ਹੋਰ ਪੰਜਾਬ ਵਿਸ਼ੇਸ਼

ਪੰਜ਼ਾਬ ਨੂੰ ਲੈ ਡੁੱਬੀ ਮੁਫ਼ਤਖੋਰੀ ਦੀ ਸਿਆਸਤ

ਪੰਜ਼ਾਬ ਨੂੰ ਲੈ ਡੁੱਬੀ ਮੁਫ਼ਤਖੋਰੀ ਦੀ ਸਿਆਸਤ
  • PublishedJuly 7, 2021

ਬੇਰੋਜ਼ਗਾਰੀ,ਸਿਹਤ ਅਤੇ ਸਿਖਿਆ ਸ਼ਹੂਲਤਾਂ ਦੀ ਕੋਈ ਗੱਲ ਨਹੀਂ ਕਰਦਾ।

ਸਿਆਸੀ ਲਾਲਸਾ,ਨਿੱਜ ਮੁਫ਼ਾਦ ਅਤੇ ਵੋਟਾਂ ਦੀ ਖਾਤਿਰ ਮੁਫ਼ਤਖੋਰੀ ਦਾ ਰਿਵਾਜ਼ ਖਾਸ ਕਰਕੇ ਸੰਨ 1997 ‘ਚ ਅਕਾਲੀ- ਭਾਜਪਾ ਸਰਕਾਰ ਨੇ ਅਰੰਭ ਕੀਤਾ ਸੀ ਜੋ ਹਰ 5 ਸਾਲ ਬਾਦ ਲਗਾਤਾਰ ਵਧਦਾ ਹੀ ਗਿਆ। ਇਸ ਚੰਦਰੀ ਮੁਫ਼ਤਖੋਰੀ ਨੇ ਡਲਕਾਂ ਮਾਰਦੇ ਘੁੱਗ ਵਸਦੇ ਸੋਹਣੇਂ ਪੰਜ਼ਾਬ ਨੂੰ ਘੁਣ ਅਤੇ ਸਿਓਂਕ ਦੀ ਤਰਾ੍ਂ ਅੰਦਰੋ ਅੰਦਰੀ ਬੁਰੀ ਤਰਾ੍ਂ ਖਾ ਲਿਆ ਹੈ।ਸਿਟੇ ਵਜ਼ੋਂ ਪੰਜ਼ਾਬ ਹੁਣ ਕੱਚੀ ਪਿੱਲੀ ਕੰਧ ਦੀ ਤਰਾ੍ਂ ਢਹਿ ਢੇਰੀ ਹੋ ਕੇ ਰਹਿ ਗਿਆ ਹੈ।ਕਰੀਬ 3 ਲੱਖ ਕਰੋੜ ਕਰਜ਼ੇ ਦੇ ਵਿਆਜ਼ ਦੀ ਨਾ ਝੱਲੀ ਜਾਣ ਵਾਲੀ ਭਾਰੀ ਪੰਡ ਅਤੇ ਉਤੋਂ ਮੌਜ਼ੂਦਾ ਅਤੇ ਸਾਬਕਾ ਵਿਧਾਇਕਾਂ ਅਤੇ ਮੰਤਰੀਆਂ ਦੀਆਂ 5-5 ਪੈਨਸਿੰਨਾਂ ਦਾ ਬੋਝ ਪੰਜ਼ਾਬ ਨੂੰ ਸੁਰਤ ਨਹੀਂ ਆਉਂਣ ਦੇ ਰਿਹਾ।ਇੰਨਾਂ ਹੀ ਬੱਸ ਨਹੀਂ ਪੰਜ਼ਾਬ ਦੀ ਆਮਦਨ ਦੇ ਪ੍ਰਭਾਵੀ ਸਰੋਤ ਕੇਬਲ ਨੈਟਵਰਕ,ਰੇਤਾ,ਬੱਜਰੀ,ਮਾਈਨਿੰਗ,ਸ਼ਰਾਬ,ਐਕਸਾਈਜ਼ ਅਤੇ ਅਨੇਕਾਂ ਹੋਰ ਅਹਿਮ ਆਰਥਿਕ ਸਾਧਨ ਵੀ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਕਿਸੇ ਖਾਸ ਘੇਰੇ ‘ਚ ਲਿਆਉਂਣ ਦੀ ਬਜ਼ਾਏ ਕੇਵਲ ਆਪਣੇਂ ਚਹੇਤਿਆਂ ਵਾਸਤੇ ਖੁਲੇ੍ ਛਡ ਛਡੇ।ਜਿਨਾ੍ਂ ਨੂੰ ਕੁੱਝ ਕੁ ਸਿਆਸੀ ਨੇਤਾਵਾਂ ਨੇ ਆਪਣੀਂ ਮਰਜ਼ੀ ਮੁਤਾਬਿਕ ਖੂਬ ਖਾਧਾ ਹੀ ਨਹੀਂ ਸਗੋਂ ਬੁਰੀ ਤਰਾ੍ਂ ਚਰੂੰਡਿਆ ਅਤੇ ਇਹ ਅੱਜ ਵੀ ਬੇਰੋਕ ਜ਼ਾਰੀ ਹੈ

ਪੰਜ਼ਾਬ ਵਿਚਾਰਾ ਅਨੇਕਾਂ ਸਿਆਸੀ ਆਫਤਾਂ ਦੀ ਮਾਰ ਝਲਦਾ ਝਲਦਾ ਸਭ ਕੁੱਝ ਲੁਟਾ ਕੇ ਹੁੁਣ ਬੇਵਸੀ ‘ਚ ਆਪਣੇਂ ਆਪ ਨੂੰ ਨਿਆਸਰਾ ਅਤੇ ਬੁੱਢਾ ਜਿਹਾ ਮਹਿਸੂਸ ਕਰਨ ਲਗ ਪਿਆ ਹੈ। ਦੂਜੇ ਪਾਸੇ ਤਰਸ ਕਰਨ ਦੀ ਬਜ਼ਾਏ ਸਿਆਸੀ ਪਾਰਟੀਆਂ ਦੇ ਨੇਤਾ ਅਜੇ ਵੀ ਦੀਰਘ ਬਿਮਾਰੀ ਦੇ ਮਾਰੇ ਕਮਜ਼ੋਰ ਹੋਏ ਪਏ ਪੰਜ਼ਾਬ ਨੂੰ ਚਰੂੰਡ ਚਰੂੰਡ ਕੇ ਖਾਣ ਤੋਂ ਜ਼ਰਾ ਵੀ ਪਿਛੇ ਨਹੀਂ ਹਟ ਰਹੇ।ਜਿਉਂ ਜਿਉਂ 2022 ਦੀਆਂ ਚੋਣਾਂ ਦਾ ਬੁਖਾਰ ਵਧਦਾ ਜਾ ਰਿਹਾ ਹੈ ਤਿਉਂ ਤਿਉਂ ਰਾਜ ਮਦ ਵਾਲੀ ਕੁਰਸੀ ਹਥਿਆਉਂਣ ਵਾਸਤੇ ਮੁਫ਼ਤ ਮੁਫ਼ਤ ਦੀ ਕਾਂਵਾਂ ਰੌਲੀ ਹੋਰ ਤੇਜ਼ ਹੁੰਦੀ ਜਾ ਰਹੀ ਹੈ।

ਮੂੰਹ ਅੱਡੀ ਬੇਰੋਜ਼ਗਾਰੀ ਨੂੰ ਠੱਲ੍ ਪਾਉਂਣ ਲਈ ,ਘਟੀਆ ਕਿਸਮ ਤੇ ਮਹਿੰਗੀ ਸਿਹਤ ਅਤੇ ਸਿਖਿਆ ਪ੍ਰਣਾਲੀ ਦੇ ਸੁਧਾਰ ਦੀ ਕੋਈ ਸਿਆਸੀ ਪਾਰਟੀ ਦੁਹਾਈ ਨਹੀਂ ਪਾ ਰਹੀ।ਗਲੀਆਂ ‘ਚ ਸ਼ਬਜੀ ਵੇਚਣ ਵਾਲੇ ਜਾਂ ਹੋਰ ਫੇਰੀ ਵਾਲਿਆਂ ਵਾਂਗ ਮੁਫ਼ਤ ਮੁਫ਼ਤ ਦਾ ਹੋਕਾਂ ਦੇ ਰਹੇ ਸਿਆਸੀ ਨੇਤਾਵਾਂ ਦੀ ਕਾਂਵਾਂ ਰੌਲੀ ਨੇ ਲੋਕਾਂ ਦੇ ਕੰਨ ਬੋਲੇ ਕਰ ਛਡੇ ਹਨ।ਹੁਣ ਸਾਇਦ ਪੰਜ਼ਾਬ ਦੇ ਲੋਕ ਇਨਾ੍ਂ ਬਹੁ ਗਿਣਤੀ ਤਿੜਕਮਬਾਜ਼ ਸਿਆਸੀ ਨੇਤਾਵਾਂ ਦੇ ਝੂਠੇ ਸਬਜ਼ਬਾਗਾਂ ਦੇ ਬਹਿਕਾਵੇ ‘ਚ ਨਾ ਆਉਂਣ ਕਿਉਂ ਕਿ ਇੱਕ ਤਾਂ 99 ਫੀ ਸਦੀ ਇਨਾ੍ਂ ਲੀਡਰਾਂ ਨੇ ਬਹੁਤ ਹੀ ਵਾਜ਼ਿਬ ਦਿੱਲੀ ਕਿਸਾਨੀਂ ਅੰਦੋਲਨ ‘ਚ ਜ਼ਰਾ ਜਿੰਨਾਂ ਵੀ ਯੋਗਦਾਨ ਨਹੀਂ ਪਾਇਆ। ਦੂਜਾ ਖਾਸ ਕਰਕੇ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਮੁਫ਼ਤਖੋਰੀ ਪੰਜ਼ਾਬ ਨੂੰ ਕੈਲੀਫੋਰਨੀਆਂ ਨਹੀਂ ਬਣਾ ਸਕੀ,ਮੁਫਤਖੋਰੀ ਪੰਜ਼ਾਬ ਨੂੰ ਮਹਾਂਰਾਜਾ ਰਣਜੀਤ ਸਿੰਘ ਵਰਗਾ ਰਾਜ ਵੀ ਨਹੀਂ ਦੇ ਸਕੀ ਅਤੇ ਨਾ ਹੀ ਪੰਜ਼ਾਬ ਦੇ ਹਰ ਘਰ ਅੰਦਰ ਇੱਕ ਜੀਅ ਨੂੰ ਕੋਈ ਨੌਕਰੀ ਦਿਵਾਉਂਣ “ਚ ਮੁਫਤ ਮੁਫ਼ਤ ਦੀ ਰਟ ਕਾਰਗਰ ਸਾਬਿਤ ਹੋ ਸਕੀ ਹੈ।ਮੁਫ਼ਤਖੋਰੀ ਨੇ ਪੰਜ਼ਾਬ ਦੇ ਚੋਣਵੇਂ ਲੋਕਾਂ ਨੂੰ ਵਿਹਲੇਪਣ ਦੀ ਲਾ-ਇਲਾਜ ਘਾਤਿਕ ਬਿਮਾਰੀ ਨਾਲ ਅਪਾਹਜ ਕਰਕੇ ਪੰਜ਼ਾਬ ਦੇ ਮੰਨੇ ਪ੍ਰਮੰਨੇ ਵਰਕ ਕਲਚਰ ਨੂੰ ਜਰੂਰ ਰਸਾਤਲ ਵੱਲ ਧਕੇਲ ਦਿੱਤਾ ਹੈ।

Joginder Singh Nanowalia


ਹੁਣ ਤਾਂ ਪੰਜ਼ਾਬ ਵਿਚਾਰਾ ਉਡੀਕ ਕਰ ਰਿਹਾ ਹੈ ਕਿ ਕੋਈ ਰਹਿਬਰ ਆਵੇ -ਮੈਨੂੰ ਬਚਾਵੇ !
ਪੰਜ਼ਾਬ ਵਾਸਤੇ ਸੂਫ਼ੀ ਫਕੀਰ ਬਾਬਾ ਫ਼ਰੀਦ ਜੀ ਦਾ ਪਵਿੱਤਰ ਸ਼ਬਦ ਐਨ ਢੁਕਦਾ ਭਾਸ ਰਿਹਾ ਹੈ ਜੀ:;
ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ।।
ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ।।
———————————–

ਦਾਸ:;ਜੋਗਿੰਦਰ ਸਿੰਘ ਨਾਨੋਵਾਲੀਆ
ਵਾਤਾਵਰਣ ਪ੍ਰੇਮੀਂ,96464,00888

ਨੋਟ- ਇਹ ਲੇਖਕ ਦੇ ਵਿਚਾਰ ਹਨ।

Written By
The Punjab Wire