ਜਲਦ ਫੜਾਂਗੇ ਮੁਲਜ਼ਮ–ਐੱਸਐੱਸਪੀ
ਗੁਰਦਾਸਪੁਰ,24 ਜੁਲਾਈ ( ਮੰਨਨ ਸੈਣੀ)। ਸ਼ੁੱਕਰਵਾਰ ਰਾਤ ਸਥਾਨਕ ਜੇਲ ਰੋਡ ਵਿਖੇ ਹੈਪੀ ਹਾਈ ਸਕੂਲ ਦੇ ਨੇੜੇ ਕੁਝ ਅਣਪਛਾਤੇ ਹਥਿਆਬੰਦ ਲੁਟੇਰਿਆਂ ਵਲੋਂ ਐਕਟਿਵਾ’ਤੇ ਘਰ ਪਰਤ ਰਹੇ ਇਕ ਪੰਜਾਬੀ ਅਖਬਾਰ ਦੇ ਪੱਤਰਕਾਰ ਰਣਬੀਰ ਆਕਾਸ਼ ਦੇ ਭਰਾ ਉੱਪਰ ਦਾਤਰ ਅਤੇ ਲੋਹੇ ਦੀਆਂ ਸਲਾਖਾਂ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਇਸ ਵਾਰਦਾਤ ਦੌਰਾਨ ਉਹ ਐਕਟਿਵਾ ਸਕੂਟਰ, ਮੋਬਾਇਲ ਤੇ ਪਰਸ ਖੋਹ ਕੇ ਫਰਾਰ ਹੋ ਗਏ। ਜ਼ਖਮੀ ਨੂੰ ਸਥਾਨਕ ਨਿਜੀ ਹਸਪਤਾਲ ਲਿਆਂਦਾ ਗਿਆ ਜਿੱਥੇ ਆਈ ਸੀ ਯੂ ਵਿਚ ਉਸਦਾ ਇਲਾਜ ਚਲ ਰਿਹਾ ਹੈ।
ਇਸ ਸਬੰਧੀ ਹਸਪਤਾਲ ਵਿੱਚ ਜ਼ਖਮੀ ਨੌਜਵਾਨ ਮਨਜੀਤ ਸਿੰਘ ਵਾਸੀ ਮੋਹੱਲਾ ਨੰਗਲ ਕੋਟਲੀ ਗੁਰਦਾਸਪੁਰ ਨੇ ਦਿੱਤੀ ਜਾਣਕਾਰੀ ਵਿਚ ਦੱਸਿਆ ਕਿ ਉਹ ਰਾਤ 11 ਵਜੇ ਕਿਸੇ ਐਮਰਜੈਂਸੀ ਘਰੇਲੂ ਕੰਮ ਵਾਸਤੇ ਘਰ ਤੋਂ ਆਪਣੀ ਚਿੱਟੇ ਰੰਗ ਦੀ ਅਕਟਿਵਾ ਨੰਬਰ ਪੀ ਬੀ 06 ਯੂ 3855 ਲੈ ਕੇ ਬਾਹਰ ਨਿਕਲਿਆ। ਜਦੋਂ 12 ਵਜੇ ਦੇ ਆਸ ਪਾਸ ਵਾਪਿਸ ਘਰ ਪਰਤ ਰਿਹਾ ਸੀ ਤਾਂ ਸਥਾਨਕ ਜੇਲ੍ਹ ਰੋਡ’ਤੇ ਅਚਾਨਕ 2 ਮੋਟਰ ਸਾਈਕਲ ਸਵਾਰਾਂ ਨੇ ਉਸਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਕ ਮੋਟਰ ਸਾਇਕਲ’ਤੇ ਤਿੰਨ ਅਤੇ ਦੂਸਰੇ ਮੋਟਰ ਸਾਇਕਲ ‘ਤੇ 2 ਅਣਪਛਾਤੇ ਨੌਜਵਾਨ ਸਵਾਰ ਸਨ । ਲਿੱਤਰ ਪਿੰਡ ਨੂੰ ਜਾਂਦੀ ਗਲੀ ਨੇੜੇ ਮੁਲਜ਼ਮਾਂ ਨੇ ਉਸਨੂੰ ਰੋਕ ਕੇ ਬਥਵਾਲਾ ਪਿੰਡ ਦਾ ਰਾਹ ਪੁੱਛਿਆ। ਰਾਹ ਦੱਸ ਕੇ ਜਦੋਂ ਉਹ ਮੁੜ ਘਰ ਵੱਲ ਜਾਣ ਲਈ ਐਕਟਿਵਾ ‘ਤੇ ਜ਼ਾ ਰਿਹਾ ਸੀ ਤਾਂ ਹਮਲਾਵਰਾਂ ਵਿੱਚੋ ਇਕ ਨੇ ਦਾਤਰ ਉਸਦੇ ਸਿਰ’ ਤੇ ਮਾਰਿਆ ਜਿਸ ਨਾਲ ਉਹ ਹੇਠਾਂ ਡਿਗ ਪਿਆ। ਬਾਕੀ ਹਮਲਾਵਰਾਂ ਨੇ ਉਸਦੇ ਲੋਹੇ ਦੀਆਂ ਸਲਾਖਾਂ ਦੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਕਿਸੇ ਗੱਡੀ ਦਾ ਹਾਰਨ ਸੁਣਨ ਲੁਟੇਰੇ ਐਕਟਿਵਾ ਸਕੂਟਰ, ਮੋਬਾਇਲ ਫ਼ੋਨ ਅਤੇ ਪਰਸ ਲੈ ਕੇ ਫ਼ਰਾਰ ਹੋ ਗਏ।
ਦੱਸਣਯੋਗ ਹੈ ਕਿ ਜਿਸ ਸੜਕ ਤੇ ਇਹ ਵਾਰਦਾਤ ਹੋਈ ਓਥੇ ਸੜਕ ਦੇ ਇਕ ਪਾਸੇ ਕੇਂਦਰੀਂ ਜੇਲ੍ਹ ਹੈ, ਨਿਜੀ ਹਸਪਤਾਲ਼ ਅਤੇ ਦੂਸਰੇ ਪਾਸੇ ਵੱਡੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਸਰਕਾਰੀ ਕੋਠੀਆਂ ਹਨ।
ਇਸ ਮਾਮਲੇ ਸਬੰਧੀ ਐਸਐਸਪੀ ਡਾ. ਨਾਨਕ ਸਿੰਘ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ ਅਤੇ ਹਮਲਾਵਰਾਂ ਨੂੰ ਛੇਤੀ ਹੀ ਦਬੋਚ ਲਿਆ ਜਾਵੇਗਾ ।