱਸਿਆ ਕਿ 18 ਸਾਲ ਜਾਂ 18 ਸਾਲ ਤੋਂ ਉੱਪਰ ਉਮਰ ਦਾ ਹਰ ਵਿਅਕਤੀ ਵੈਕਸੀਨ ਲਗਾਉਣ ਲਈ ਯੋਗ ਹੈ ਅਤੇ ਉਨਾਂ ਨੂੰ ਪੂਰੀ ਆਸ ਹੈ ਕਿ ਜਿਹੜੇ ਲੋਕਾਂ ਨੇ ਅਜੇ ਤਕ ਵੈਕਸੀਨ ਨਹੀਂ ਲਗਾਈ, ਉਹ ਵੈਕਸੀਨ ਜਰੂਰ ਲਗਵਾਉਣਗੇ। ਉਨਾਂ ਜ਼ਿਲਾ ਵਾਸੀਆਂ ਨੂੰ ਵੈਕਸੀਨ ਲਗਾਉਣ ਦੇ ਨਾਲ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ।
ਡਿਪਟੀ ਕਮਿਸ਼ਨਰ ਨੇ ਅੱਜ ਦੇ ਵੈਕਸੀਨੇਸ਼ਨ ਅਭਿਆਨ ਲਈ ਸਮੂਹ ਸਿਵਲ ਤੇ ਸਿਹਤ ਅਧਿਕਾਰੀਆਂ ਵਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਧਿਕਾਰੀਆਂ ਨੇ ਇਕ ਟੀਮ ਵਜੋਂ ਪੂਰੀ ਮਿਹਨਤ ਤੇ ਤਨਦੇਹੀ ਨਾਲ ਅੱਜ ਦੇ ਮਿਸ਼ਨ ਨੂੰ ਕਾਮਯਾਬ ਕੀਤਾ।
ਇਸ ਤੋ ਪਹਿਲਾਂ ਅੱਜ ਸਵੇਰੇ ਕਰੀਬ 8 ਵਜੇ ਤੋਂ ਸ਼ੁਰੂ ਹੋਏ ਇਸ ਅਭਿਆਨ ਲਈ ਤਾਇਨਾਤ ਕੀਤੇ ਗਏ ਨੋਡਲ ਅਫਸਰਾਂ ਵਲੋਂ ਬਹਿਰਾਮਪੁਰ, ਔਜਲਾ, ਧਿਆਨਪੁਰ, ਕਲਾਨੋਰ, ਪੰਡੇਰ ਤੇ ਬਟਾਲਾ ਆਦਿ ਵਿਖੇ ਬਣੇ ਵੈਕਸ਼ੀਨੇਸ਼ਨ ਕੇਂਦਰਾਂ ਦਾ ਦੌਰਾ ਕੀਤਾ ਗਿਆ ਤੇ ਵੈਕਸ਼ੀਨੇਸ਼ਨ ਦੇ ਕੰਮ ਦਾ ਜਾਇਜ਼ਾ ਲਿਆ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਨਾਂ ਲੋਕਾਂ ਨੇ ਅਜੇ ਤਕ ਵੈਕਸੀਨ ਨਹੀਂ ਲਗਾਈ, ਉਹ ਵੈਕਸੀਨ ਜਰੂਰ ਲਗਾਉਣ।