ਹਫ਼ਤੇ ਦੇ ਅੰਦਰ ਸਾਰੇ ਜ਼ਿਲਿਆਂ ਵਿੱਚ ਯੂਨਿਟ ਲਗਾਏ ਜਾਣਗੇ : ਬਲਬੀਰ ਸਿੱਧੂ
ਮੁਫ਼ਤ ਮੁਹੱਈਆ ਕਰਵਾਏ ਜਾ ਰਹੇ ਹਨ ਬੋਲੇਪਣ ਸਬੰਧੀ ਸਾਰੇ ਟੈਸਟ ਅਤੇ ਇਲਾਜ
ਚੰਡੀਗੜ, 19 ਜੁਲਾਈ:ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਵ-ਜਨਮੇ ਅਤੇ ਛੋਟੇ ਬੱਚਿਆਂ ਵਿੱਚ ਬੋਲੇਪਣ (ਘੱਟ ਸੁਣਨ ) ਦੀ ਸਮੱਸਿਆ ਨਾਲ ਨਜਿੱਠਣ ਲਈ ਸੋਮਵਾਰ ਨੂੰ ਯੂਨੀਵਰਸਲ ਨਿਊਬੌਰਨ ਹੀਅਰਿੰਗ ਸਕ੍ਰੀਨਿੰਗ ਪ੍ਰੋਗਰਾਮ ਤਹਿਤ ਆਟੋਮੇਟਿਡ ਆਡਿਟਰੀ ਬ੍ਰੇਨਸਟਮ ਰਿਸਪਾਂਸ ਸਿਸਟਮ (ਏ.ਏ.ਬੀ.ਆਰ.) ਦੀ ਸ਼ੁਰੂਆਤ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਦੱਸਿਆ ਕਿ ਪੰਜਾਬ , ਸੋਹਮ (ਏ.ਏ.ਬੀ.ਆਰ.) ਆਟੋਮਟਿਡ ਆਡੀਟਰੀ ਬ੍ਰੇਨਸਟਮ ਰਿਸਪਾਂਸ ਪ੍ਰਣਾਲੀ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਹੈ। ਉਨਾਂ ਕਿਹਾ ਕਿ ਆਪਣੇ ਕਿਸਮ ਦੀ ਇਸ ਪਲੇਠੀ ਪਹਿਲਕਦਮੀ ਸਦਕਾ ਨਵਜੰਮੇ ਅਤੇ ਛੋਟੇ ਬੱਚਿਆਂ ਵਿੱਚ ਘੱਟ ਸੁਣਨ ਦੀ ਸਮੱਸਿਆ ਦੀ ਪ੍ਰਭਾਵਸਾਲੀ ਢੰਗ ਨਾਲ ਜਾਂਚ ਕੀਤੀ ਜਾ ਸਕੇਗੀ।
ਇਸ ਪ੍ਰੋਗਰਾਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਦੱਸਦਿਆਂ ਸ: ਸਿੱਧੂ ਨੇ ਕਿਹਾ ਕਿ ਇਹ ਬੜਾ ਗੰਭੀਰ ਮਸਲਾ ਹੈ ਅਤੇ ਇਹ ਤਕਨੀਕ ਨਿਸ਼ਚਤ ਤੌਰ ‘ਤੇ ਬੱਚਿਆਂ ਵਿੱਚ ਬੋਲੇਪਣ ਦੇ ਇਲਾਜ ਲਈ ਪੁਰਾਣੀ ਰਵਾਇਤੀ ਸਕ੍ਰੀਨਿੰਗ ਪ੍ਰਣਾਲੀ ਵਿੱਚ ਤਬਦੀਲੀ ਲਿਆਏਗੀ। ਉਨਾਂ ਕਿਹਾ ਕਿ ਬੱਚੇ ਵਿਚ ਸੁਣਨ ਦੀ ਅਯੋਗਤਾ ਦੀ ਜਾਂਚ ਕਰਨ ਤੋਂ ਬਾਅਦ, ਰਾਜ ਸਰਕਾਰ ਕੋਕਲੀਅਰ ਇਮਪਲਾਂਟ ਵੀ ਮੁਫਤ ਮੁਹੱਈਆ ਕਰਵਾਉਂਦੀ ਹੈ ਜੋ ਇਕ ਸਰਜੀਕਲ ਵਿਧੀ ਹੈ ਅਤੇ ਬੋਲੇਪਣ ਦੇ ਸ਼ਿਕਾਰ ਵਿਅਕਤੀਆਂ ਨੂੰ ਸੁਣਨ ਦੀ ਸਮਰੱਥਾ ਪ੍ਰਦਾਨ ਕਰਦਾ ਹੈ।
ਬੋਲੇਪਣ ਨੂੰ ਬੱਚਿਆਂ ਦਾ ਇੱਕ ਵੱਡਾ ਜਮਾਂਦਰੂ ਨੁਕਸ ਦੱਸਦਿਆਂ ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿਚ 5-6 ਪ੍ਰਤੀ ਹਜ਼ਾਰ ਬੱਚੇ ਇਸ ਨੁਕਸ ਨਾਲ ਪੈਦਾ ਹੁੰਦੇ ਹਨ। ਉਨਾਂ ਕਿਹਾ ਕਿ ਹੁਣ ਤੱਕ ਭਾਰਤ ਵਿੱਚ ਮੌਜੂਦਾ ਰਵਾਇਤੀ ਢੰਗ ਨਾਲ ਨਵਜੰਮੇ ਅਤੇ ਛੋਟੇ ਬੱਚਿਆਂ ਵਿਚ ਬੋਲੇਪਣ ਦੀ ਜਾਂਚ ਕਰਨਾ ਬੜਾ ਚੁਣੌਤੀਪੂਰਨ ਰਿਹਾ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਐਨ.ਐਚ.ਐਮ. ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਕੁਮਾਰ ਰਾਹੁਲ ਨੇ ਕਿਹਾ ਕਿ ਪੰਜਾਬ ਸੂਬਾ ਬੋਲੇਪਣ ਦੀ ਪ੍ਰਭਾਵਸ਼ਾਲੀ ਜਾਂਚ ਲਈ ਹੋਰ ਸਾਰੇ ਰਾਜਾਂ ਦੀ ਅਗਵਾਈ ਕਰ ਰਿਹਾ ਹੈ ਅਤੇ ਸਿਹਤ ਵਿਭਾਗ ਪੰਜਾਬ ਸਾਰੇ ਜਿਲਿਆਂ ਨੂੰ ਇਹ ਦੇਸ਼ ਵਿੱਚ ਬਣੀਆਂ ਮਸ਼ੀਨਾਂ ਮੁਹੱਈਆ ਕਰਵਾ ਕੇ ਇਸ ਪ੍ਰੋਗਰਾਮ ਨੂੰ ਜ਼ਮੀਨੀ ਪੱਧਰ ਤੱਕ ਵਧਾਉਣ ਲਈ ਪੂਰੀ ਤਰਾਂ ਤਿਆਰ ਹੈ। ਉਨਾਂ ਕਿਹਾ ਕਿ ਸੁਣਨ ਵਿੱਚ ਕਮਜ਼ੋਰੀ ਦੇ ਇਲਾਜ ਦੀਆਂ ਸੇਵਾਵਾਂ ਪਹਿਲਾਂ ਹੀ ਰਾਸ਼ਟਰੀ ਬਾਲ ਸਵਾਸਥਯ ਕਾਰਯਾਕ੍ਰਮ (ਆਰ.ਬੀ.ਐਸ.ਕੇ.) ਅਧੀਨ ਆਉਂਦੀਆਂ ਹਨ।
ਸਿਹਤ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਡਾ: ਜੀ.ਬੀ. ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਪਹਿਲਾਂ ਹੀ ਆਰ.ਬੀ.ਐਸ.ਕੇ. ਅਧੀਨ ਜਮਾਂਦਰੂ ਰੋਗਾਂ ਜਿਵੇਂ ਕਿ ਕਲੱਬ ਫੁੱਟ, ਸੁਣਨ ਸ਼ਕਤੀ ਦੀ ਘਾਟ ਅਤੇ ਕਲੈਫਟ ਲਿਪਸ ਆਦਿ ਛੋਟੇ ਬੱਚਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ, ਇਹ ਸਫਲਤਾ ਸਮਾਂ ਰਹਿੰਦਿਆਂ ਬਿਮਾਰੀ ਦਾ ਪਤਾ ਲਗਾਉਣ ਅਤੇ ਜਲਦੀ ਇਲਾਜ ਕਰਨ ਵਿੱਚ ਸਹਾਇਤਾ ਕਰੇਗੀ।
ਨੈਸ਼ਨਲ ਪ੍ਰੋਗ੍ਰਾਮ ਫਾਰ ਪ੍ਰਵੈਂਸ਼ਨ ਐਂਡ ਕੰਟਰੋਲ ਆਫ ਡੈਫਨੈਸ (ਐਨ.ਪੀ.ਪੀ.ਸੀ.ਡੀ.) ਦੇ ਨੋਡਲ ਅਧਿਕਾਰੀ ਡਾ. ਬਲਜੀਤ ਕੌਰ ਨੇ ਅੱਗੇ ਦੱਸਿਆ ਕਿ ਇਨਾਂ ਉਪਕਰਣਾਂ ਦੀ ਵਰਤੋਂ ਨਾਲ ਅਸੀਂ ਪੁਰਾਣੇ ਰਵਾਇਤੀ ਢੰਗਾਂ ਨੂੰ ਆਧੁਨਿਕ, ਜਾਂਚੇ-ਪਰਖੇ ਅਤੇ ਠੋਸ ਢੰਗ ਰਾਹੀਂ ਬਦਲ ਸਕਦੇ ਹਾਂ। ਉਨਾਂ ਦੱਸਿਆ ਕਿ ਇਹ ਮਸ਼ੀਨਾਂ ਪੂਰੇ ਪੰਜਾਬ ਵਿੱਚ 22 ਨਿਓ-ਨੈਟਲ ਕੇਂਦਰਾਂ ਤੇ ਉਪਲਬਧ ਹੋਣਗੀਆਂ ਅਤੇ ਬਾਲ ਰੋਗਾਂ ਦੇ ਮਾਹਰਾਂ ਦੀ ਨਿਗਰਾਨੀ ਵਿੱਚ ਹੀ ਬਿਮਾਰੀ ਦੀ ਜਾਂਚ ਕੀਤੀ ਜਾਏਗੀ।
ਡਾ. ਬਲਜੀਤ ਕੌਰ ਨੇ ਅੱਗੇ ਕਿਹਾ ਕਿ ਭਾਰਤ ਵਿੱਚ ਲਗਭਗ 63 ਮਿਲੀਅਨ ਲੋਕ ਘੱਟ ਸੁਣਨ (ਬੋਲੇਪਣ) ਅਤੇ ਇਸ ਨਾਲ ਸਬੰਧਤ ਬਿਮਾਰੀਆਂ ਨਾਲ ਜੂਝ ਰਹੇ ਹਨ ਅਤੇ ਇਹ ਮਸ਼ੀਨ ਨਿਸ਼ਚਤ ਰੂਪ ਵਿੱਚ ਪ੍ਰਭਾਵਸਾਲੀ ਮੁਲਾਂਕਣ ਅਤੇ ਸਮੇਂ ਸਿਰ ਬੋਲੇਪਣ ਨੂੰ ਰੋਕਣ ਵਿੱਚ ਸਹਾਇਤਾ ਕਰੇਗੀ।
ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਸੋਹਮ ਇਨੋਵੇਸ਼ਨ ਲੈਬ ਇੰਡੀਆ ਦੇ ਬਾਨੀ ਅਤੇ ਸੀ.ਈ.ਓ. ਸ੍ਰੀ ਨਿਤਿਨ ਸਿਸੋਦੀਆ, ਜਿਨਾਂ ਨੇ ਇਸ ਏ.ਏ.ਬੀ.ਆਰ. ਪ੍ਰਣਾਲੀ ਦੀ ਕਾਢ ਕੱਢੀ, ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਬੱਚਿਆਂ ਵਿੱਚ ਬੋਲੇਪਣ ਦੀ ਸਮੱਸਿਆ ਨੂੰ ਖਤਮ ਕਰਨਾ ਹੈ ਅਤੇ ਇਹ ਮਸ਼ੀਨ ਸੁਣਨ ਦੀ ਅਯੋਗਤਾ ਵਾਲੇ ਬੱਚਿਆਂ ਲਈ ਵਰਦਾਨ ਸਾਬਤ ਹੋਵੇਗੀ।
ਜ਼ਿਕਰਯੋਗ ਹੈ ਕਿ ਐਨ.ਐਸ.ਐਸ.ਓ. ਦੇ ਸਰਵੇਖਣ ਅਨੁਸਾਰ, ਇਸ ਵੇਲੇ ਇੱਥੇ ਪ੍ਰਤੀ 1 ਲੱਖ ਆਬਾਦੀ ਵਿਚ 291 ਵਿਅਕਤੀ ਥੋੜੇ ਜਾਂ ਪੂਰਨ ਬੋਲੇਪਣ ਦੇ ਸ਼ਿਕਾਰ ਹਨ । ਇਹਨਾਂ ਵਿਚੋਂ ਵੱਡੀ ਪ੍ਰਤੀਸ਼ਤ 0 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਦੀ ਹੈ। ਦੇਸ਼ ਦੀ ਇੰਨੀ ਅਬਾਦੀ ਦਾ ਬੋਲੇਪਣ ਤੋਂ ਗ੍ਰਸਤ ਹੋਣਾ ਗੰਭੀਰ ਰੂਪ ਵਿੱਚ ਆਰਥਿਕਤਾ ਅਤੇ ਉਤਪਾਦਕਤਾ ਦੇ ਭਾਰੀ ਘਾਟੇ ਦਾ ਕਾਰਨ ਬਣਦੀ ਹੈ।
ਇਸ ਮੌਕੇ ਐਮ. ਸੀ. ਐਚ. ਦੇ ਸੂਬਾ ਇੰਚਾਰਜ ਡਾ: ਇੰਦਰਦੀਪ ਕੌਰ, ਆਰ.ਬੀ.ਐਸ.ਕੇ. ਦੇ ਸੂਬਾ ਇੰਚਾਰਜ ਡਾ. ਸੁਖਦੀਪ ਕੌਰ ਅਤੇ ਸਿਹਤ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜਰ ਸਨ।